ਪਟਿਆਲਾ, 11 ਮਾਰਚ:
ਭਾਸ਼ਾ ਵਿਭਾਗ ਪੰਜਾਬ ਵੱਲੋਂ ਡਾ. ਸੁਰਜੀਤ ਪਾਤਰ ਯੁਵਾ ਸਾਹਿਤ ਪੁਰਸਕਾਰ ਲਈ ਪੁਸਤਕਾਂ ਦੀ ਮੰਗ ਕੀਤੀ ਗਈ ਹੈ। ਵਿਭਾਗ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਨਵੰਬਰ ਮਹੀਨੇ ਮਨਾਏ ਜਾਣ ਵਾਲੇ ਪੰਜਾਬੀ ਮਾਹ ਦੌਰਾਨ ਉਕਤ ਪੁਰਸਕਾਰ ਵਿਜੇਤਾ ਨੂੰ ਪ੍ਰਦਾਨ ਕੀਤਾ ਜਾਵੇਗਾ। ਇਸ ਪੁਰਸਕਾਰ ਵਿੱਚ ਇਕ ਲੱਖ ਰੁਪਏ ਨਕਦ, ਇਕ ਸਨਮਾਨ ਚਿੰਨ੍ਹ, ਸ਼ਾਲ ਆਦਿ ਦਿੱਤੇ ਜਾਣਗੇ। ਉਕਤ ਪੁਰਸਕਾਰ ਲਈ 01 ਜਨਵਰੀ, 2024 ਤੋਂ 31 ਦਸੰਬਰ, 2024 ਤੱਕ ਛਪੀਆਂ ਪੰਜਾਬੀ ਭਾਸ਼ਾ ਦੀਆਂ ਕਿਸੇ ਵੀ ਵੰਨਗੀ ਦੀਆਂ ਪੁਸਤਕਾਂ ਦੀਆਂ ਚਾਰ ਪੁਸਤਕਾਂ ਬਿਨੈਪੱਤਰ ਸਮੇਤ ਦਸਤੀ ਜਾਂ ਡਾਕ ਰਾਹੀਂ ਭਾਸ਼ਾ ਵਿਭਾਗ ਦੇ ਮੁੱਖ ਦਫ਼ਤਰ, ਭਾਸ਼ਾ ਭਵਨ, ਸ਼ੇਰਾਂ ਵਾਲਾ ਗੇਟ, ਪਟਿਆਲਾ ਵਿਖੇ 30 ਅਪ੍ਰੈਲ, 2025 ਤੱਕ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਹਨ।
ਸ. ਜ਼ਫ਼ਰ ਨੇ ਦੱਸਿਆ ਕਿ ਇਸ ਪੁਰਸਕਾਰ ਲਈ ਸਰਕਾਰ ਵੱਲੋਂ ਬਣਾਏ ਗਏ ਨਿਯਮ ਤਹਿਤ ਇਹ ਪੁਰਸਕਾਰ ਮੁਕਾਬਲੇ ਦੇ ਆਧਾਰ ਤੇ ਦਿੱਤਾ ਜਾਵੇਗਾ। ਮੁਕਾਬਲੇ ਵਿਚ ਭਾਗ ਲੈਣ ਲਈ ਕੇਵਲ ਉਹ ਪੁਸਤਕ ਹੀ ਸ਼ਾਮਲ ਕੀਤੀ ਜਾ ਸਕੇਗੀ ਜੋ ਅਧਿਸੂਚਿਤ ਸਮੇਂ/ਸਾਲ ਦੌਰਾਨ ਪ੍ਰਕਾਸ਼ਿਤ ਹੋਈ ਹੋਵੇ। ਕਿਸੇ ਵੀ ਵਿਧਾ ਦੀ ਪੰਜਾਬੀ ‘ਚ ਪੁਸਤਕ ਲਿਖਣ ਵਾਲਾ ਵਿਦਿਆਰਥੀ ਇਸ ਪੁਰਸਕਾਰ ਲਈ ਦਾਅਵੇਦਾਰ ਹੋ ਸਕਦਾ ਹੈ। ਵਿਦਿਆਰਥੀ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਰਹਿੰਦਾ ਅਤੇ ਪੜ੍ਹਦਾ ਹੋ ਸਕਦਾ ਹੈ। ਕਿਸੇ ਵੀ ਸਕੂਲ/ਕਾਲਜ/ਯੂਨੀਵਰਸਿਟੀ ਦਾ ਵਿਦਿਆਰਥੀ ਜਿਸ ਦੀ ਉਮਰ 25 ਸਾਲ ਤੋਂ ਘੱਟ ਹੋਵੇ, ਆਪਣੀ ਐਂਟਰੀ ਭੇਜ ਸਕਦਾ ਹੈ।
ਸਕੂਲ/ਕਾਲਜ ਦਾ ਪ੍ਰਿੰਸੀਪਲ/ਯੂਨੀਵਰਸਿਟੀ ਦੇ ਵਿਭਾਗ ਦਾ ਮੁਖੀ ਬਿਨੈ-ਪੱਤਰ ਦੇਣ ਵਾਲੇ ਵਿਦਿਆਰਥੀ ਦੀ ਪੁਸਤਕ ਦੀ ਮੌਲਿਕਤਾ ਸਬੰਧੀ ਸਰਟੀਫਿਕੇਟ ਦੇਵੇਗਾ। ਭਾਸ਼ਾ ਵਿਭਾਗ ਯਕੀਨੀ ਬਣਾਏਗਾ ਕਿ ਅਜਿਹੀਆਂ ਪੁਸਤਕਾਂ ਨੂੰ ਮੁਕਾਬਲੇ ਵਿਚ ਸ਼ਾਮਲ ਨਾ ਕੀਤਾ ਜਾਵੇ ਜਿਸ ਵਿਚ ਕੋਈ ਇਤਰਾਜ਼ਯੋਗ ਸਮੱਗਰੀ ਹੋਵੇ। ਆਮ ਤੌਰ ਤੇ ਮੁਲਾਂਕਣ ਤਿੰਨ ਵਿਦਵਾਨਾਂ ਤੋਂ ਕਰਵਾਇਆ ਜਾਵੇਗਾ ਪਰ ਲੋੜ ਪੈਣ ਤੇ ਡਾਇਰੈਕਟਰ, ਭਾਸ਼ਾ ਵਿਭਾਗ ਨੂੰ ਅਧਿਕਾਰ ਹੋਵੇਗਾ ਕਿ ਉਹ ਚੌਥਾ ਮੁਲਾਂਕਣ ਕਰਤਾ ਨਿਯੁਕਤ ਕਰ ਸਕਦਾ ਹੈ। ਇਨ੍ਹਾਂ ਨਿਯਮਾਂ ਵਿੱਚ ਕਿਸੇ ਵੀ ਸਮੇਂ ਤਬਦੀਲੀ ਕਰਨ ਸਬੰਧੀ ਸਰਕਾਰ ਦੇ ਹੱਕ ਰਾਖਵੇਂ ਹੋਣਗੇ। ਉਕਤ ਪੁਰਸਕਾਰ ਲਈ ਬਿਨੈ-ਪੱਤਰ ਦਾ ਪ੍ਰੋਫਾਰਮਾ ਵਿਭਾਗ ਦੀ ਵੈਬਸਾਈਟ www.bhashavibhagpunjab.org ਜਾਂ ਫੇਸਬੁੱਕ ਤੋਂ ਪ੍ਰਾਪਤ (ਡਾਊਨਲੋਡ) ਕੀਤਾ ਸਕਦਾ ਹੈ।