ਵਿਧਾਇਕ ਸ. ਅਜੀਤਪਾਲ ਸਿੰਘ ਕੋਹਲੀ ਅਤੇ ਮੇਅਰ ਸ. ਕੁੰਦਨ ਗੋਗੀਆ ਨੇ ਬਦਲੀ ਪਟਿਆਲੇ ਦੀ ਨੁਹਾਰ
ਪਟਿਆਲਾ, 6 ਨਵੰਬਰ (ਛਤਰਪਾਲ ਸਿੰਘ): ਪਟਿਆਲਾ ਸ਼ਹਿਰ ਵਿੱਚ ਵਿਕਾਸ ਦੇ ਕੰਮਾਂ ਨੂੰ ਹੋਰ ਤੇਜ਼ੀ ਦੇਣ ਲਈ ਵਿਧਾਇਕ ਸ. ਅਜੀਤਪਾਲ ਸਿੰਘ ਕੋਹਲੀ ਅਤੇ ਮੇਅਰ ਸ. ਕੁੰਦਨ ਗੋਗੀਆ ਨੇ ਵਾਰਡ ਨੰਬਰ 49 ਵਿੱਚ 70 ਲੱਖ ਰੁਪਏ ਦੀ ਲਾਗਤ ਨਾਲ ਸੜਕਾਂ ਅਤੇ ਸੀਵਰੇਜ ਪ੍ਰਣਾਲੀ ਦੇ ਨਵੇਂ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ। ਇਸ ਨਾਲ ਸਥਾਨਕ ਨਿਵਾਸੀਆਂ ਨੂੰ ਲੰਬੇ ਸਮੇਂ ਤੋਂ ਚੱਲ ਰਹੀਆਂ ਸਮੱਸਿਆਵਾਂ ਤੋਂ ਰਾਹਤ ਮਿਲਣ ਦੀ ਉਮੀਦ ਹੈ।
ਇਸ ਮੌਕੇ ਸ. ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਪਟਿਆਲਾ ਦੇ ਹਰ ਵਾਰਡ ਵਿੱਚ ਸੰਤੁਲਿਤ ਵਿਕਾਸ ਕਰਨਾ ਸਰਕਾਰ ਦੀ ਪ੍ਰਾਥਮਿਕਤਾ ਹੈ। ਉਨ੍ਹਾਂ ਦੱਸਿਆ ਕਿ ਵਾਰਡ ਨੰਬਰ 49 ਵਿੱਚ ਕਾਫੀ ਸਮੇਂ ਤੋਂ ਸੜਕਾਂ ਦੀ ਹਾਲਤ ਖਰਾਬ ਸੀ ਅਤੇ ਸੀਵਰੇਜ ਪ੍ਰਣਾਲੀ ਪੁਰਾਣੀ ਹੋਣ ਕਾਰਨ ਲੋਕਾਂ ਨੂੰ ਦਿਨਚਰਿਆ ਵਿੱਚ ਮੁਸ਼ਕਲਾਂ ਆ ਰਹੀਆਂ ਸਨ। ਨਵੇਂ ਪ੍ਰੋਜੈਕਟ ਨਾਲ ਇਲਾਕੇ ਨੂੰ ਆਧੁਨਿਕ ਢਾਂਚੇ ਦੀ ਸਹੂਲਤ ਮਿਲੇਗੀ।
ਮੇਅਰ ਸ. ਕੁੰਦਨ ਗੋਗੀਆ ਨੇ ਕਿਹਾ ਕਿ ਨਗਰ ਨਿਗਮ ਸ਼ਹਿਰ ਦੀ ਸਫ਼ਾਈ, ਰੋਸ਼ਨੀ, ਪਾਣੀ ਅਤੇ ਸੜਕਾਂ ਦੇ ਵਿਕਾਸ ਲਈ ਲਗਾਤਾਰ ਯਤਨਸ਼ੀਲ ਹੈ। ਉਨ੍ਹਾਂ ਦੱਸਿਆ ਕਿ ਵਾਰਡ ਨੰਬਰ 49 ਵਿੱਚ ਸ਼ੁਰੂ ਹੋਇਆ ਇਹ ਕੰਮ ਨਾ ਸਿਰਫ਼ ਆਵਾਜਾਈ ਸੁਧਾਰੇਗਾ, ਸਗੋਂ ਬਾਰਿਸ਼ ਦੌਰਾਨ ਪਾਣੀ ਜਮ੍ਹਾ ਹੋਣ ਅਤੇ ਸੀਵਰੇਜ ਦੇ ਜਾਮ ਹੋਣ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲੇਗਾ।
ਸ. ਕੋਹਲੀ ਨੇ ਭਰੋਸਾ ਦਿਵਾਇਆ ਕਿ ਵਿਕਾਸ ਕਾਰਜਾਂ ਦੀ ਗੁਣਵੱਤਾ ‘ਤੇ ਪੂਰੀ ਨਿਗਰਾਨੀ ਰੱਖੀ ਜਾਵੇਗੀ ਅਤੇ ਇਹ ਪ੍ਰੋਜੈਕਟ ਨਿਰਧਾਰਿਤ ਸਮੇਂ ਵਿੱਚ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ “ਅਸੀਂ ਪਟਿਆਲਾ ਨੂੰ ਸਾਫ਼, ਸੁੰਦਰ ਅਤੇ ਆਧੁਨਿਕ ਸ਼ਹਿਰ ਬਣਾਉਣ ਦੇ ਵਾਅਦੇ ‘ਤੇ ਪੂਰੀ ਤਰ੍ਹਾਂ ਕਾਇਮ ਹਾਂ।”
ਇਸ ਮੌਕੇ ਐਮ.ਸੀ. ਨੇਹਾ ਸਿੱਧੂ, ਕਈ ਕੌਂਸਲਰਾਂ, ਸਥਾਨਕ ਨੇਤਾਵਾਂ ਅਤੇ ਇਲਾਕਾ ਨਿਵਾਸੀਆਂ ਨੇ ਵਿਧਾਇਕ ਅਤੇ ਮੇਅਰ ਦਾ ਧੰਨਵਾਦ ਕੀਤਾ। ਲੋਕਾਂ ਨੇ ਆਸ ਜਤਾਈ ਕਿ ਪਟਿਆਲਾ ਸ਼ਹਿਰ ਨੂੰ ਹੋਰ ਸੁਧਰੇ ਹੋਏ ਬੁਨਿਆਦੀ ਢਾਂਚੇ ਨਾਲ ਜਲਦੀ ਹੀ ਨਵੀਂ ਪਹਿਚਾਣ ਮਿਲੇਗੀ।










