ਰਾਜਪੁਰਾ, ਪਟਿਆਲਾ, 6 ਨਵੰਬਰ (ਜਤਿੰਦਰ ਗਰਗ) — ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ (ਸੀ.ਏ.ਕਿਉ.ਐਮ) ਦੇ ਚੇਅਰਮੈਨ ਰਾਜੇਸ਼ ਵਰਮਾ ਨੇ ਕਿਹਾ ਹੈ ਕਿ ਪੰਜਾਬ ਹੁਣ “ਹਰੀ ਕ੍ਰਾਂਤੀ” ਤੋਂ ਅੱਗੇ ਵੱਧਦੇ ਹੋਏ “ਪਰਾਲੀ ਕ੍ਰਾਂਤੀ” ਵੱਲ ਕਦਮ ਚੁੱਕ ਰਿਹਾ ਹੈ। ਉਹ ਅੱਜ ਪਟਿਆਲਾ ਜ਼ਿਲ੍ਹੇ ਦੇ ਨਾਭਾ ਪਾਵਰ ਲਿਮਟਿਡ, ਤਾਪ ਬਿਜਲੀ ਘਰ ਰਾਜਪੁਰਾ ਵਿਖੇ ਬਾਇਓਮਾਸ ਪੈਲੇਟਸ ਨੂੰ ਕੋਲੇ ਵਿੱਚ ਮਿਲਾਉਣ ਦੀ ਪ੍ਰਕਿਰਿਆ ਦਾ ਜਾਇਜ਼ਾ ਲੈਣ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਦੇ ਨਾਲ ਕਮਿਸ਼ਨ ਦੇ ਮੈਂਬਰ ਸਕੱਤਰ ਤਰੁਨ ਕੁਮਾਰ ਪਿਥੋੜੇ ਵੀ ਮੌਜੂਦ ਸਨ।
ਰਾਜੇਸ਼ ਵਰਮਾ ਨੇ ਕਿਹਾ ਕਿ ਹੁਣ ਕਿਸਾਨ ਪਰਾਲੀ ਨੂੰ ਸਾੜਨ ਦੀ ਥਾਂ ਇਸਨੂੰ ਆਮਦਨ ਦਾ ਸਰੋਤ ਬਣਾਉਣ ਵੱਲ ਵੱਧ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਸਾਲ ਪਿਛਲੇ ਸਾਲਾਂ ਦੇ ਮੁਕਾਬਲੇ ਪਰਾਲੀ ਸਾੜਨ ਦੇ ਮਾਮਲੇ ਘਟੇ ਹਨ, ਜੋ ਪੰਜਾਬ ਸਰਕਾਰ ਦੇ ਯਤਨਾਂ ਦਾ ਨਤੀਜਾ ਹੈ। ਉਨ੍ਹਾਂ ਯਾਦ ਕਰਵਾਇਆ ਕਿ ਪਿਛਲੇ ਸਾਲ ਜਦ ਉਹ 13 ਨਵੰਬਰ ਨੂੰ ਪੰਜਾਬ ਆਏ ਸਨ ਤਾਂ ਸਾਰਾ ਇਲਾਕਾ ਧੂੰਏ ਨਾਲ ਘਿਰਿਆ ਹੋਇਆ ਸੀ, ਪਰ ਇਸ ਵਾਰ ਹਵਾ ਸਾਫ਼ ਹੈ — ਇਹ ਸੂਬੇ ਲਈ ਚੰਗੇ ਬਦਲਾਅ ਦੀ ਨਿਸ਼ਾਨੀ ਹੈ।
ਪੰਜਾਬ ਸਰਕਾਰ ਦੇ ਅਧਿਕਾਰੀਆਂ ਪ੍ਰਿਆਂਕ ਭਾਰਤੀ (ਸਕੱਤਰ, ਸਾਇੰਸ, ਤਕਨਾਲੋਜੀ ਅਤੇ ਵਾਤਾਵਰਣ ਵਿਭਾਗ) ਅਤੇ ਅਰਸ਼ਦੀਪ ਸਿੰਘ ਥਿੰਦ (ਪ੍ਰਬੰਧਕੀ ਸਕੱਤਰ, ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ) ਨੇ ਜਾਣਕਾਰੀ ਦਿੱਤੀ ਕਿ ਸਰਕਾਰ ਮਸ਼ੀਨਾਂ ਦੀ ਉਪਯੋਗਤਾ ਵਧਾਉਣ ਲਈ ਗੰਨੇ ਦੀ ਰਹਿੰਦ-ਖੂੰਹਦ ਸੰਭਾਲਣ ਵਿੱਚ ਵੀ ਤਜਰਬੇ ਕਰ ਰਹੀ ਹੈ, ਤਾਂ ਜੋ ਇਹ ਮਸ਼ੀਨਰੀ ਸਾਲ ਭਰ ਵਰਤੀ ਜਾ ਸਕੇ।
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਵਿੱਚ ਝੋਨੇ ਦੀ ਕਟਾਈ ਲਗਭਗ ਪੂਰੀ ਹੋ ਚੁੱਕੀ ਹੈ ਤੇ 60% ਕਿਸਾਨ ਅਗਲੀ ਫ਼ਸਲ ਬੀਜ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜਾਗਰੂਕਤਾ ਮੁਹਿੰਮਾਂ ਤੇ ਮਸ਼ੀਨਰੀ ਉਪਲਬਧਤਾ ਕਾਰਨ ਇਸ ਵਾਰ ਪਰਾਲੀ ਸਾੜਨ ਦੇ ਮਾਮਲੇ 414 ਤੋਂ ਘਟ ਕੇ 168 ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਇਨ-ਸੀਟੂ ਪ੍ਰਬੰਧਨ ਵੱਲ ਪ੍ਰੇਰਿਤ ਕੀਤਾ ਜਾ ਰਿਹਾ ਹੈ, ਕਿਉਂਕਿ ਇਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਤੇ ਫ਼ਸਲ ਦੀ ਪੈਦਾਵਾਰ ਦੋਵੇਂ ਵਧਦੀਆਂ ਹਨ।
ਨਾਭਾ ਪਾਵਰ ਲਿਮਟਿਡ ਦੇ ਅਧਿਕਾਰੀ ਰਾਜੇਸ਼ ਕੁਮਾਰ, ਦੇਵਦੱਤ ਸਰਮਾ, ਅਤੇ ਗਗਨਵੀਰ ਚੀਮਾ ਨੇ ਚੇਅਰਮੈਨ ਵਰਮਾ ਨੂੰ ਸੁਪਰਕ੍ਰਿਟੀਕਲ ਬੁਆਇਲਰ ਵਿੱਚ ਬਾਇਓਮਾਸ ਪੈਲੇਟਸ ਮਿਲਾਉਣ ਦੀ ਪ੍ਰਕਿਰਿਆ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਇਸ ਮੌਕੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੀ ਚੇਅਰਪਰਸਨ ਰੀਨਾ ਗੁਪਤਾ, ਮੈਂਬਰ ਸਕੱਤਰ ਡਾ. ਲਵਨੀਤ ਕੁਮਾਰ, ਐਸ.ਐਸ.ਪੀ. ਸਰਫਰਾਜ ਆਲਮ, ਐਸ.ਪੀ. ਵੈਭਵ ਚੌਧਰੀ, ਤੇ ਐਸ.ਡੀ.ਐਮ. ਅਵਿਕੇਸ਼ ਗੁਪਤਾ ਸਮੇਤ ਕਈ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਰਹੇ।










