ਦਿੱਲੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕਰਦਿਆਂ ਉਨ੍ਹਾਂ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੇ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਅਧਿਕਾਰਕ ਸੱਦਾ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਰਾਸ਼ਟਰਪਤੀ ਜੀ ਨੂੰ 18 ਤੋਂ 25 ਨਵੰਬਰ ਦੇ ਦਰਮਿਆਨ ਕਿਸੇ ਵੀ ਤਾਰੀਖ ‘ਤੇ ਆਉਣ ਲਈ ਕਿਹਾ ਗਿਆ ਹੈ ਅਤੇ ਪੰਜਾਬ ਸਰਕਾਰ ਉਨ੍ਹਾਂ ਦਾ ਸਨਮਾਨਪੂਰਵਕ ਸਵਾਗਤ ਕਰੇਗੀ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਰਾਸ਼ਟਰਪਤੀ ਮੁਰਮੂ ਧਾਰਮਿਕ ਪ੍ਰਵਿਰਤੀ ਦੀਆਂ ਹਨ ਅਤੇ ਪਹਿਲਾਂ ਵੀ ਉਹ ਪੰਜਾਬ ਆ ਕੇ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਚੁੱਕੀਆਂ ਹਨ, ਜਿੱਥੇ ਉਨ੍ਹਾਂ ਨੇ ਲੰਗਰ ਛਕਿਆ ਅਤੇ ਕੀਰਤਨ ਸੁਣਿਆ ਸੀ। ਮਾਨ ਨੇ ਦੱਸਿਆ ਕਿ ਇਸ ਵਾਰ ਦੇ ਸਮਾਗਮ ਵਿਸ਼ਵ ਪੱਧਰ ‘ਤੇ ਮਨਾਏ ਜਾਣਗੇ, ਜਿਸ ਲਈ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ, ਦੇਸ਼ ਦੇ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਅਤੇ ਰਾਜਦੂਤਾਂ ਨੂੰ ਵੀ ਸੱਦਾ ਦਿੱਤਾ ਗਿਆ ਹੈ।
ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ 350 ਸਾਲ ਪੂਰੇ ਹੋਣ ’ਤੇ ਸਮਰਪਿਤ ਇਹ ਸਮਾਗਮ 25 ਅਕਤੂਬਰ ਤੋਂ ਸ਼ੁਰੂ ਹੋਣਗੇ। ਸ਼ੁਰੂਆਤ ਦਿੱਲੀ ਦੇ ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ ਵਿੱਚ ਅਰਦਾਸ ਨਾਲ ਕੀਤੀ ਜਾਵੇਗੀ। ਇਸ ਤੋਂ ਬਾਅਦ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਉਪਦੇਸ਼ਾਂ ਤੇ ਜੀਵਨ ਉੱਤੇ ਆਧਾਰਿਤ ਲਾਈਟ ਐਂਡ ਸਾਊਂਡ ਸ਼ੋਅ, ਕੀਰਤਨ ਦਰਬਾਰ ਅਤੇ ਧਾਰਮਿਕ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ।
ਗੁਰੂ ਸਾਹਿਬ ਨਾਲ ਸੰਬੰਧਤ 130 ਪਵਿੱਤਰ ਸਥਾਨਾਂ ‘ਤੇ ਵਿਸ਼ੇਸ਼ ਕੀਰਤਨ ਦਰਬਾਰ ਹੋਣਗੇ। ਇਸ ਦੇ ਨਾਲ-ਨਾਲ ਸ੍ਰੀਨਗਰ, ਗੁਰਦਾਸਪੁਰ, ਫਰੀਦਕੋਟ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਚਾਰ ਨਗਰ ਕੀਰਤਨ ਸ਼ੁਰੂ ਹੋਣਗੇ ਜੋ 22 ਨਵੰਬਰ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਇਕੱਠੇ ਹੋਣਗੇ।
23 ਤੋਂ 25 ਨਵੰਬਰ ਤੱਕ ਹੋਣ ਵਾਲੇ ਮੁੱਖ ਸਮਾਗਮਾਂ ਵਿੱਚ ਸ੍ਰੀ ਅਖੰਡ ਪਾਠ ਸਾਹਿਬ, ਸਰਵ ਧਰਮ ਸੰਮੇਲਨ, ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਅਤੇ ਵਿਸ਼ਾਲ ਕੀਰਤਨ ਦਰਬਾਰ ਸ਼ਾਮਲ ਹੋਣਗੇ। ਸ਼ਰਧਾਲੂਆਂ ਦੀ ਸਹੂਲਤ ਲਈ ਸ੍ਰੀ ਆਨੰਦਪੁਰ ਸਾਹਿਬ ਵਿਖੇ “ਚੱਕ ਨਾਨਕੀ” ਨਾਮ ਦੀ ਟੈਂਟ ਸਿਟੀ ਤਿਆਰ ਕੀਤੀ ਜਾ ਰਹੀ ਹੈ, ਜਿੱਥੇ ਹਜ਼ਾਰਾਂ ਸੰਗਤਾਂ ਦੇ ਰਹਿਣ ਦਾ ਪ੍ਰਬੰਧ ਹੋਵੇਗਾ।
ਇਸ ਮੌਕੇ ਮੁੱਖ ਸਕੱਤਰ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੁੱਖ ਮੰਤਰੀ ਦੇ ਨਾਲ ਮੌਜੂਦ ਸਨ।







