ਸ਼ਿਮਲਾ, 18 ਅਕਤੂਬਰ: ਮੌਸਮ ਵਿੱਚ ਆਏ ਬਦਲਾਅ ਨਾਲ ਹਿਮਾਚਲ ਪ੍ਰਦੇਸ਼ ਵਿੱਚ ਠੰਢ ਵਧ ਗਈ ਹੈ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਨੇ ਅੱਜ ਯੈਲੋ ਅਲਰਟ ਜਾਰੀ ਕੀਤਾ ਹੈ, ਜਿਸ ਵਿੱਚ ਮੰਡੀ, ਬਿਲਾਸਪੁਰ ਅਤੇ ਹਮੀਰਪੁਰ ਜ਼ਿਲ੍ਹਿਆਂ ਲਈ ਸੰਘਣੀ ਧੁੰਦ ਦੀ ਚੇਤਾਵਨੀ ਦਿੱਤੀ ਗਈ ਹੈ। ਵਿਭਾਗ ਅਨੁਸਾਰ, ਇਨ੍ਹਾਂ ਖੇਤਰਾਂ ਵਿੱਚ ਸਵੇਰੇ ਦ੍ਰਿਸ਼ਟੀ 50 ਮੀਟਰ ਤੱਕ ਘੱਟ ਸਕਦੀ ਹੈ, ਜਿਸ ਨਾਲ ਆਵਾਜਾਈ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।
ਡਰਾਈਵਰਾਂ ਨੂੰ ਸਾਵਧਾਨੀ ਨਾਲ ਗੱਡੀਆਂ ਚਲਾਉਣ ਅਤੇ ਰਫ਼ਤਾਰ ਘੱਟ ਰੱਖਣ ਦੀ ਸਲਾਹ ਦਿੱਤੀ ਗਈ ਹੈ। ਮੌਸਮ ਵਿਭਾਗ ਨੇ ਕਿਹਾ ਕਿ ਧੁੰਦ ਦੂਰ ਹੋਣ ਤੋਂ ਬਾਅਦ ਇਨ੍ਹਾਂ ਖੇਤਰਾਂ ਦਾ ਤਾਪਮਾਨ ਹੋਰ ਘਟਣ ਦੀ ਸੰਭਾਵਨਾ ਹੈ।
ਹਾਲਾਂਕਿ ਘੱਟੋ-ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਇਸ ਸਮੇਂ ਆਮ ਨਾਲੋਂ ਕੁਝ ਉੱਪਰ ਹੈ, ਪਰ ਰਾਤ ਦਾ ਤਾਪਮਾਨ ਹੁਣ ਕਮ ਹੋਣਾ ਸ਼ੁਰੂ ਹੋ ਗਿਆ ਹੈ। ਪਿਛਲੇ 24 ਘੰਟਿਆਂ ਦੌਰਾਨ ਊਨਾ, ਕਾਂਗੜਾ ਅਤੇ ਮੰਡੀ ਵਿੱਚ ਰਾਤਾਂ ਸ਼ਿਮਲਾ ਨਾਲੋਂ ਵੱਧ ਠੰਢੀਆਂ ਰਹੀਆਂ। ਸ਼ਿਮਲਾ ਵਿੱਚ ਘੱਟੋ-ਘੱਟ ਤਾਪਮਾਨ 14.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 3.3 ਡਿਗਰੀ ਵੱਧ ਹੈ।
ਪਾਲਮਪੁਰ ਵਿੱਚ ਘੱਟੋ-ਘੱਟ ਤਾਪਮਾਨ 11.2 ਡਿਗਰੀ ਸੈਲਸੀਅਸ ਰਿਹਾ, ਜੋ ਆਮ ਨਾਲੋਂ 2.8 ਡਿਗਰੀ ਘੱਟ ਹੈ। ਧਰਮਸ਼ਾਲਾ, ਮਨਾਲੀ ਅਤੇ ਸੋਲਨ ਵਿੱਚ ਵੀ ਰਾਤਾਂ ਸ਼ਿਮਲਾ ਨਾਲੋਂ ਵੱਧ ਠੰਢੀਆਂ ਰਹੀਆਂ।
ਮੌਸਮ ਵਿਭਾਗ ਦੇ ਅਨੁਸਾਰ, ਅਗਲੇ ਤਿੰਨ ਦਿਨਾਂ ਤੱਕ ਮੌਸਮ ਜ਼ਿਆਦਾਤਰ ਸਾਫ਼ ਰਹੇਗਾ, ਪਰ 21 ਅਕਤੂਬਰ ਤੋਂ ਉੱਚ-ਉਚਾਈ ਵਾਲੇ ਖੇਤਰਾਂ ਵਿੱਚ ਮੌਸਮ ਵਿਗੜਣ ਦੀ ਸੰਭਾਵਨਾ ਹੈ। ਇਸ ਦੌਰਾਨ ਕਿਨੌਰ, ਲਾਹੌਲ-ਸਪਿਤੀ ਅਤੇ ਚੰਬਾ ਦੀਆਂ ਉੱਚੀਆਂ ਥਾਵਾਂ ’ਤੇ ਹਲਕੀ ਬਰਫ਼ਬਾਰੀ ਹੋ ਸਕਦੀ ਹੈ।







