Homeਪੰਜਾਬਕੈਨਰਾ ਬੈਂਕ ਵੱਲੋਂ ਸੰਗਰੂਰ ਵਿਖੇ ਵਿੱਤੀ ਸ਼ਮੂਲੀਅਤ ਸਬੰਧੀ ਵਿਸ਼ਾਲ ਸੈਚੂਰੇਸ਼ਨ ਕੈਂਪ

ਕੈਨਰਾ ਬੈਂਕ ਵੱਲੋਂ ਸੰਗਰੂਰ ਵਿਖੇ ਵਿੱਤੀ ਸ਼ਮੂਲੀਅਤ ਸਬੰਧੀ ਵਿਸ਼ਾਲ ਸੈਚੂਰੇਸ਼ਨ ਕੈਂਪ

Canara Bank Organises Mega Financial Inclusion Saturation Camp in Sangrur

ਪੀ.ਐੱਮ.ਜੇ.ਜੇ.ਬੀ.ਵਾਈ. ਅਤੇ ਪੀ.ਐੱਮ.ਐੱਸ.ਬੀ.ਵਾਈ. ਤਹਿਤ ਲਾਭਪਾਤਰੀਆਂ ਨੂੰ ਕਲੇਮ ਨਿਪਟਾਰੇ ਦੇ ਚੈੱਕ ਵੰਡੇ
ਸੰਗਰੂਰ, 26 ਨਵੰਬਰ, 2026 (ਛਤਰਪਾਲ ਸਿੰਘ ) : ਦੇਸ਼-ਵਿਆਪੀ ਵਿੱਤੀ ਸ਼ਮੂਲੀਅਤ ਮੁਹਿੰਮ ਤਹਿਤ ਕੈਨਰਾ ਬੈਂਕ, ਸੰਗਰੂਰ ਵੱਲੋਂ ਲੀਡ ਜ਼ਿਲ੍ਹਾ ਮੈਨੇਜਰ ਦਫ਼ਤਰ ਦੇ ਸਹਿਯੋਗ ਨਾਲ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ, ਸੰਗਰੂਰ ਵਿਖੇ ਵਿੱਤੀ ਸ਼ਮੂਲੀਅਤ ਸਬੰਧੀ ਵਿਸ਼ਾਲ ਸੈਚੂਰੇਸ਼ਨ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦੇਸ਼ ਹਰੇਕ ਯੋਗ ਨਾਗਰਿਕ ਨੂੰ ਰਸਮੀ ਬੈਂਕਿੰਗ ਪ੍ਰਣਾਲੀ ਅਤੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਮਾਜਿਕ ਸੁਰੱਖਿਆ ਯੋਜਨਾਵਾਂ ਦੇ ਘੇਰੇ ਵਿੱਚ ਲਿਆਉਣਾ ਸੀ। ਭਾਰਤੀ ਰਿਜ਼ਰਵ ਬੈਂਕ, ਚੰਡੀਗੜ੍ਹ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਰਵਾਏ ਗਏ ਇਸ ਕੈਂਪ ਵਿੱਚ ਸੰਗਰੂਰ ਸ਼ਹਿਰ ਅਤੇ ਨੇੜਲੇ ਪਿੰਡਾਂ ਦੇ ਕਰੀਬ 200 ਵਸਨੀਕਾਂ ਨੇ ਉਤਸ਼ਾਹ ਨਾਲ ਭਾਗ ਲਿਆ। ਸਮਾਗਮ ਵਿੱਚ ਭਾਰਤੀ ਰਿਜ਼ਰਵ ਬੈਂਕ, ਚੰਡੀਗੜ੍ਹ ਦੇ ਵਿੱਤੀ ਸ਼ਮੂਲੀਅਤ ਵਿਭਾਗ ਦੇ ਜਨਰਲ ਮੈਨੇਜਰ ਪੰਕਜ ਸੇਤੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਅਤੇ ਹੋਰ ਪਤਵੰਤਿਆਂ ਵੱਲੋਂ ਰਸਮੀ ਤੌਰ ’ਤੇ ਜੋਤ ਜਗਾ ਕੇ ਕੀਤੀ ਗਈ।
ਭਾਗੀਦਾਰਾਂ ਦਾ ਸਵਾਗਤ ਕਰਦਿਆਂ ਕੈਨਰਾ ਬੈਂਕ ਦੇ ਸਰਕਲ ਦਫ਼ਤਰ ਦੇ ਡਿਪਟੀ ਜਨਰਲ ਮੈਨੇਜਰ ਰਾਮ ਬਾਬੂ ਮਿਸ਼ਰਾ ਨੇ ਬੈਂਕਿੰਗ ਸੇਵਾਵਾਂ ਅਤੇ ਸਮਾਜਿਕ ਸੁਰੱਖਿਆ ਯੋਜਨਾਵਾਂ ਦੇ ਲਾਭ ਆਖ਼ਰੀ ਕਤਾਰ ਵਿੱਚ ਖੜ੍ਹੇ ਵਿਅਕਤੀ ਤੱਕ ਪਹੁੰਚਾਉਣ ਲਈ ਬੈਂਕਾਂ, ਸਰਕਾਰੀ ਵਿਭਾਗਾਂ ਅਤੇ ਹੋਰ ਭਾਈਵਾਲਾਂ ਦਰਮਿਆਨ ਤਾਲਮੇਲ ਵਾਲੇ ਯਤਨਾਂ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਬੈਂਕਿੰਗ ਸੇਵਾਵਾਂ ਤੋਂ ਵਾਂਝੇ ਅਤੇ ਘੱਟ ਸੇਵਾਵਾਂ ਪ੍ਰਾਪਤ ਵਰਗਾਂ ਨੂੰ ਰਸਮੀ ਵਿੱਤੀ ਪ੍ਰਣਾਲੀ ਨਾਲ ਜੋੜਨ ਲਈ ਨਿਰੰਤਰ ਪਹੁੰਚ ਗਤੀਵਿਧੀਆਂ ਅਤੇ ਲੋਕ ਜਾਗਰੂਕਤਾ ਬਹੁਤ ਜ਼ਰੂਰੀ ਹਨ। ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਨੈਸ਼ਨਲ ਬੈਂਕ ਦੇ ਡਿਪਟੀ ਜਨਰਲ ਮੈਨੇਜਰ ਅਤੇ ਸਟੇਟ ਲੈਵਲ ਬੈਂਕਰਜ਼ ਕਮੇਟੀ, ਪੰਜਾਬ ਦੇ ਕਨਵੀਨਰ ਆਰ.ਕੇ. ਮੀਨਾ ਨੇ ਵਿੱਤੀ ਸ਼ਮੂਲੀਅਤ ਨੂੰ ਮਜ਼ਬੂਤ ਕਰਨ ਅਤੇ ਨਾਗਰਿਕਾਂ ਨੂੰ ਕਿਫ਼ਾਇਤੀ ਬੀਮਾ, ਪੈਨਸ਼ਨ ਅਤੇ ਕਰਜ਼ਾ ਸਹੂਲਤਾਂ ਮੁਹੱਈਆ ਕਰਵਾਉਣ ਵਿੱਚ ਬੈਂਕਾਂ ਦੀ ਅਹਿਮ ਭੂਮਿਕਾ ਬਾਰੇ ਜਾਣਕਾਰੀ ਦਿੱਤੀ। ਨਾਬਾਰਡ ਦੇ ਜ਼ਿਲ੍ਹਾ ਵਿਕਾਸ ਮੈਨੇਜਰ ਮਨੀਸ਼ ਗੁਪਤਾ ਨੇ ਭਾਗੀਦਾਰਾਂ ਨੂੰ ਵਿੱਤੀ ਸੁਰੱਖਿਆ, ਆਤਮ-ਨਿਰਭਰਤਾ ਅਤੇ ਆਰਥਿਕ ਸਸ਼ਕਤੀਕਰਨ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਯੋਜਨਾਵਾਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਲੋਕਾਂ ਨੂੰ ਵਿੱਤੀ ਮਾਮਲਿਆਂ ਸਬੰਧੀ ਸੂਝ-ਬੂਝ ਨਾਲ ਫ਼ੈਸਲੇ ਲੈਣ ਅਤੇ ਆਧੁਨਿਕ ਬੈਂਕਿੰਗ ਸੇਵਾਵਾਂ ਦੀ ਸੁਰੱਖਿਅਤ ਵਰਤੋਂ ਕਰਨ ਦੇ ਯੋਗ ਬਣਾਉਣ ਲਈ ਵਿੱਤੀ ਸਾਖਰਤਾ ਦੀ ਮਹੱਤਤਾ ਉੱਤੇ ਵੀ ਜ਼ੋਰ ਦਿੱਤਾ।
ਲੀਡ ਜ਼ਿਲ੍ਹਾ ਮੈਨੇਜਰ, ਸੰਗਰੂਰ ਸੁਰਮੁਖ ਸਿੰਘ ਨੇ ਕਿਹਾ ਕਿ ਦੇਸ਼-ਵਿਆਪੀ ਵਿੱਤੀ ਸ਼ਮੂਲੀਅਤ ਮੁਹਿੰਮ ਦੀ ਸ਼ੁਰੂਆਤ ਵਿੱਤੀ ਸ਼ਮੂਲੀਅਤ ਅਤੇ ਸਮਾਜਿਕ ਸੁਰੱਖਿਆ ਯੋਜਨਾਵਾਂ ਤਹਿਤ ਯੋਗ ਲਾਭਪਾਤਰੀਆਂ ਦੀ 100 ਫੀਸਦੀ ਕਵਰੇਜ ਯਕੀਨੀ ਬਣਾਉਣ ਲਈ ਕੀਤੀ ਗਈ ਹੈ। ਉਨ੍ਹਾਂ ਬੈਂਕਾਂ ਅਤੇ ਸਰਕਾਰੀ ਵਿਭਾਗਾਂ ਨੂੰ ਆਪਸੀ ਤਾਲਮੇਲ ਨਾਲ ਕੰਮ ਕਰਨ ਦਾ ਸੱਦਾ ਦਿੱਤਾ ਤਾਂ ਜੋ ਕੋਈ ਵੀ ਯੋਗ ਵਸਨੀਕ ਇਨ੍ਹਾਂ ਲਾਭਾਂ ਤੋਂ ਵਾਂਝਾ ਨਾ ਰਹੇ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਜਨ-ਧਨ ਯੋਜਨਾ (ਪੀ.ਐੱਮ.ਜੇ.ਡੀ.ਵਾਈ.), ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ (ਪੀ.ਐੱਮ.ਜੇ.ਜੇ.ਬੀ.ਵਾਈ.), ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ (ਪੀ.ਐੱਮ.ਐੱਸ.ਬੀ.ਵਾਈ.) ਅਤੇ ਅਟਲ ਪੈਨਸ਼ਨ ਯੋਜਨਾ (ਏ.ਪੀ.ਵਾਈ.) ਤਹਿਤ ਯੋਗ ਨਾਗਰਿਕਾਂ ਦੀ ਰਜਿਸਟ੍ਰੇਸ਼ਨ ’ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੈਂਕਿੰਗ ਸੇਵਾਵਾਂ ਤੋਂ ਵਾਂਝੇ, ਘੱਟ ਸੇਵਾਵਾਂ ਪ੍ਰਾਪਤ ਅਤੇ ਸਮਾਜ ਦੇ ਕਮਜ਼ੋਰ ਵਰਗਾਂ ਵੱਲ ਖ਼ਾਸ ਧਿਆਨ ਦਿੱਤਾ ਜਾ ਰਿਹਾ ਹੈ। ਸੁਰਮੁਖ ਸਿੰਘ ਨੇ ਸਮੂਹ ਭਾਈਵਾਲਾਂ ਨੂੰ ਸੰਗਰੂਰ ਜ਼ਿਲ੍ਹੇ ਵਿੱਚ ਜਾਗਰੂਕਤਾ ਅਤੇ ਰਜਿਸਟ੍ਰੇਸ਼ਨ ਗਤੀਵਿਧੀਆਂ ਹੋਰ ਤੇਜ਼ ਕਰਨ ਅਤੇ ਜ਼ਮੀਨੀ ਪੱਧਰ ’ਤੇ ਬੈਂਕਿੰਗ, ਬੀਮਾ ਅਤੇ ਪੈਨਸ਼ਨ ਸੇਵਾਵਾਂ ਦੀ ਪ੍ਰਭਾਵਸ਼ਾਲੀ ਪਹੁੰਚ ਯਕੀਨੀ ਬਣਾਉਣ ਦੀ ਅਪੀਲ ਕੀਤੀ।
ਕੈਂਪ ਦੌਰਾਨ ਭਾਗੀਦਾਰਾਂ ਨੂੰ ਹੇਠ ਲਿਖੀਆਂ ਯੋਜਨਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ:
• ਪ੍ਰਧਾਨ ਮੰਤਰੀ ਜਨ-ਧਨ ਯੋਜਨਾ (ਪੀ.ਐੱਮ.ਜੇ.ਡੀ.ਵਾਈ.)
• ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ (ਪੀ.ਐੱਮ.ਜੇ.ਜੇ.ਬੀ.ਵਾਈ.)
• ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ (ਪੀ.ਐੱਮ.ਐੱਸ.ਬੀ.ਵਾਈ.)
• ਅਟਲ ਪੈਨਸ਼ਨ ਯੋਜਨਾ (ਏ.ਪੀ.ਵਾਈ.)
ਭਾਗੀਦਾਰਾਂ ਨੂੰ ਵਿੱਤੀ ਸਾਖਰਤਾ, ਡਿਜੀਟਲ ਬੈਂਕਿੰਗ, ਸਾਈਬਰ ਧੋਖਾਧੜੀ ਤੋਂ ਬਚਾਅ ਅਤੇ ਸੁਰੱਖਿਅਤ ਬੈਂਕਿੰਗ ਅਭਿਆਸਾਂ ਬਾਰੇ ਵੀ ਜਾਗਰੂਕ ਕੀਤਾ ਗਿਆ। ਬੈਂਕ ਅਧਿਕਾਰੀਆਂ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਓ.ਟੀ.ਪੀ., ਪਿੰਨ, ਪਾਸਵਰਡ ਜਾਂ ਬੈਂਕ ਖਾਤੇ ਨਾਲ ਸਬੰਧਤ ਕੋਈ ਵੀ ਗੁਪਤ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰਨ ਅਤੇ ਕਿਸੇ ਵੀ ਸ਼ੱਕੀ ਲੈਣ-ਦੇਣ ਦੀ ਸੂਚਨਾ ਤੁਰੰਤ ਆਪਣੇ ਸਬੰਧਤ ਬੈਂਕ ਨੂੰ ਦੇਣ। ਸਮਾਗਮ ਦਾ ਮੁੱਖ ਆਕਰਸ਼ਣ ਪੀ.ਐੱਮ.ਜੇ.ਜੇ.ਬੀ.ਵਾਈ. ਅਤੇ ਪੀ.ਐੱਮ.ਐੱਸ.ਬੀ.ਵਾਈ. ਤਹਿਤ ਲਾਭਪਾਤਰੀਆਂ ਨੂੰ ਕਲੇਮ ਨਿਪਟਾਰੇ ਦੇ ਚੈੱਕ ਵੰਡਣਾ ਰਿਹਾ। ਪਤਵੰਤਿਆਂ ਨੇ ਕਿਹਾ ਕਿ ਘੱਟ ਪ੍ਰੀਮੀਅਮ ਵਾਲੀਆਂ ਇਹ ਸਮਾਜਿਕ ਸੁਰੱਖਿਆ ਯੋਜਨਾਵਾਂ ਅਣਕਿਆਸੀਆਂ ਸਥਿਤੀਆਂ ਦੌਰਾਨ ਪਰਿਵਾਰਾਂ ਨੂੰ ਸਮੇਂ ਸਿਰ ਵਿੱਤੀ ਸੁਰੱਖਿਆ ਪ੍ਰਦਾਨ ਕਰਦੀਆਂ ਹਨ ਅਤੇ ਉਨ੍ਹਾਂ ਨੂੰ ਆਰਥਿਕ ਸੰਕਟ ਤੋਂ ਬਚਾਉਣ ਵਿੱਚ ਸਹਾਈ ਹੁੰਦੀਆਂ ਹਨ।
ਇਸ ਕੈਂਪ ਨੇ ਵਿੱਤੀ ਸ਼ਮੂਲੀਅਤ ਅਤੇ ਬੈਂਕਿੰਗ ਸੇਵਾਵਾਂ ਨੂੰ ਆਖ਼ਰੀ ਵਿਅਕਤੀ ਤੱਕ ਪਹੁੰਚਾਉਣ ਪ੍ਰਤੀ ਕੈਨਰਾ ਬੈਂਕ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕੀਤਾ। ਅਧਿਕਾਰੀਆਂ ਨੇ ਕਿਹਾ ਕਿ ਅਜਿਹੀਆਂ ਪਹੁੰਚ ਗਤੀਵਿਧੀਆਂ ਰਾਹੀਂ ਬੈਂਕ ਖ਼ਾਸ ਤੌਰ ’ਤੇ ਬੈਂਕਿੰਗ ਸੇਵਾਵਾਂ ਤੋਂ ਵਾਂਝੇ, ਘੱਟ ਸੇਵਾਵਾਂ ਪ੍ਰਾਪਤ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਤੱਕ ਬੈਂਕਿੰਗ, ਬੀਮਾ, ਪੈਨਸ਼ਨ ਅਤੇ ਹੋਰ ਸਮਾਜਿਕ ਸੁਰੱਖਿਆ ਲਾਭ ਪਹੁੰਚਾਉਣ ਲਈ ਲਗਾਤਾਰ ਯਤਨਸ਼ੀਲ ਹੈ। 21 ਅਕਤੂਬਰ, 2026 ਨੂੰ ਸ਼ੁਰੂ ਕੀਤੀ ਗਈ ਦੇਸ਼-ਵਿਆਪੀ ਵਿੱਤੀ ਸ਼ਮੂਲੀਅਤ ਮੁਹਿੰਮ 31 ਦਸੰਬਰ, 2026 ਤੱਕ ਜਾਰੀ ਰਹੇਗੀ। ਇਸ ਮੁਹਿੰਮ ਦਾ ਉਦੇਸ਼ ਵਿੱਤੀ ਸ਼ਮੂਲੀਅਤ ਅਤੇ ਸਮਾਜਿਕ ਸੁਰੱਖਿਆ ਨਾਲ ਸਬੰਧਤ ਵੱਖ-ਵੱਖ ਯੋਜਨਾਵਾਂ ਤਹਿਤ 100 ਫੀਸਦੀ ਕਵਰੇਜ ਹਾਸਲ ਕਰਨਾ ਹੈ। ਇਸ ਦੌਰਾਨ ਉਨ੍ਹਾਂ ਯੋਗ ਨਾਗਰਿਕਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ, ਜੋ ਹਾਲੇ ਤੱਕ ਰਸਮੀ ਵਿੱਤੀ ਪ੍ਰਣਾਲੀ ਤੋਂ ਬਾਹਰ ਹਨ।
ਇਸ ਮੌਕੇ ਕੈਨਰਾ ਬੈਂਕ ਦੇ ਖੇਤਰੀ ਮੈਨੇਜਰ ਸ਼ਿਆਮ ਸੁੰਦਰ ਪ੍ਰਸਾਦ ਮੇਡਾ; ਪੇਂਡੂ ਸਵੈ-ਰੁਜ਼ਗਾਰ ਸਿਖਲਾਈ ਸੰਸਥਾ, ਸੰਗਰੂਰ ਦੇ ਡਾਇਰੈਕਟਰ ਬਿਸ਼ਵਜੀਤ ਮੁਖਰਜੀ; ਕੈਨਰਾ ਬੈਂਕ, ਸੰਗਰੂਰ ਦੇ ਸੀਨੀਅਰ ਬ੍ਰਾਂਚ ਹੈੱਡ ਰਣਧੀਰ ਕੁਮਾਰ ਝਾਅ; ਬ੍ਰਾਂਚ ਹੈੱਡ ਮੁਨੀਸ਼ ਜਿੰਦਲ; ਕੈਨਰਾ ਬੈਂਕ, ਸੰਗਰੂਰ ਦੇ ਰੱਜਤ ਕੁਮਾਰ ਗਰਗ; ਪੰਜਾਬ ਨੈਸ਼ਨਲ ਬੈਂਕ, ਸੰਗਰੂਰ ਦੇ ਜ਼ਿਲ੍ਹਾ ਤਾਲਮੇਲ ਅਧਿਕਾਰੀ ਸਤੀਸ਼ ਅਹਲਾਵਤ ਅਤੇ ਡੇਅਰੀ ਵਿਕਾਸ ਵਿਭਾਗ ਦੇ ਇੰਸਪੈਕਟਰ ਚਰਨਜੀਤ ਧੀਰ ਵੀ ਹਾਜ਼ਰ ਸਨ। ਵਿੱਤੀ ਸਾਖਰਤਾ ਕੇਂਦਰ, ਸੰਗਰੂਰ ਅਤੇ ਪੰਜਾਬ ਰਾਜ ਪੇਂਡੂ ਆਜੀਵਿਕਾ ਮਿਸ਼ਨ ਦੇ ਨੁਮਾਇੰਦਿਆਂ ਨੇ ਵੀ ਸਮਾਗਮ ਵਿੱਚ ਭਾਗ ਲਿਆ। ਸਮਾਗਮ ਦੀ ਸਮਾਪਤੀ ਸਟੇਟ ਬੈਂਕ ਆਫ਼ ਇੰਡੀਆ ਦੇ ਸਹਾਇਕ ਜਨਰਲ ਮੈਨੇਜਰ ਵਿਵੇਕ ਕੁਮਾਰ ਵੱਲੋਂ ਧੰਨਵਾਦੀ ਮਤਾ ਪੇਸ਼ ਕਰਨ ਨਾਲ ਹੋਈ। ਬੈਂਕਿੰਗ ਖੇਤਰ, ਸਰਕਾਰੀ ਵਿਭਾਗਾਂ, ਵਿੱਤੀ ਸਾਖਰਤਾ ਸੰਸਥਾਵਾਂ ਅਤੇ ਆਮ ਲੋਕਾਂ ਦੀ ਉਤਸ਼ਾਹਪੂਰਨ ਭਾਗੀਦਾਰੀ ਨੇ ਸੰਗਰੂਰ ਜ਼ਿਲ੍ਹੇ ਵਿੱਚ ਵਿਆਪਕ ਵਿੱਤੀ ਸ਼ਮੂਲੀਅਤ, ਸਮਾਜਿਕ ਸੁਰੱਖਿਆ ਯੋਜਨਾਵਾਂ ਦੀ ਸਰਬਵਿਆਪੀ ਕਵਰੇਜ ਅਤੇ ਆਰਥਿਕ ਸਸ਼ਕਤੀਕਰਨ ਨੂੰ ਯਕੀਨੀ ਬਣਾਉਣ ਪ੍ਰਤੀ ਉਨ੍ਹਾਂ ਦੀ ਸਾਂਝੀ ਵਚਨਬੱਧਤਾ ਨੂੰ ਦਰਸਾਇਆ।
RELATED ARTICLES
- Advertisment -
Google search engine
Google search engine
Google search engine

Most Popular

Recent Comments