ਕਰਾਚੀ (ਚੌਧਰੀ ਛਤਰਪਾਲ ਸਿੰਘ) : ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਸੁਰੱਖਿਆ ਬਲਾਂ ਵੱਲੋਂ ਕੀਤੀਆਂ ਦੋ ਵੱਡੀਆਂ ਖੁਫੀਆ ਜਾਣਕਾਰੀ ਅਧਾਰਿਤ ਕਾਰਵਾਈਆਂ ਦੌਰਾਨ 18 ਅੱਤਵਾਦੀ ਮਾਰੇ ਗਏ ਹਨ। ਫੌਜ ਦੇ ਜਨਸੰਪਰਕ ਵਿਭਾਗ ਆਈ.ਐਸ.ਪੀ.ਆਰ. (Inter-Services Public Relations) ਨੇ ਬੁੱਧਵਾਰ ਰਾਤ ਹੋਈਆਂ ਇਨ੍ਹਾਂ ਕਾਰਵਾਈਆਂ ਦੀ ਪੁਸ਼ਟੀ ਕੀਤੀ ਹੈ।
ਆਈ.ਐਸ.ਪੀ.ਆਰ. ਅਨੁਸਾਰ, ਇਹ ਆਪਰੇਸ਼ਨ ਕਵੇਟਾ ਜ਼ਿਲ੍ਹੇ ਦੇ ਚਿਲਟਨ ਪਹਾੜੀ ਖੇਤਰ ਅਤੇ ਕੇਚ ਜ਼ਿਲ੍ਹੇ ਦੇ ਬੁਲੇਦਾ ਇਲਾਕੇ ਵਿੱਚ ਚਲਾਏ ਗਏ। ਸੁਰੱਖਿਆ ਬਲਾਂ ਵੱਲੋਂ ਅੱਤਵਾਦੀਆਂ ਦੇ ਠਿਕਾਣਿਆਂ ਦਾ ਪਤਾ ਲੱਗਣ ‘ਤੇ ਘੇਰਾਬੰਦੀ ਕੀਤੀ ਗਈ, ਜਿਸ ਦੌਰਾਨ ਦੋਹਾਂ ਪਾਸਿਆਂ ਤੋਂ ਤਿੱਖੀ ਗੋਲੀਬਾਰੀ ਹੋਈ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਚਿਲਟਨ ਖੇਤਰ ਵਿੱਚ 14 ਅੱਤਵਾਦੀ, ਜਦਕਿ ਕੇਚ ਖੇਤਰ ਵਿੱਚ 4 ਅੱਤਵਾਦੀ ਮੁਕਾਬਲੇ ਦੌਰਾਨ ਮਾਰੇ ਗਏ। ਸੁਰੱਖਿਆ ਬਲਾਂ ਨੇ ਮੌਕੇ ਤੋਂ ਵੱਡੀ ਮਾਤਰਾ ਵਿੱਚ ਹਥਿਆਰ, ਗੋਲਾ-ਬਾਰੂਦ ਅਤੇ ਵਿਸਫੋਟਕ ਸਮੱਗਰੀ ਵੀ ਬਰਾਮਦ ਕੀਤੀ ਹੈ।
ਫੌਜ ਨੇ ਦੱਸਿਆ ਕਿ ਖੇਤਰ ਵਿੱਚ ਹੋਰ ਛੁਪੇ ਅੱਤਵਾਦੀਆਂ ਦੀ ਖੋਜ ਲਈ ਅਭਿਆਨ ਜਾਰੀ ਹੈ। ਇਸ ਕਾਰਵਾਈ ਨੂੰ ਪਾਕਿਸਤਾਨ ਦੇ ਸੁਰੱਖਿਆ ਬਲਾਂ ਦੀ ਇੱਕ ਵੱਡੀ ਸਫ਼ਲਤਾ ਵਜੋਂ ਦੇਖਿਆ ਜਾ ਰਿਹਾ ਹੈ।
ਇਸ ਦੌਰਾਨ, ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਸੋਸ਼ਲ ਮੀਡੀਆ ‘ਤੇ ਸੁਰੱਖਿਆ ਬਲਾਂ ਨੂੰ ਸ਼ਲਾਘਾ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਕਾਰਵਾਈ ਅੱਤਵਾਦ ਨੂੰ ਜੜ੍ਹੋਂ ਖਤਮ ਕਰਨ ਲਈ ਸੁਰੱਖਿਆ ਬਲਾਂ ਦੇ ਦ੍ਰਿੜ ਸੰਕਲਪ ਦੀ ਮਿਸਾਲ ਹੈ।







