ਮੁਹਾਲੀ, 5 ਨਵੰਬਰ (ਜਗਦੇਵ ਰੰਚਨਾਂ) : ਪੰਜਾਬ ਦੇ ਇਤਿਹਾਸ ਵਿੱਚ ਅੱਜ ਦਾ ਦਿਨ ਸੁਨਹਿਰੇ ਅੱਖਰਾਂ ਵਿੱਚ ਦਰਜ ਹੋ ਗਿਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਾਹਪੁਰ ਕੰਢੀ ਡੈਮ ਪ੍ਰੋਜੈਕਟ ਨੂੰ ਲੋਕਾਂ ਦੇ ਨਾਮ ਸਮਰਪਿਤ ਕਰਦਿਆਂ ਕਿਹਾ ਕਿ ਇਹ ਡੈਮ ਮਾਝੇ ਖੇਤਰ ਲਈ ਜੀਵਨ ਰੇਖਾ ਸਾਬਤ ਹੋਵੇਗਾ। ਇਸ ਨਾਲ ਸੂਬੇ ਨੂੰ ਬਿਜਲੀ ਉਤਪਾਦਨ, ਸਿੰਚਾਈ ਤੇ ਰੋਜ਼ਗਾਰ ਦੇ ਖੇਤਰਾਂ ਵਿੱਚ ਨਵੀਂ ਤਾਕਤ ਮਿਲੇਗੀ।
ਭਗਵੰਤ ਮਾਨ ਨੇ ਕਿਹਾ ਕਿ ₹3394.49 ਕਰੋੜ ਦੀ ਲਾਗਤ ਵਾਲੇ ਇਸ ਪ੍ਰੋਜੈਕਟ ਵਿੱਚ ਪੰਜਾਬ ਦਾ ਯੋਗਦਾਨ 80 ਫ਼ੀਸਦੀ ਹੈ, ਜਦਕਿ ਕੇਂਦਰ ਵੱਲੋਂ ਕੇਵਲ 20 ਫ਼ੀਸਦੀ ਯੋਗਦਾਨ ਦਿੱਤਾ ਗਿਆ ਹੈ। ਇਹ ਡੈਮ ਸੂਬੇ ਦੇ ਪਠਾਨਕੋਟ, ਗੁਰਦਾਸਪੁਰ ਅਤੇ ਅੰਮ੍ਰਿਤਸਰ ਦੇ ਹਜ਼ਾਰਾਂ ਕਿਸਾਨਾਂ ਦੇ ਖੇਤਾਂ ਨੂੰ ਪਾਣੀ ਪ੍ਰਦਾਨ ਕਰੇਗਾ।
ਇਸ ਪ੍ਰੋਜੈਕਟ ਤਹਿਤ ਕੁੱਲ 3171.72 ਏਕੜ ਜ਼ਮੀਨ ਹਾਸਲ ਕੀਤੀ ਗਈ ਹੈ — ਜਿਸ ਵਿੱਚੋਂ 1643.77 ਏਕੜ ਪੰਜਾਬ ਦੀ ਤੇ 1527.95 ਏਕੜ ਜੰਮੂ-ਕਸ਼ਮੀਰ ਦੀ ਹੈ। ਪੰਜਾਬ ਦੇ 5000 ਹੈਕਟੇਅਰ ਅਤੇ ਜੰਮੂ-ਕਸ਼ਮੀਰ ਦੇ 32,000 ਹੈਕਟੇਅਰ ਰਕਬੇ ਨੂੰ ਸਿੰਚਾਈ ਦੀ ਸਹੂਲਤ ਮਿਲੇਗੀ।
ਡੈਮ ਨਾਲ 206 ਮੈਗਾਵਾਟ ਸਮਰੱਥਾ ਦੇ ਦੋ ਪਾਵਰ ਹਾਊਸ ਬਣਾਏ ਜਾ ਰਹੇ ਹਨ, ਜਿਨ੍ਹਾਂ ਦਾ 75% ਕੰਮ ਪੂਰਾ ਹੋ ਚੁੱਕਾ ਹੈ। ਪ੍ਰੋਜੈਕਟ ਮਾਰਚ 2026 ਤੱਕ ਪੂਰੀ ਤਰ੍ਹਾਂ ਤਿਆਰ ਹੋ ਜਾਵੇਗਾ, ਜਿਸ ਨਾਲ ਬਿਜਲੀ ਉਤਪਾਦਨ ਦੀ ਸਮਰੱਥਾ ਵਿੱਚ ਵੱਡਾ ਵਾਧਾ ਹੋਵੇਗਾ।
ਮੁੱਖ ਮੰਤਰੀ ਨੇ ਦੱਸਿਆ ਕਿ ਡੈਮ ਨਾਲ ਬਣੀ ਝੀਲ ਨੂੰ ਸੈਰ-ਸਪਾਟੇ ਦਾ ਕੇਂਦਰ ਬਣਾਇਆ ਜਾਵੇਗਾ, ਜਿੱਥੇ ਭਵਿੱਖ ਵਿੱਚ ਵਾਟਰ ਸਪੋਰਟਸ ਦੀਆਂ ਅੰਤਰਰਾਸ਼ਟਰੀ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸ਼ਾਹਪੁਰ ਕੰਢੀ ਡੈਮ ਸਿਰਫ ਬਿਜਲੀ ਤੇ ਪਾਣੀ ਦਾ ਸਰੋਤ ਨਹੀਂ, ਸਗੋਂ ਪੰਜਾਬ ਦੇ ਆਰਥਿਕ ਤੇ ਸਮਾਜਿਕ ਵਿਕਾਸ ਦੀ ਨਵੀਂ ਸ਼ੁਰੂਆਤ ਹੈ।








