ਚੰਡੀਗੜ੍ਹ (ਰਾਜੇਸ਼ ਕੁਮਾਰ) : ਵਿੱਤੀ ਪ੍ਰਬੰਧਨ ਅਤੇ ਪਾਰਦਰਸ਼ੀ ਕਰ ਪ੍ਰਣਾਲੀ ਵਿੱਚ ਕੁਸ਼ਲਤਾ ਦਰਸਾਉਂਦੇ ਹੋਏ ਪੰਜਾਬ ਨੇ ਅਕਤੂਬਰ 2025 ਤੱਕ ਸ਼ੁੱਧ ਜੀ.ਐਸ.ਟੀ. ਕੁਲੈਕਸ਼ਨ ਵਿੱਚ 21.51 ਫ਼ੀਸਦੀ ਵਾਧਾ ਦਰਜ ਕੀਤਾ ਹੈ। ਇਕੱਲੇ ਅਕਤੂਬਰ ਮਹੀਨੇ ਵਿੱਚ ਹੀ ਰਾਜ ਦੀ ਜੀ.ਐਸ.ਟੀ. ਆਮਦਨ 14.46 ਫ਼ੀਸਦੀ ਵਧੀ ਹੈ, ਜੋ ਸੂਬੇ ਦੀ ਮਜ਼ਬੂਤ ਆਰਥਿਕ ਸਥਿਤੀ ਦੀ ਨਿਸ਼ਾਨੀ ਹੈ।
ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਅਪ੍ਰੈਲ ਤੋਂ ਅਕਤੂਬਰ 2025 ਦੌਰਾਨ ਪੰਜਾਬ ਨੂੰ 15,683.59 ਕਰੋੜ ਰੁਪਏ ਦੀ ਸ਼ੁੱਧ ਜੀ.ਐਸ.ਟੀ. ਪ੍ਰਾਪਤੀ ਹੋਈ, ਜੋ ਪਿਛਲੇ ਸਾਲ ਦੇ ਮੁਕਾਬਲੇ 2,776 ਕਰੋੜ ਰੁਪਏ ਵੱਧ ਹੈ। ਅਕਤੂਬਰ ਮਹੀਨੇ ਦੀ ਗੱਲ ਕਰੀਏ ਤਾਂ ਆਮਦਨ 2,061 ਕਰੋੜ ਤੋਂ ਵਧ ਕੇ 2,359 ਕਰੋੜ ਰੁਪਏ ਹੋ ਗਈ।
ਚੀਮਾ ਨੇ ਕਿਹਾ ਕਿ ਇਹ ਵਾਧਾ ਜੀ.ਐਸ.ਟੀ. 2.0 ਸੁਧਾਰਾਂ ਅਤੇ ਹੜ੍ਹਾਂ ਦੇ ਬਾਵਜੂਦ ਪ੍ਰਾਪਤ ਕੀਤਾ ਗਿਆ ਹੈ, ਜਿਸ ਨਾਲ ਸਾਬਤ ਹੁੰਦਾ ਹੈ ਕਿ ਸੂਬੇ ਦੀ ਟੈਕਸ ਪ੍ਰਣਾਲੀ ਹੋਰ ਮਜ਼ਬੂਤ ਅਤੇ ਲਚਕੀਲੀ ਹੋਈ ਹੈ। ਉਨ੍ਹਾਂ ਜ਼ਿਕਰ ਕੀਤਾ ਕਿ ਪੰਜਾਬ ਦੀ ਵਾਧਾ ਦਰ ਰਾਸ਼ਟਰੀ ਔਸਤ 7 ਫ਼ੀਸਦ ਨਾਲੋਂ ਕਈ ਗੁਣਾ ਵੱਧ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਡਾਟਾ ਵਿਸ਼ਲੇਸ਼ਣ, ਡਿਜ਼ਿਟਲ ਨਿਗਰਾਨੀ, ਤੇ ਕਰ ਚੋਰੀ ਵਿਰੋਧੀ ਕਦਮਾਂ ਨਾਲ ਵਿਭਾਗ ਨੇ ਟੈਕਸ ਪਾਲਣਾ ਵਿੱਚ ਮਹੱਤਵਪੂਰਨ ਸੁਧਾਰ ਕੀਤੇ ਹਨ। ਚੀਮਾ ਨੇ ਕਿਹਾ ਕਿ ਸਰਕਾਰ ਇਮਾਨਦਾਰ ਕਰਦਾਤਾਵਾਂ ਨੂੰ ਹੋਰ ਸੁਵਿਧਾਜਨਕ ਪ੍ਰਣਾਲੀ ਦੇਣ ਅਤੇ ਪਾਰਦਰਸ਼ੀ ਟੈਕਸ ਪ੍ਰਬੰਧਨ ਰਾਹੀਂ ਆਰਥਿਕ ਵਿਕਾਸ ਨੂੰ ਹੋਰ ਤੇਜ਼ ਕਰਨ ਲਈ ਵਚਨਬੱਧ ਹੈ।







