ਹਰਿਆਣਾ : ਹਰਿਆਣਾ ਸਰਕਾਰ ਦੀ ਮਹੱਤਵਾਕਾਂਕਸ਼ੀ ਲਾਡੋ ਲਕਸ਼ਮੀ ਯੋਜਨਾ ਤਹਿਤ ਔਰਤਾਂ ਦੇ ਖਾਤਿਆਂ ਵਿੱਚ 2,100 ਰੁਪਏ ਦੀ ਪਹਿਲੀ ਕਿਸ਼ਤ ਜਲਦੀ ਹੀ ਜਮ੍ਹਾਂ ਹੋਣ ਜਾ ਰਹੀ ਹੈ। ਸਰਕਾਰ ਵੱਲੋਂ ਜਾਰੀ ਜਾਣਕਾਰੀ ਅਨੁਸਾਰ, ਜਿਨ੍ਹਾਂ ਔਰਤਾਂ ਨੇ 25 ਅਕਤੂਬਰ ਤੱਕ ਰਜਿਸਟ੍ਰੇਸ਼ਨ ਕਰਵਾ ਲਿਆ ਹੈ, ਉਨ੍ਹਾਂ ਦੇ ਖਾਤਿਆਂ ਵਿੱਚ ਇਹ ਰਕਮ ਹਰਿਆਣਾ ਦਿਵਸ, 1 ਨਵੰਬਰ ਨੂੰ ਜਮ੍ਹਾਂ ਕਰ ਦਿੱਤੀ ਜਾਵੇਗੀ।
ਇਸ ਯੋਜਨਾ ਅਧੀਨ ਹੁਣ ਤੱਕ ਲਗਭਗ 5.3 ਲੱਖ ਯੋਗ ਔਰਤਾਂ ਨੇ ਰਜਿਸਟ੍ਰੇਸ਼ਨ ਕਰਵਾਇਆ ਹੈ। ਸਰਕਾਰ ਦਾ ਟੀਚਾ ਰਾਜ ਦੀਆਂ ਲਗਭਗ 20 ਲੱਖ ਯੋਗ ਔਰਤਾਂ ਤੱਕ ਇਸ ਯੋਜਨਾ ਦਾ ਲਾਭ ਪਹੁੰਚਾਉਣਾ ਹੈ।
ਰਜਿਸਟ੍ਰੇਸ਼ਨ ਤੇਜ਼ ਕਰਨ ਦੇ ਹੁਕਮ
ਸ਼ੁੱਕਰਵਾਰ ਨੂੰ ਸੀਐਮ ਨਾਇਬ ਸੈਣੀ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ ਅਤੇ ਮੁੱਖ ਸਕੱਤਰ ਅਨੁਰਾਗ ਰਸਤੋਗੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਯੋਜਨਾ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਸਾਰੇ ਜ਼ਿਲ੍ਹਾ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਉਹ ਯੋਗ ਔਰਤਾਂ ਤੱਕ ਘਰ-ਘਰ ਪਹੁੰਚਣ, ਉਨ੍ਹਾਂ ਨੂੰ ਯੋਜਨਾ ਬਾਰੇ ਜਾਣਕਾਰੀ ਦੇਣ ਅਤੇ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਤੁਰੰਤ ਪੂਰਾ ਕਰਨ।
ਇਸ ਲਈ ਗ੍ਰਾਮ ਸਕੱਤਰਾਂ ਤੇ ਪਟਵਾਰੀਆਂ ਦੀ ਮਦਦ ਲੈਣ ਦੇ ਹੁਕਮ ਦਿੱਤੇ ਗਏ ਹਨ। ਨਾਲ ਹੀ ਇਹ ਵੀ ਨਿਰਣੇ ਲਿਆ ਗਿਆ ਹੈ ਕਿ ਸ਼ਨੀਵਾਰ ਤੇ ਐਤਵਾਰ ਨੂੰ ਵੀ ਸਬੰਧਤ ਅਧਿਕਾਰੀ ਤੇ ਕਰਮਚਾਰੀ ਆਪਣੇ ਸਟੇਸ਼ਨਾਂ ’ਤੇ ਹਾਜ਼ਰ ਰਹਿਣਗੇ ਤਾਂ ਜੋ ਕੋਈ ਵੀ ਯੋਗ ਔਰਤ ਰਜਿਸਟ੍ਰੇਸ਼ਨ ਤੋਂ ਵੰਚਿਤ ਨਾ ਰਹੇ।
ਐਪ ਰਾਹੀਂ ਹੀ ਹੋਵੇਗਾ ਅਰਜ਼ੀ ਪ੍ਰਕਿਰਿਆ
ਯੋਜਨਾ ਲਈ ਔਰਤਾਂ ਨੂੰ ‘ਲਾਡੋ ਲਖਮੀ ਯੋਜਨਾ’ ਮੋਬਾਈਲ ਐਪ ਰਾਹੀਂ ਅਰਜ਼ੀ ਦੇਣੀ ਪਵੇਗੀ, ਜੋ ਕਿ ਗੂਗਲ ਪਲੇ ਸਟੋਰ ’ਤੇ ਉਪਲਬਧ ਹੈ। ਰਜਿਸਟ੍ਰੇਸ਼ਨ ਲਈ ਔਰਤਾਂ ਨੂੰ ਆਪਣੀਆਂ ਵਿਅਕਤੀਗਤ ਤੇ ਬੈਂਕ ਸੰਬੰਧੀ ਜਾਣਕਾਰੀਆਂ ਦਰਜ ਕਰਵਾਉਣੀਆਂ ਪੈਣਗੀਆਂ।
ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਕੁਝ ਔਰਤਾਂ ਜਾਣਕਾਰੀ ਜ਼ਿਆਦਾ ਮੰਗੀ ਜਾਣ ਕਾਰਨ ਹੁਣ ਤੱਕ ਰਜਿਸਟ੍ਰੇਸ਼ਨ ਨਹੀਂ ਕਰਵਾ ਰਹੀਆਂ। ਪਰ ਸਰਕਾਰ ਨੂੰ ਵਿਸ਼ਵਾਸ ਹੈ ਕਿ ਪਹਿਲੀ ਕਿਸ਼ਤ ਮਿਲਣ ਤੋਂ ਬਾਅਦ ਰਜਿਸਟ੍ਰੇਸ਼ਨ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਵੇਗਾ।
ਲਾਡੋ ਲਕਸ਼ਮੀ ਯੋਜਨਾ ਦਾ ਟੀਚਾ
ਇਸ ਯੋਜਨਾ ਦਾ ਮਕਸਦ ਰਾਜ ਦੀਆਂ ਔਰਤਾਂ ਨੂੰ ਆਰਥਿਕ ਮਜ਼ਬੂਤੀ ਅਤੇ ਸਵਾਲੰਬਨ ਵੱਲ ਪ੍ਰੇਰਿਤ ਕਰਨਾ ਹੈ। ਹਰਿਆਣਾ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਸ ਸਕੀਮ ਦੇ ਹੋਰ ਹਿੱਸੇ ਵੀ ਲਾਗੂ ਕੀਤੇ ਜਾਣਗੇ, ਜਿਨ੍ਹਾਂ ਨਾਲ ਔਰਤਾਂ ਨੂੰ ਵੱਖ-ਵੱਖ ਪੜਾਅ ’ਤੇ ਆਰਥਿਕ ਸਹਾਇਤਾ ਮਿਲੇਗੀ।







