ਹਰਿਆਣਾ – ਆਉਣ ਵਾਲੀਆਂ ਹਰਿਆਣਾ ਰਾਜ ਖੇਡਾਂ 2025 ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਲਈ ਖੇਡ ਵਿਭਾਗ ਨੇ ਇਕ ਮਹੱਤਵਪੂਰਨ ਸੂਚਨਾ ਜਾਰੀ ਕੀਤੀ ਹੈ। ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਇਨ੍ਹਾਂ ਖੇਡਾਂ ਵਿੱਚ ਭਾਗ ਲੈਣ ਤੋਂ ਬਾਅਦ ਮਿਲਣ ਵਾਲੇ ਸਰਟੀਫਿਕੇਟਾਂ ਦੇ ਆਧਾਰ ‘ਤੇ ਸਪੋਰਟਸ ਗ੍ਰੇਡੇਸ਼ਨ ਸਰਟੀਫਿਕੇਟ ਜਾਰੀ ਨਹੀਂ ਕੀਤੇ ਜਾਣਗੇ।
ਵਿਭਾਗ ਦੇ ਪ੍ਰਮੁੱਖ ਸਕੱਤਰ ਵੱਲੋਂ ਹਰਿਆਣਾ ਓਲੰਪਿਕ ਐਸੋਸੀਏਸ਼ਨ (HOA) ਨੂੰ ਜਾਰੀ ਕੀਤੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਵਿਭਾਗ ਦੇ ਧਿਆਨ ਵਿੱਚ ਆਇਆ ਹੈ ਕਿ HOA ਵੱਲੋਂ 2 ਤੋਂ 8 ਨਵੰਬਰ ਤੱਕ ਪੰਚਕੂਲਾ ਵਿੱਚ ਹੋ ਰਹੀਆਂ ਰਾਜ ਖੇਡਾਂ ਦੇ ਪ੍ਰਚਾਰ ਵਿੱਚ ਇਹ ਗਲਤ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਨ੍ਹਾਂ ਖੇਡਾਂ ਦੇ ਸਰਟੀਫਿਕੇਟਾਂ ਨਾਲ ਖਿਡਾਰੀਆਂ ਨੂੰ ਗਰੇਡਿੰਗ ਦੇ ਲਾਭ ਮਿਲਣਗੇ।
ਖੇਡ ਵਿਭਾਗ ਨੇ 15 ਨਵੰਬਰ 2018 ਨੂੰ ਜਾਰੀ ਨੋਟੀਫਿਕੇਸ਼ਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਿਰਫ਼ ਉਹੀ ਮੁਕਾਬਲੇ ਗਰੇਡਿੰਗ ਲਈ ਵੈਧ ਮੰਨੇ ਜਾਣਗੇ ਜੋ ਵਿਭਾਗ ਦੁਆਰਾ ਅਧਿਕਾਰਤ ਤੌਰ ‘ਤੇ ਪ੍ਰਵਾਨਿਤ ਅਤੇ ਸੂਚੀਬੱਧ ਹਨ। ਇਸ ਸਮੇਂ, ਹਰਿਆਣਾ ਰਾਜ ਖੇਡਾਂ ਇਸ ਸੂਚੀ ਵਿੱਚ ਸ਼ਾਮਲ ਨਹੀਂ ਹਨ।
ਵਿਭਾਗ ਨੇ ਖਿਡਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਮੁਕਾਬਲੇ ਵਿੱਚ ਹਿੱਸਾ ਲੈਣ ਤੋਂ ਪਹਿਲਾਂ ਉਸਦੀ ਮਾਨਤਾ ਦੀ ਪੁਸ਼ਟੀ ਕਰ ਲੈਣ ਤਾਂ ਜੋ ਭਵਿੱਖ ਵਿੱਚ ਨੌਕਰੀ ਜਾਂ ਸਕਾਲਰਸ਼ਿਪ ਗਰੇਡਿੰਗ ਦੇ ਮਾਮਲਿਆਂ ਵਿੱਚ ਉਲਝਣ ਨਾ ਹੋਵੇ।
ਇਸ ਪੱਤਰ ਦੀ ਕਾਪੀ ਖੇਡ ਮੰਤਰੀ, ਖੇਡ ਵਿਭਾਗ ਦੇ ਡਾਇਰੈਕਟਰ ਜਨਰਲ ਅਤੇ ਵਧੀਕ ਡਾਇਰੈਕਟਰ (ਪ੍ਰਸ਼ਾਸਨ) ਨੂੰ ਵੀ ਭੇਜੀ ਗਈ ਹੈ ਤਾਂ ਜੋ ਹੁਕਮਾਂ ਦੀ ਪਾਲਣਾ ਯਕੀਨੀ ਬਣਾਈ ਜਾ ਸਕੇ।








