ਜਕਾਰਤਾ, 7 ਨਵੰਬਰ: ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿੱਚ ਅੱਜ ਜੁੰਮੇ ਦੀ ਨਮਾਜ਼ ਦੌਰਾਨ ਇੱਕ ਮਸਜਿਦ ਵਿੱਚ ਹੋਏ ਜ਼ੋਰਦਾਰ ਧਮਾਕੇ ਨੇ ਦਹਿਸ਼ਤ ਫੈਲਾ ਦਿੱਤੀ। ਪ੍ਰਾਪਤ ਜਾਣਕਾਰੀ ਮੁਤਾਬਕ, ਇਹ ਧਮਾਕਾ ਇੱਕ ਹਾਈ ਸਕੂਲ ਦੇ ਅੰਦਰ ਸਥਿਤ ਮਸਜਿਦ ਵਿੱਚ ਹੋਇਆ ਜਿਸ ਕਾਰਨ ਘੱਟੋ-ਘੱਟ 54 ਲੋਕ ਜ਼ਖਮੀ ਹੋ ਗਏ ਹਨ। ਜ਼ਖਮੀਆਂ ਵਿੱਚ ਵਿਦਿਆਰਥੀ, ਅਧਿਆਪਕ ਅਤੇ ਸਥਾਨਕ ਨਿਵਾਸੀ ਸ਼ਾਮਲ ਹਨ ਜੋ ਨਮਾਜ਼ ਲਈ ਇਕੱਠੇ ਹੋਏ ਸਨ।
ਚਸ਼ਮਦੀਦਾਂ ਦੇ ਮੁਤਾਬਕ, ਲਗਾਤਾਰ ਦੋ ਧਮਾਕਿਆਂ ਦੀ ਗੂੰਜ ਨਾਲ ਮਸਜਿਦ ਦੀ ਛੱਤ ਦਾ ਇੱਕ ਹਿੱਸਾ ਡਿੱਗ ਗਿਆ ਅਤੇ ਲੋਕਾਂ ਵਿੱਚ ਭਗਦੜ ਮਚ ਗਈ। ਮੌਕੇ ‘ਤੇ ਤੁਰੰਤ ਪੁਲਿਸ ਅਤੇ ਜਲ ਸੈਨਾ ਦੇ ਅਧਿਕਾਰੀ ਪਹੁੰਚੇ ਜਿਨ੍ਹਾਂ ਨੇ ਇਲਾਕੇ ਨੂੰ ਘੇਰ ਕੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ।
ਜਕਾਰਤਾ ਪੁਲਿਸ ਮੁਖੀ ਅਸੇਪ ਏਡੀ ਸੁਹੇਰੀ ਨੇ ਦੱਸਿਆ ਕਿ ਪ੍ਰਾਰੰਭਿਕ ਜਾਂਚ ਮੁਤਾਬਕ ਧਮਾਕੇ ਮਸਜਿਦ ਦੇ ਲਾਊਡਸਪੀਕਰ ਖੇਤਰ ਦੇ ਨੇੜੇ ਹੋਏ ਹਨ। ਹਾਲਾਂਕਿ ਧਮਾਕਿਆਂ ਦੀ ਅਸਲ ਵਜ੍ਹਾ ਅਜੇ ਤੈਅ ਨਹੀਂ ਹੋਈ ਹੈ। ਪੁਲਿਸ ਦੀ ਬੰਬ ਨਿਰੋਧਕ ਟੀਮ ਨੇ ਇਲਾਕੇ ਦੀ ਤਲਾਸ਼ੀ ਸ਼ੁਰੂ ਕਰ ਦਿੱਤੀ ਹੈ।
ਇਸ ਘਟਨਾ ਵਿੱਚ ਲਗਭਗ 20 ਵਿਦਿਆਰਥੀ ਹਸਪਤਾਲ ਵਿੱਚ ਦਾਖਲ ਕਰਵਾਏ ਗਏ ਹਨ, ਜਿਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਬਾਕੀ ਜ਼ਖਮੀਆਂ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ।
ਮੌਕੇ ਤੋਂ ਮਿਲੀਆਂ ਤਸਵੀਰਾਂ ਵਿੱਚ ਮਸਜਿਦ ਦੀਆਂ ਕੰਧਾਂ ਤੇ ਛੱਤ ਦੇ ਹਿੱਸਿਆਂ ਨੂੰ ਨੁਕਸਾਨ ਹੋਇਆ ਦਿੱਖ ਰਿਹਾ ਹੈ। ਸਥਾਨਕ ਪ੍ਰਸ਼ਾਸਨ ਦੇ ਅਨੁਸਾਰ ਕੁਝ ਲੋਕਾਂ ਨੂੰ ਸੜਨ ਵਾਲੀਆਂ ਸੱਟਾਂ ਆਈਆਂ ਹਨ, ਪਰ ਕਿਸੇ ਦੀ ਜਾਨ ਨਹੀਂ ਗਈ।
ਸੂਤਰਾਂ ਮੁਤਾਬਕ, ਮਸਜਿਦ ਦੇ ਆਲੇ-ਦੁਆਲੇ ਖੋਜ ਦੌਰਾਨ ਇੱਕ ਬਾਡੀ ਵੈਸਟ, ਕੁਝ ਧਾਤੂ ਹਿੱਸੇ ਅਤੇ ਬੰਬ ਬਣਾਉਣ ਵਾਲਾ ਸਮਾਨ ਮਿਲਿਆ ਹੈ, ਪਰ ਇਸ ਬਾਰੇ ਅਧਿਕਾਰਕ ਪੁਸ਼ਟੀ ਅਜੇ ਨਹੀਂ ਕੀਤੀ ਗਈ। ਪੁਲਿਸ ਨੇ ਕਿਹਾ ਹੈ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਧਮਾਕੇ ਦੇ ਅਸਲ ਕਾਰਨ ਬਾਰੇ ਕੁਝ ਕਿਹਾ ਜਾ ਸਕੇਗਾ।







