ਇਸਲਾਮਾਬਾਦ, 26 ਨਵੰਬਰ, 2026 (ਸ਼ਹੀਦ-ਏ-ਆਜ਼ਮ-ਬਿਊਰੋ ) : ਪਾਕਿਸਤਾਨ ਦੇ ਅਸ਼ਾਂਤ ਸੂਬੇ ਬਲੋਚਿਸਤਾਨ ਵਿੱਚ ਸੁਰੱਖਿਆ ਬਲਾਂ ਵੱਲੋਂ ਚਲਾਏ ਗਏ ਅੱਤਵਾਦ ਵਿਰੋਧੀ ਆਪ੍ਰੇਸ਼ਨਾਂ ਦੌਰਾਨ ਘੱਟੋ-ਘੱਟ 12 ਅੱਤਵਾਦੀਆਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਪਾਕਿਸਤਾਨੀ ਫੌਜ ਨੇ ਵੀਰਵਾਰ ਨੂੰ ਇਨ੍ਹਾਂ ਕਾਰਵਾਈਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਫੌਜ ਦੀ ਮੀਡੀਆ ਸ਼ਾਖਾ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ISPR) ਅਨੁਸਾਰ, 20 ਨਵੰਬਰ ਤੋਂ ਸ਼ੁਰੂ ਹੋਏ ਇਹ ਖੁਫੀਆ ਜਾਣਕਾਰੀ ਆਧਾਰਿਤ ਆਪ੍ਰੇਸ਼ਨ ਨੁਸ਼ਕੀ, ਸੇਵੀ, ਪੰਜਗੁਰ ਅਤੇ ਕੇਚ ਜ਼ਿਲ੍ਹਿਆਂ ਵਿੱਚ ਚਲਾਏ ਗਏ।
ਫੌਜ ਵੱਲੋਂ ਦਿੱਤੇ ਵੇਰਵਿਆਂ ਮੁਤਾਬਕ, ਪਹਿਲੀ ਕਾਰਵਾਈ ਨੁਸ਼ਕੀ ਜ਼ਿਲ੍ਹੇ ਵਿੱਚ ਇੱਕ ਕਥਿਤ ਅੱਤਵਾਦੀ ਟਿਕਾਣੇ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ, ਜਿੱਥੇ ਭਾਰੀ ਗੋਲੀਬਾਰੀ ਤੋਂ ਬਾਅਦ ਅੱਠ ਅੱਤਵਾਦੀ ਮਾਰੇ ਗਏ। ਫੌਜ ਨੇ ਮਾਰੇ ਗਏ ਵਿਅਕਤੀਆਂ ਕੋਲੋਂ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਹੋਣ ਦਾ ਵੀ ਦਾਅਵਾ ਕੀਤਾ ਹੈ। ਇਸ ਤੋਂ ਬਾਅਦ 21 ਨਵੰਬਰ ਨੂੰ ਸੇਵੀ ਜ਼ਿਲ੍ਹੇ ਵਿੱਚ ਸ਼ੱਕੀ ਅੱਤਵਾਦੀਆਂ ਦੀ ਆਵਾਜਾਈ ਨੂੰ ਰੋਕਦਿਆਂ ਦੋ ਵਿਅਕਤੀਆਂ ਨੂੰ ਮਾਰਨ ਦੀ ਗੱਲ ਕਹੀ ਗਈ। 22 ਅਤੇ 23 ਨਵੰਬਰ ਨੂੰ ਪੰਜਗੁਰ ਅਤੇ ਕੇਚ ਜ਼ਿਲ੍ਹਿਆਂ ਵਿੱਚ ਵੱਖ-ਵੱਖ ਮੁਕਾਬਲਿਆਂ ਦੌਰਾਨ ਦੋ ਹੋਰ ਵਿਅਕਤੀ ਮਾਰੇ ਗਏ ਅਤੇ ਕਥਿਤ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਗਿਆ।
ISPR ਨੇ ਬਿਨਾਂ ਕੋਈ ਸਬੂਤ ਪੇਸ਼ ਕੀਤੇ ਦਾਅਵਾ ਕੀਤਾ ਕਿ ਮਾਰੇ ਗਏ ਅੱਤਵਾਦੀ ਭਾਰਤ ਦੀ ਹਮਾਇਤ ਪ੍ਰਾਪਤ ਸੰਗਠਨ ‘ਫਿਤਨਾ ਅਲ-ਹਿੰਦੁਸਤਾਨ’ ਨਾਲ ਸਬੰਧਤ ਸਨ। ਜ਼ਿਕਰਯੋਗ ਹੈ ਕਿ ਪਾਕਿਸਤਾਨ ਸਰਕਾਰ ਨੇ ਪਿਛਲੇ ਸਾਲ ਬਲੋਚਿਸਤਾਨ ਵਿੱਚ ਸਰਗਰਮ ਅੱਤਵਾਦੀ ਸੰਗਠਨਾਂ ਲਈ ‘ਫਿਤਨਾ ਅਲ-ਹਿੰਦੁਸਤਾਨ’ ਸ਼ਬਦ ਦੀ ਵਰਤੋਂ ਨੂੰ ਅਧਿਕਾਰਤ ਤੌਰ ’ਤੇ ਅਪਣਾਇਆ ਸੀ ਅਤੇ ਇਨ੍ਹਾਂ ਸੰਗਠਨਾਂ ’ਤੇ ਭਾਰਤ ਦੇ ਇਸ਼ਾਰੇ ’ਤੇ ਕੰਮ ਕਰਨ ਦੇ ਦੋਸ਼ ਲਗਾਏ ਸਨ। ਹਾਲਾਂਕਿ, ਇਨ੍ਹਾਂ ਦੋਸ਼ਾਂ ਦੇ ਸਮਰਥਨ ਵਿੱਚ ਸਬੂਤ ਪੇਸ਼ ਨਹੀਂ ਕੀਤੇ ਗਏ। ਇਸ ਤੋਂ ਪਹਿਲਾਂ ਜੂਨ ਮਹੀਨੇ ਵਿੱਚ ਭਾਰਤ ਨੇ ਸੰਯੁਕਤ ਰਾਸ਼ਟਰ ਵਿੱਚ ਪਾਕਿਸਤਾਨ ਦੇ ਇਸ ਕਦਮ ਦੀ ਆਲੋਚਨਾ ਕਰਦਿਆਂ ਇਸ ਨੂੰ ਆਪਣੇ ਹੀ ਦੇਸ਼ ਵਿੱਚ ਸਰਗਰਮ ਸੰਗਠਨਾਂ ਬਾਰੇ ਧਾਰਮਿਕ ਸ਼ਬਦਾਵਲੀ ਦੀ ਆੜ ਵਿੱਚ ਫੈਲਾਈ ਜਾ ਰਹੀ ਸਰਕਾਰੀ ਗਲਤ ਜਾਣਕਾਰੀ ਕਰਾਰ ਦਿੱਤਾ ਸੀ।






