ਕਾਲਕਾ, 28 ਨਵੰਬਰ, 2026 (ਕਾਜਲ): ਹਿਮਾਚਲ ਪ੍ਰਦੇਸ਼ ਦੀ ਵਿਸ਼ਵ ਵਿਰਾਸਤ ਵਿੱਚ ਸ਼ਾਮਲ ਕਾਲਕਾ-ਸ਼ਿਮਲਾ ਹੈਰੀਟੇਜ ਰੇਲਵੇ ਲਾਈਨ ’ਤੇ ਸਫ਼ਰ ਕਰਨ ਦੀ ਯੋਜਨਾ ਬਣਾ ਰਹੇ ਸੈਲਾਨੀਆਂ ਨੂੰ ਆਉਣ ਵਾਲੇ ਦਿਨਾਂ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਰੇਲਵੇ ਵੱਲੋਂ ਟਰੈਕ ਅਤੇ ਪੁਲਾਂ ਦੀ ਮੁਰੰਮਤ ਦੇ ਚੱਲ ਰਹੇ ਕੰਮ ਕਾਰਨ ਇਸ ਰੂਟ ’ਤੇ ਰੇਲਗੱਡੀਆਂ ਦੀ ਆਵਾਜਾਈ ਵਿੱਚ ਵੱਡੀ ਤਬਦੀਲੀ ਕੀਤੀ ਗਈ ਹੈ। ਨਵੇਂ ਹੁਕਮਾਂ ਅਨੁਸਾਰ 1 ਦਸੰਬਰ 2026 ਤੋਂ 10 ਜਨਵਰੀ 2027 ਤੱਕ ਕਈ ਟੌਏ ਟਰੇਨਾਂ ਰੱਦ ਰਹਿਣਗੀਆਂ, ਜਦਕਿ ਕੁਝ ਰੇਲਗੱਡੀਆਂ ਦਾ ਸਫ਼ਰ ਸੀਮਤ ਕਰ ਦਿੱਤਾ ਗਿਆ ਹੈ।
ਰੇਲਵੇ ਅਧਿਕਾਰੀਆਂ ਮੁਤਾਬਕ ਕਾਲਕਾ-ਸ਼ਿਮਲਾ ਰੇਲ ਮਾਰਗ ’ਤੇ ਟਕਸਾਲ ਅਤੇ ਗੁੰਮਣ ਸਟੇਸ਼ਨਾਂ ਵਿਚਕਾਰ ਭਾਰੀ ਬਾਰਿਸ਼ ਕਾਰਨ ਜ਼ਮੀਨ ਖਿਸਕਣ ਅਤੇ ਧਸਣ ਦੀਆਂ ਘਟਨਾਵਾਂ ਵਾਪਰੀਆਂ ਸਨ। ਇਸ ਕਾਰਨ ਪੁਲ ਨੰਬਰ 57, 58 ਅਤੇ 62 ਦੇ ਨੇੜੇ ਰੇਲਵੇ ਟਰੈਕ ਦੀ ਸੁਰੱਖਿਆ ਨੂੰ ਲੈ ਕੇ ਚੁਣੌਤੀਆਂ ਪੈਦਾ ਹੋ ਗਈਆਂ ਸਨ। ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਰੇਲਵੇ ਵੱਲੋਂ ਮੁਰੰਮਤ ਅਤੇ ਬਹਾਲੀ ਦਾ ਕੰਮ ਤੇਜ਼ੀ ਨਾਲ ਕਰਵਾਇਆ ਜਾ ਰਿਹਾ ਹੈ। ਜਾਰੀ ਕੀਤੇ ਗਏ ਆਦੇਸ਼ਾਂ ਅਨੁਸਾਰ ਅੱਪ ਦਿਸ਼ਾ ਦੀਆਂ ਰੇਲਗੱਡੀਆਂ ਨੰਬਰ 52457, 52451 ਅਤੇ 52459 ਸਮੇਤ ਅੱਪ ਮਿਕਸ ਟਰੇਨ ਨੂੰ ਰੱਦ ਕੀਤਾ ਗਿਆ ਹੈ। ਇਸੇ ਤਰ੍ਹਾਂ ਡਾਊਨ ਦਿਸ਼ਾ ਦੀਆਂ 52458, 52452 ਅਤੇ 52460 ਰੇਲਗੱਡੀਆਂ ਅਤੇ ਡਾਊਨ ਮਿਕਸ ਟਰੇਨ ਦੀ ਸੇਵਾ ਵੀ 10 ਜਨਵਰੀ 2027 ਤੱਕ ਮੁਅੱਤਲ ਰਹੇਗੀ।
ਇਸ ਤੋਂ ਇਲਾਵਾ ਰੇਲਗੱਡੀ ਨੰਬਰ 52453, 52454, 52455 ਅਤੇ 52456 ਸਿਰਫ਼ ਧਰਮਪੁਰ ਤੋਂ ਸ਼ਿਮਲਾ ਅਤੇ ਸ਼ਿਮਲਾ ਤੋਂ ਧਰਮਪੁਰ ਦਰਮਿਆਨ ਹੀ ਚੱਲਣਗੀਆਂ। ਇਨ੍ਹਾਂ ਰੇਲਗੱਡੀਆਂ ਦਾ ਕਾਲਕਾ ਤੋਂ ਧਰਮਪੁਰ ਤੱਕ ਦਾ ਸੰਚਾਲਨ ਬੰਦ ਰਹੇਗਾ। ਸਰਦੀਆਂ ਦੀਆਂ ਛੁੱਟੀਆਂ ਅਤੇ ਨਵੇਂ ਸਾਲ ਦੇ ਮੌਕੇ ’ਤੇ ਸ਼ਿਮਲਾ ਪਹੁੰਚਣ ਵਾਲੇ ਸੈਲਾਨੀਆਂ ਲਈ ਇਹ ਫੈਸਲਾ ਅਹਿਮ ਹੈ। ਟੌਏ ਟਰੇਨ ਨੂੰ ਸ਼ਿਮਲਾ ਦੇ ਸੈਰ-ਸਪਾਟੇ ਦੀ ਖ਼ਾਸ ਪਛਾਣ ਮੰਨਿਆ ਜਾਂਦਾ ਹੈ ਅਤੇ ਇਸ ਦੀਆਂ ਸੇਵਾਵਾਂ ਪ੍ਰਭਾਵਿਤ ਹੋਣ ਨਾਲ ਸੈਰ-ਸਪਾਟਾ ਕਾਰੋਬਾਰ ’ਤੇ ਵੀ ਅਸਰ ਪੈ ਸਕਦਾ ਹੈ। ਰੇਲਵੇ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਯਾਤਰਾ ਦੀ ਯੋਜਨਾ ਬਣਾਉਣ ਤੋਂ ਪਹਿਲਾਂ ਆਪਣੀ ਰੇਲਗੱਡੀ ਦੀ ਤਾਜ਼ਾ ਸਥਿਤੀ ਅਤੇ ਸਮਾਂ-ਸਾਰਣੀ ਦੀ ਪੁਸ਼ਟੀ ਜ਼ਰੂਰ ਕਰ ਲੈਣ।






