ਨਵੀਂ ਦਿੱਲੀ, 24 ਨਵੰਬਰ, 2026 (ਹਰਸ਼ਪ੍ਰੀਤ ਕੌਰ ) : ਭਾਰਤੀ ਖੁਰਾਕ ਸੁਰੱਖਿਆ ਅਤੇ ਮਿਆਰ ਅਥਾਰਟੀ (FSSAI) ਨੇ ਬਿਸਲੇਰੀ ਦੇ ਪੈਕਡ ਪੀਣ ਵਾਲੇ ਪਾਣੀ ਦੇ ਨਮੂਨੇ ਸਬੰਧੀ ਸਪੱਸ਼ਟੀਕਰਨ ਜਾਰੀ ਕਰਦਿਆਂ ਦੱਸਿਆ ਹੈ ਕਿ ਕੰਪਨੀ ਦੇ ਗੋਆ ਸਥਿਤ ਪਲਾਂਟ ਦੇ ਸਿਰਫ਼ ਇੱਕ ਬੈਚ ਦਾ ਨਮੂਨਾ ਨਿਰਧਾਰਤ ਸੁਰੱਖਿਆ ਮਾਪਦੰਡਾਂ ’ਤੇ ਖਰਾ ਨਹੀਂ ਉਤਰਿਆ। ਇਸ ਬੈਚ ਦਾ ਨੰਬਰ GO 270 ਹੈ। FSSAI ਅਨੁਸਾਰ ਇਹ ਨਮੂਨਾ ਦੱਖਣੀ ਗੋਆ ਦੇ ਵਰਨਾ ਇਲੈਕਟ੍ਰਾਨਿਕ ਸਿਟੀ ਸਥਿਤ ਬਿਸਲੇਰੀ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਦੇ ਪਲਾਂਟ ਤੋਂ ਲਿਆ ਗਿਆ ਸੀ। ਪਹਿਲੀ ਜਾਂਚ ਵਿੱਚ ਪਾਣੀ ਅੰਦਰ ਬ੍ਰੋਮੇਟਸ ਦੀ ਮਾਤਰਾ 0.012 ਮਿਲੀਗ੍ਰਾਮ ਪ੍ਰਤੀ ਲੀਟਰ ਦਰਜ ਕੀਤੀ ਗਈ, ਜਦਕਿ ਇਸ ਦੀ ਨਿਰਧਾਰਤ ਸੀਮਾ 0.01 ਮਿਲੀਗ੍ਰਾਮ ਪ੍ਰਤੀ ਲੀਟਰ ਹੈ। ਇਸ ਤੋਂ ਇਲਾਵਾ ਪੌਲੀਨਿਊਕਲੀਅਰ ਐਰੋਮੈਟਿਕ ਹਾਈਡਰੋਕਾਰਬਨ (PAH) ਦੀ ਮੌਜੂਦਗੀ ਦੀ ਵੀ ਜਾਂਚ ਕੀਤੀ ਗਈ।
ਕੰਪਨੀ ਵੱਲੋਂ ਪਹਿਲੀ ਲੈਬਾਰਟਰੀ ਦੀ ਰਿਪੋਰਟ ਖ਼ਿਲਾਫ਼ ਅਪੀਲ ਕਰਨ ਤੋਂ ਬਾਅਦ ਨਮੂਨੇ ਦੀ ਮੁੜ ਜਾਂਚ ਰੈਫਰਲ ਲੈਬਾਰਟਰੀ NFL, ਨਵੀਂ ਮੁੰਬਈ ਵਿੱਚ ਕਰਵਾਈ ਗਈ। ਇਸ ਜਾਂਚ ਦੌਰਾਨ PAH ਦੀ ਮਾਤਰਾ 0.000144 ਮਿਲੀਗ੍ਰਾਮ ਪ੍ਰਤੀ ਲੀਟਰ (0.144 ਮਾਈਕ੍ਰੋਗ੍ਰਾਮ ਪ੍ਰਤੀ ਲੀਟਰ) ਪਾਈ ਗਈ, ਜਦਕਿ ਬ੍ਰੋਮੇਟਸ ਦੀ ਮਾਤਰਾ ਨਿਰਧਾਰਤ ਸੀਮਾ ਦੇ ਅੰਦਰ ਰਹੀ। FSS ਨਿਯਮ 2.4.6 ਅਨੁਸਾਰ ਅਪੀਲ ਦੀ ਸਥਿਤੀ ਵਿੱਚ ਰੈਫਰਲ ਲੈਬਾਰਟਰੀ ਦੀ ਰਿਪੋਰਟ ਨੂੰ ਅੰਤਿਮ ਮੰਨਿਆ ਜਾਂਦਾ ਹੈ। ਇਸ ਰਿਪੋਰਟ ਦੇ ਆਧਾਰ ’ਤੇ FSSAI ਨੇ ਖੁਰਾਕ ਸੁਰੱਖਿਆ ਕਾਨੂੰਨ ਦੀ ਧਾਰਾ 36(3) ਤਹਿਤ ਬੈਚ ਨੰਬਰ GO 270 ਦੀ ਵਿਕਰੀ ’ਤੇ ਪਾਬੰਦੀ ਲਗਾਉਣ ਦਾ ਹੁਕਮ ਜਾਰੀ ਕੀਤਾ ਹੈ। ਅਥਾਰਟੀ ਨੇ ਸਪੱਸ਼ਟ ਕੀਤਾ ਹੈ ਕਿ ਇਹ ਕਾਰਵਾਈ ਸਿਰਫ਼ ਇੱਕ ਨਮੂਨੇ ਅਤੇ ਇੱਕ ਬੈਚ ਤੱਕ ਸੀਮਤ ਹੈ। ਗੋਆ ਪਲਾਂਟ ਦੇ ਹੋਰ ਬੈਚਾਂ ਬਾਰੇ ਅਜਿਹੀ ਕੋਈ ਗੈਰ-ਮਿਆਰੀ ਰਿਪੋਰਟ ਨਹੀਂ ਦਿੱਤੀ ਗਈ। ਇਸ ਦੇ ਨਾਲ ਹੀ ਕੰਪਨੀ ਨੂੰ ਖਾਮੀ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਵਿਸਥਾਰਪੂਰਵਕ ਜਾਂਚ (Root Cause Analysis) ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।






