Homeਪਟਿਆਲਾ ਅਪਡੇਟਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਅਧਿਆਪਕ—ਲੇਖਿਕਾ ਮਨਿੰਦਰ ਕੌਰ ਦੇ ਬਾਲ ਕਾਵਿ—ਸੰਗ੍ਰਹਿ ‘ਚੱਟ...

ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਅਧਿਆਪਕ—ਲੇਖਿਕਾ ਮਨਿੰਦਰ ਕੌਰ ਦੇ ਬਾਲ ਕਾਵਿ—ਸੰਗ੍ਰਹਿ ‘ਚੱਟ ਗਈ ਮਲਾਈ’ ਦਾ ਲੋਕ—ਅਰਪਣ

ਬੱਚਿਆਂ ਦੇ ਚਰਿੱਤਰ ਨਿਰਮਾਣ ਵਿਚ ਬਾਲ ਸਾਹਿਤ ਦੀ ਅਹਿਮ ਭੂਮਿਕਾ— ਡਾ. ਦਰਸ਼ਨ ਸਿੰਘ ‘ਆਸ਼ਟ’

ਭਾਸ਼ਾ ਵਿਭਾਗ ਦੇ ਸਾਬਕਾ ਡਾਇਰੈਕਟਰ ਗੁਰਸ਼ਰਨ ਕੌਰ, ਤਰਸੇਮ (ਬਰਨਾਲਾ) ਅਤੇ ਚਰਨਜੀਤ ਸਿੰਘ ਗਰੋਵਰ ਨੇ ਕੀਤੀ ਵਿਸ਼ੇਸ਼ ਸ਼ਮੂਲੀਅਤ       


ਪਟਿਆਲਾ, 12 ਅਕਤੂਬਰ, ਅੱਜ ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਪੰਜਾਬ ਸਿੱਖਿਆ ਵਿਭਾਗ ਦੀ ਅਧਿਆਪਕ—ਲੇਖਿਕਾ ਮਨਿੰਦਰ ਕੌਰ ਦੇ ਪਲੇਠੇ ਬਾਲ ਕਾਵਿ—ਸੰਗ੍ਰਹਿ ‘ਚੱਟ ਗਈ ਮਲਾਈ’ ਦਾ ਲੋਕ—ਅਰਪਣ ਭਾਸ਼ਾ ਵਿਭਾਗ,ਪੰਜਾਬ,ਪਟਿਆਲਾ ਦੇ ਲੈਕਚਰ ਹਾਲ ਵਿਖੇ ਕੀਤਾ ਗਿਆ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’, ਭਾਸ਼ਾ ਵਿਭਾਗ,ਪੰਜਾਬ,ਪਟਿਆਲਾ ਦੇ ਸਾਬਕਾ ਡਾਇਰੈਕਟਰ ਮੈਡਮ ਗੁਰਸ਼ਰਨ ਕੌਰ,ਸਾਹਿਤ ਅਕਾਦਮੀ ਬਾਲ ਸਾਹਿਤ ਪੁਰਸਕਾਰ ਵਿਜੇਤਾ ਤਰਸੇਮ (ਬਰਨਾਲਾ) ਤੋਂ ਇਲਾਵਾ ਪੰਜਾਬੀ ਵਿਕਾਸ ਮੰਚ ਪੰਜਾਬ ਦੇ ਕਨਵੀਨਰ ਸ. ਚਰਨਜੀਤ ਸਿੰਘ ਗਰੋਵਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ) ਪਟਿਆਲਾ ਮੈਡਮ ਮਨਵਿੰਦਰ ਕੌਰ ਭੁੱਲਰ ਅਤੇ ਕਵੀ ਸ੍ਰੀ ਜੰਗ ਸਿੰਘ ਫੱਟੜ ਸ਼ਾਮਿਲ ਸਨ।

ਸਮਾਗਮ ਦੇ ਆਰੰਭ ਵਿਚ ਡਾ. ਦਰਸ਼ਨ ਸਿੰਘ ‘ਆਸ਼ਟ’ ਨੇ ਹਾਜ਼ਰੀਨ ਦਾ ਸੁਆਗਤ ਕਰਦਿਆਂ ਮਨਿੰਦਰ ਕੌਰ ਦੇ ਬਾਲ ਕਾਵਿ—ਸੰਗ੍ਰਹਿ ‘ਚੱਟ ਗਈ ਮਲਾਈ’ ਦੇ ਹਵਾਲੇ ਨਾਲ ਕਿਹਾ ਕਿ ਬੱਚਿਆਂ ਦੇ ਚਰਿੱਤਰ ਨਿਰਮਾਣ ਵਿਚ ਬਾਲ ਸਾਹਿਤ ਦੀ ਅਹਿਮ ਭੂਮਿਕਾ ਹੁੰਦੀ ਹੈ ਜੋ ਬੱਚਿਆਂ ਨੂੰ ਨਿੱਗਰ ਕਦਰਾਂ ਕੀਮਤਾਂ ਨਾਲ ਜੋੜ ਕੇ ਉਨ੍ਹਾਂ ਦੇ ਮਨਾਂ ਵਿਚ ਮਾਤ ਭਾਸ਼ਾ ਪ੍ਰਤੀ ਸਨੇਹ ਉਜਾਗਰ ਕਰਦਾ ਹੈ।ਸਮਾਗਮ ਦੀ ਪ੍ਰਧਾਨਗੀ ਕਰਦਿਆਂ ਆਪਣੇ ਕਾਰਜਕਾਲ ਦੌਰਾਨ ਬਾਲ ਸਾਹਿਤ ਨੂੰ ਵਿਸ਼ੇਸ਼ ਤਵੱਜੋ ਦੇਣ ਵਾਲੇ ਸ੍ਰੀਮਤੀ ਗੁਰਸ਼ਰਨ ਕੌਰ ਨੇ ਕਿਹਾ ਕਿ ਵਿਸ਼ਵ ਵਿਚ ਵੱਡੇ ਵੱਡੇ ਲੇਖਕਾਂ ਨੇ ਬਾਲ ਸਾਹਿਤ ਦੀ ਸਿਰਜਣਾ ਨੂੰ ਪਹਿਲ ਦਿੱਤੀ ਹੈ ਜੋ ਪ੍ਰਸ਼ੰਸਾਤਮਕ ਰੁਝਾਨ ਹੈ।

ਮੁੱਖ ਮਹਿਮਾਨ ਤਰਸੇਮ (ਬਰਨਾਲਾ) ਨੇ ਮਨਿੰਦਰ ਕੌਰ ਦੀ ਪੁਸਤਕ ਦੇ ਹਵਾਲੇ ਨਾਲ ਬਾਲ ਸਾਹਿਤ ਦੀ ਰਚਨਾ ਕਰਨ ਵਾਲੇ ਲਿਖਾਰੀਆਂ ਨੂੰ ਬਾਰੀਕੀਆਂ ਵੱਲ ਵਿਸ਼ੇਸ਼ ਧਿਆਨ ਦੇਣ ਦੇ ਅਹਿਮ ਨੁਕਤੇ ਸਾਂਝੇ ਕੀਤੇ। ਚਰਨਜੀਤ ਸਿੰਘ ਗਰੋਵਰ ਦਾ ਮਤ ਸੀ ਕਿ ਅਜਿਹੇ ਸਮਾਗਮ ਵੱਡੀ ਉਮਰ ਦੇ ਲੇਖਕਾਂ ਨੂੰ ਆਪਣੀ ਨਵੀਂ ਪੀੜ੍ਹੀ ਲਈ ਰਚਨਾ ਕਰਨ ਲਈ ਪ੍ਰੇਰਣਾ ਦਾ ਸੋਮਾ ਬਣਦੇ ਹਨ।ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ) ਪਟਿਆਲਾ ਮਨਵਿੰਦਰ ਕੌਰ ਭੁੱਲਰ ਨੇ ਬਾਲਾਂ ਲਈ ਢੁੱਕਵੇਂ ਸ਼ਬਦਾਂ ਅਤੇ ਉਨ੍ਹਾਂ ਦੇ ਅਰਥਾਂ ਬਾਰੇ ਚੰਗੀ ਚਰਚਾ ਕੀਤੀ।

ਇਸ ਪੁਸਤਕ ਉਪਰ ਮੁੱਖ ਪਰਚਾ ਪੜ੍ਹਦੇ ਹੋਏ ਸਾਹਿਤ ਅਕਾਦਮੀ ਬਾਲ ਸਾਹਿਤ ਐਵਾਰਡੀ ਸਤਪਾਲ ਭੀਖੀ ਦੀ ਧਾਰਣਾ ਸੀ ਕਿ ਪੱਛਮੀ ਬਾਲ ਸਾਹਿਤ ਲੇਖਕਾਂ ਅਤੇ ਭਾਰਤੀ ਬਾਲ ਸਾਹਿਤ ਲੇਖਕਾਂ ਵੱਲੋਂ ਦਰਸਾਈਆਂ ਬਾਲ ਸਾਹਿਤ ਵਿਸ਼ੇਸ਼ਤਾਵਾਂ ਨੂੰ ਮੱਦੇ ਨਜ਼ਰ ਰੱਖਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਹ ਬਾਲ ਪੁਸਤਕ ਮਿਆਰੀ ਨਰਸਰੀ ਗੀਤਾਂ ਦਾ ਪ੍ਰੇਰਣਾਮਈ ਸੋਮਾ ਹੈ। ਚਰਚਾ ਨੂੰ ਅੱਗੇ ਤੋਰਦਿਆਂ ਸੁਖਦੇਵ ਸਿੰਘ ਚਹਿਲ,ਸੁਖਜੀਵਨ ਅਤੇ ਹਰਪ੍ਰੀਤ ਸਿੰਘ ਆਦਿ ਅਧਿਆਪਕ ਲੇਖਕਾਂ ਨੇ ਪੁਸਤਕ ਦੇ ਵਿਸ਼ਾ ਵਸਤੂ ਅਤੇ ਕਲਾ ਪੱਖ ਬਾਰੇ ਵੱਖ ਵੱਖ ਪੱਖਾਂ ਤੋਂ ਮੁੱਲਵਾਨ ਸਾਂਝੇ ਕੀਤੇ।ਆਪਣੀ ਪੁਸਤਕ ਉਪਰ ਹੋਈ ਸਮੁੱਚੀ ਚਰਚਾ ਨੂੰ ਧਿਆਨ ਵਿਚ ਰੱਖਦੇ ਹੋਏ ਪੁਸਤਕ ਲੇਖਿਕਾ ਮਨਿੰਦਰ ਕੌਰ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਖ਼ੁਸ਼ੀ ਹੈ ਕਿ ਉਸ ਦੇ ਪਲੇਠੇ ਬਾਲ ਕਾਵਿ ਸੰਗ੍ਰਹਿ ਨੂੰ ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਲੋਕ ਅਰਪਣ ਕਰਨ ਦਾ ਮਾਣ ਪ੍ਰਾਪਤ ਹੋਇਆ ਹੈ। ਉਨ੍ਹਾਂ ਆਪਣੇ ਕੁਝ ਨਰਸਰੀ ਗੀਤ ਸਾਂਝੇ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਬਾਲਾਂ ਲਈ ਅਜਿਹੀਆਂ ਮਨੋਵਿਗਿਆਨਕ ਬਾਲ ਕਵਿਤਾਵਾਂ ਲਿਖ ਕੇ ਆਤਮਿਕ ਸਕੂਨ ਮਿਲਦਾ ਹੈ।

ਜਨਰਲ ਸਕੱਤਰ ਦਵਿੰਦਰ ਪਟਿਆਲਵੀ, ਬਲਬੀਰ ਸਿੰਘ ਦਿਲਦਾਰ,ਨਵਦੀਪ ਸਿੰਘ ਮੁੰਡੀ, ਉਂਕਾਰ ਸਿੰਘ ਤੇਜੇ,ਸਤਨਾਮ ਕੌਰ ਸਾਹਨੀ,ਗੁਰਪ੍ਰੀਤ ਕੌਰ,ਰਾਜਪਾਲ ਕੌਰ ਅਤੇ ਅਲਕਾ ਅਰੋੜਾ ਨੇ ਵੀ ਪੁਸਤਕ ਦੇ ਹਵਾਲੇ ਨਾਲ ਬਾਲ ਸਾਹਿਤ ਬਾਰੇ ਵਿਸ਼ੇਸ਼ ਟਿੱਪਣੀਆਂ ਕੀਤੀਆਂ। ਜੰਗ ਸਿੰਘ ਫੱਟੜ ਨੇ ਕਾਵਿ—ਰਮਝਾਂ ਦੀ ਬਾਤ ਪਾਉਂਦੀ ਵਿਸ਼ੇਸ਼ ਨਜ਼ਮ ਸਾਂਝੀ ਕੀਤੀ।

ਸਮਾਗਮ ਦੇ ਦੂਜੇ ਦੌਰ ਵਿਚ ਤੋਂ ਇਲਾਵਾ ਸ਼ਾਇਰ ਪਰਵਿੰਦਰ ਸ਼ੋਖ,ਹਰਚਰਨ ਸਿੰਘ ਬਧੌਛੀ ਕਲਾਂ,ਕਮਲ ਸੇਖੋਂ,ਅਨੂ ਭੱਟੀ,ਗੁਰਮੁਖ ਸਿੰਘ ਜਾਗੀ,ਕ੍ਰਿਸ਼ਨ ਗੋਪਾਲ ਕੜਵਲ ਸੰਗਰੂਰ,ਪ੍ਰੋ. ਜੇ.ਕੇ. ਮਿਗਲਾਨੀ,ਅਜਾਇਬ ਰਾਜ ਗੁਰਕੀਰਤ,ਰਾਜਿੰੰਦਰ, ਮੋਹਨਜੀਤ ਸਿੰਘ, ਬਜਿੰਦਰ ਠਾਕੁਰ,ਸਾਬਕਾ ਡੀ.ਐਸ.ਪੀ.ਨਾਹਰ ਸਿੰਘ,ਰਘਬੀਰ ਸਿੰਘ ਮਹਿਮੀ,ਵਿਜੇ ਕੁਮਾਰ,ਨਵਦੀਪ,ਹਰਪ੍ਰੀਤ ਸਿੰਘ ਉਪਲ,ਗੁਰਚਰਨ ਸਿੰਘ ਗੁਣੀਕੇ, ਕੁਲਦੀਪ ਪਟਿਆਲਵੀ, ਰਵਿੰਦਰ ਕੌਰ ਗੁਜਰਾਲ, ਸ਼ਾਮ ਸਿੰਘ ਪ੍ਰੇਮ ਆਦਿ ਨੇ ਆਪਣੀਆਂ ਰਚਨਾਵਾਂ ਪੜ੍ਹੀਆਂ।

ਇਸ ਸਮਾਗਮ ਵਿਚ ਵਰਨੂਪ ਸਿੰਘ ਵਾਸਨ,ਬਵਨੂਰ ਸਿੰਘ ਵਾਸਨ,ਸਵਿੰਦਰ ਸਿੰਘ ਗੁਜਰਾਲ, ਰਵਿੰਦਰ ਕੌਰ ਗੁਜਰਾਲ,ਅਮਰਜੀਤ ਸਿੰਘ ਵਾਲੀਆ,ਜਤਿੰਦਰ ਕੌਰ, ,ਅੰਮ੍ਰਿਤਪਾਲ ਸਿੰਘ ਸ਼ੈਦਾ,ਪ੍ਰਤੀਕ ਸਿੰਘ ਮਾਛੀਵਾੜਾ,ਵਿਪਨਦੀਪ ਕੌਰ,ਡਾ. ਨਰਿੰਦਰ ਸਿਘ ਤੇਜੇ,ਸੁਰਜੀਤ ਸਿੰਘ, ਮਨਪ੍ਰੀਤ ਕੌਰ,ਜਸਵੀਰ ਸਿੰਘ, ਮਨਜੀਤ ਕੌਰ, ਰਸਵਿੰਦਰ ਕੌਰ ਤੇਜੇ,ਪਵਨ ਕੁਮਾਰ ਗੋਇਲ,ਕ੍ਰਿਸ਼ਨ ਲਾਲ ਧੀਮਾਨ,ਸਤੀਸ਼ ਵਿਦਰੋਹੀ,ਦਲੀਪ ਸਿੰਘ ਉਬਰਾਏ, ਰਾਜੇਸ਼ ਕੋਟੀਆ,ਸੁਖਵਿੰਦਰ ਸਿੰਘ, ਹਰਵਿੰਦਰ ਸਿੰਘ ਆਦਿ ਸ਼ਾਮਿਲ ਸਨ। ਅੰਤ ਵਿੱਚ ਲੇਖਕਾਂ ਤੇ ਵਿਦਵਾਨਾਂ ਦਾ ਸਨਮਾਨ ਵੀ ਕੀਤਾ ਗਿਆ।ਅੰਤ ਵਿਚ ਸਭਾ ਦੇ ਸਰਪ੍ਰਸਤ ਬਾਬੂ ਸਿੰਘ ਰੈਹਲ ਵੱਲੋਂ ਪੁੱਜੇ ਲੇਖਕਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦੀ ਭੂਮਿਕਾ ਜਨਰਲ ਸਕੱਤਰ ਪਟਿਆਲਵੀ ਨੇ ਬਾਖ਼ੂਬੀ ਨਿਭਾਈ।

RELATED ARTICLES
- Advertisment -
Google search engine
Google search engine
Google search engine

Most Popular

Recent Comments