ਆਰ.ਬੀ.ਆਈ. ਨੇ ਸ਼ੁਰੂ ਕੀਤੀ ‘ਤੁਹਾਡੀ ਪੂੰਜੀ, ਤੁਹਾਡਾ ਅਧਿਕਾਰ’ ਮੁਹਿੰਮ
ਜੈਪੁਰ : ਰਾਜਸਥਾਨ ਵਿੱਚ ਲਗਭਗ 64 ਲੱਖ ਬੈਂਕ ਖਾਤੇ ਅਜਿਹੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਕੁੱਲ ਕਰੀਬ ₹1,800 ਕਰੋੜ ਦੀ ਰਕਮ ਬਿਨਾਂ ਕਿਸੇ ਦਾਅਵੇਦਾਰ ਦੇ ਪਈ ਹੈ। ਇਹ ਰਾਸ਼ੀ ਉਹਨਾਂ ਖਾਤਿਆਂ ਵਿੱਚ ਜਮ੍ਹਾਂ ਹੈ, ਜਿਨ੍ਹਾਂ ਦੇ ਮਾਲਕਾਂ ਨੇ ਲੰਬੇ ਸਮੇਂ ਤੋਂ ਕੋਈ ਲੈਣ-ਦੇਣ ਨਹੀਂ ਕੀਤਾ ਜਾਂ ਉਨ੍ਹਾਂ ਦੀ ਮੌਤ ਹੋ ਚੁੱਕੀ ਹੈ।
ਬੈਂਕਾਂ ਨੇ ਸਪੱਸ਼ਟ ਕੀਤਾ ਹੈ ਕਿ ਉਹ ਇਹ ਰਕਮ ਉਸਦੇ ਅਸਲ ਹਕਦਾਰਾਂ ਤੱਕ ਪਹੁੰਚਾਉਣਾ ਚਾਹੁੰਦੇ ਹਨ, ਪਰ ਇਸ ਲਈ ਜਰੂਰੀ ਹੈ ਕਿ ਖਾਤਾ ਧਾਰਕ ਜਾਂ ਉਨ੍ਹਾਂ ਦੇ ਕਾਨੂੰਨੀ ਵਾਰਿਸ ਖੁਦ ਬੈਂਕ ਨਾਲ ਸੰਪਰਕ ਕਰਨ।

ਰਿਜ਼ਰਵ ਬੈਂਕ ਆਫ਼ ਇੰਡੀਆ (ਆਰ.ਬੀ.ਆਈ.) ਨੇ ਇਸ ਲਈ ਇੱਕ ਵਿਸ਼ੇਸ਼ ਜਾਗਰੂਕਤਾ ਅਭਿਆਨ ‘ਤੁਹਾਡੀ ਪੂੰਜੀ, ਤੁਹਾਡਾ ਅਧਿਕਾਰ’ ਸ਼ੁਰੂ ਕੀਤਾ ਹੈ। ਇਸ ਮੁਹਿੰਮ ਅਧੀਨ ਬੈਂਕਾਂ ਵੱਲੋਂ ਵੱਖ-ਵੱਖ ਕੈਂਪ ਲਗਾ ਕੇ ਲੋਕਾਂ ਨੂੰ ਆਪਣੇ ਲਾਵਾਰਿਸ ਪੈਸੇ ਬਾਰੇ ਜਾਣਕਾਰੀ ਅਤੇ ਉਨ੍ਹਾਂ ਨੂੰ ਪ੍ਰਾਪਤ ਕਰਨ ਦੀ ਪ੍ਰਕਿਰਿਆ ਬਾਰੇ ਸਹਾਇਤਾ ਦਿੱਤੀ ਜਾਵੇਗੀ।
ਆਰ.ਬੀ.ਆਈ. ਨੇ ਕਿਹਾ ਹੈ ਕਿ ਕਈ ਵਾਰ ਲੋਕਾਂ ਨੂੰ ਆਪਣੇ ਹੀ ਪੁਰਾਣੇ ਖਾਤਿਆਂ ਜਾਂ ਨਿਵੇਸ਼ਾਂ ਦੀ ਜਾਣਕਾਰੀ ਨਹੀਂ ਰਹਿੰਦੀ ਜਾਂ ਉਹ ਆਪਣੇ ਜੀਵਨ ਦੌਰਾਨ ਵਾਰਿਸ ਦਾ ਨਾਮ ਦਰਜ ਨਹੀਂ ਕਰਵਾ ਸਕਦੇ। ਇਸ ਕਾਰਨ ਉਨ੍ਹਾਂ ਦੀ ਮੌਤ ਤੋਂ ਬਾਅਦ ਇਹ ਰਕਮ ਬੈਂਕਾਂ ਵਿੱਚ ਅਨਕਲੇਮਡ ਰਹਿ ਜਾਂਦੀ ਹੈ।
ਹੁਣ ਖਾਤਾ ਧਾਰਕ ਜਾਂ ਉਨ੍ਹਾਂ ਦੇ ਵਾਰਿਸ ਆਰ.ਬੀ.ਆਈ. ਦੀ ਅਧਿਕਾਰਤ ਵੈੱਬਸਾਈਟ ਰਾਹੀਂ ਘਰ ਬੈਠੇ ਹੀ ਇਨ੍ਹਾਂ ਖਾਤਿਆਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ ਅਤੇ ਲੋੜੀਂਦੇ ਦਸਤਾਵੇਜ਼ਾਂ ਨਾਲ ਆਪਣੀ ਰਕਮ ਵਾਪਸ ਲੈ ਸਕਦੇ ਹਨ।







