ਪੰਜਾਬ: (ਜਗਦੇਵ ਰੰਚਨਾਂ) : ਚੋਣ ਨਤੀਜਿਆਂ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਮਨਦੀਪ ਸਿੰਘ ਖਾਲਸਾ ਨੇ ਅਕਾਲੀ ਦਲ ਦੀ ਏਕਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ:
- “ਪੂਰੇ ਅਕਾਲੀ ਦਲ ਨੂੰ ਇੱਕਜੁੱਟ ਹੋਣਾ ਚਾਹੀਦਾ ਹੈ। ਕੇਵਲ ਤਦ ਹੀ 2027 ਵਿੱਚ ਕੁਝ ਹਾਸਲ ਕਰ ਸਕਾਂਗੇ।”
- ਆਪਣੀ ਪੰਥਕ ਸਿਆਸਤ ਬਾਰੇ ਸਵਾਲ ‘ਤੇ ਉਨ੍ਹਾਂ ਨੇ ਤਿੱਖਾ ਜਵਾਬ ਦਿੰਦਿਆਂ ਕਿਹਾ—
“ਪੰਥਕ ਹੋਣ ਦਾ ਦਾਅਵਾ ਤਾਂ ਸਭ ਕਰਦੇ ਹਨ, ਪਰ ਜੇ ਸਿੱਖ ਕੈਦੀਆਂ ਦੀ ਰਿਹਾਈ ਯਕੀਨੀ ਬਣਾਈ ਹੁੰਦੀ, ਤਾਂ ਉਹ ਸੱਚਮੁੱਚ ਪੰਥਕ ਹੁੰਦੇ। ਅਸੀਂ ਆਪਣੇ ਪੁਰਾਣੇ ਸਟੈਂਡ ’ਤੇ ਅਡੋਲ ਹਾਂ।”
ਖਾਲਸਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਰੇ ਪੰਥਕ ਧੜਿਆਂ ਨੂੰ ਇਕੱਠਾ ਹੋਣ ਬਾਰੇ ਦਿੱਤੇ ਸੰਦੇਸ਼ ਦੀ ਪੁਸ਼ਟੀ ਵੀ ਕੀਤੀ। ਉਨ੍ਹਾਂ ਕਿਹਾ ਕਿ ਜੇ ਪੰਥਕ ਪਾਰਟੀਆਂ ਸਾਂਝੀ ਬੈਠਕ ਕਰਕੇ ਇੱਕਤਾ ਦਿਖਾਉਣ, ਤਾਂ ਅਗਲੇ ਚੋਣੀ ਮੈਦਾਨ ਵਿੱਚ ਵੱਡੀ ਜਿੱਤ ਯਕੀਨੀ ਹੈ।
ਦੂਜੇ ਸਥਾਨ ‘ਤੇ ਅਕਾਲੀ ਦਲ, ਜਦਕਿ ਖਾਲਸਾ ਨੇ ਦਿਖਾਇਆ ਤੀਜਾ ਸਭ ਤੋਂ ਵੱਧ ਦਮ
ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਨੂੰ 30,558 ਵੋਟਾਂ ਮਿਲਿਆਂ ਉਹ ਦੂਜੇ ਸਥਾਨ ‘ਤੇ ਰਹੀ।
ਤੀਜੇ ਸਥਾਨ ‘ਤੇ ਰਹੇ ਅਕਾਲੀ ਦਲ-ਵਾਰਿਸ ਪੰਜਾਬ ਦੇ ਮਨਦੀਪ ਸਿੰਘ ਖਾਲਸਾ ਨੇ 19,620 ਵੋਟਾਂ ਹਾਸਲ ਕੀਤੀਆਂ। ਖ਼ਾਸ ਗੱਲ ਇਹ ਕਿ ਖਾਲਸਾ ਪਹਿਲੇ ਸੱਤ ਦੌਰਾਂ ਤੱਕ ਚੌਥੇ ਸਥਾਨ ‘ਤੇ ਸਨ, ਪਰ ਅੱਠਵੇਂ ਦੌਰ ਵਿੱਚ ਉਨ੍ਹਾਂ ਨੇ ਕਾਂਗਰਸ ਨੂੰ ਪਿੱਛੇ ਛੱਡ ਕੇ ਤੀਜੇ ਸਥਾਨ ‘ਤੇ ਕਬਜ਼ਾ ਕਰ ਲਿਆ ਅਤੇ ਇਹ ਬਰਕਰਾਰ ਰੱਖਿਆ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਚੋਣੀ ਦੰਗਲ ਵਿੱਚ ‘ਆਪ’ ਉਮੀਦਵਾਰ ਹਰਮੀਤ ਸੰਧੂ ਨੇ ਇੱਕ ਵਾਰ ਫਿਰ ਆਪਣੀ ਮਜ਼ਬੂਤ ਹਾਜ਼ਰੀ ਦਰਜ ਕਰਵਾਈ ਹੈ। ਸੰਧੂ ਨੇ 12,091 ਵੋਟਾਂ ਦੀ ਲੀਡ ਨਾਲ ਜਿੱਤ ਹਾਸਲ ਕੀਤੀ ਅਤੇ ਕੁੱਲ 42,649 ਵੋਟਾਂ ਪ੍ਰਾਪਤ ਕਰਕੇ ਚੌਥੀ ਵਾਰ ਇਸ ਹਲਕੇ ਤੋਂ ਵਿਧਾਇਕ ਬਣੇ ਹਨ।
ਕਾਂਗਰਸ ਉਮੀਦਵਾਰ 15,078 ਵੋਟਾਂ ਨਾਲ ਚੌਥੇ ਸਥਾਨ ਤੇ ਰਹੀ, ਜਦਕਿ ਭਾਜਪਾ ਉਮੀਦਵਾਰ 6,239 ਵੋਟਾਂ ਨਾਲ 10,000 ਦਾ ਅੰਕੜਾ ਵੀ ਨਾ ਛੂਹ ਸਕਿਆ।







