ਗੁਰਦਾਸਪੁਰ : ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਆਪਣੇ ਸਾਥੀ ਕੈਬਨਿਟ ਮੰਤਰੀਆਂ ਨੇ ਬੀਤੇ ਦਿਨ ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਸ਼ਾਸਨਾਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਵਸ ਸਮਾਰੋਹਾਂ ਲਈ ਸੁਚਾਰੂ ਪ੍ਰਬੰਧਾਂ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਕਾਰਜਾਂ ਦੀ ਸਮੇਂ-ਸਿਰ ਪੂਰੀ ਕਰਨ ਲਈ ਵਿਸਥਾਰਪੂਰਵਕ ਹੁਕਮ ਜਾਰੀ ਕੀਤੇ।
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਕਈ ਮਹੀਨਿਆਂ ਤੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਨ੍ਹਾਂ ਦੇ ਅਟੱਲ ਸਿੱਖ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਯਾਲਾ ਜੀ ਦੀ ਅਦੁੱਤੀ ਸ਼ਹੀਦੀ ਨੂੰ ਯੋਗ ਸ਼ਰਧਾਂਜਲੀ ਦੇਣ ਲਈ ਵਿਆਪਕ ਤਿਆਰੀ ਕਰ ਰਹੀ ਹੈ।
ਮੀਟਿੰਗ ਦੌਰਾਨ ਸ. ਬੈਂਸ ਨੇ ਦੋਵੇਂ ਜ਼ਿਲ੍ਹਾ ਡਿਪਟੀ ਕਮਿਸ਼ਨਰਾਂ ਅਤੇ ਹੋਰ ਸਬੰਧਤ ਜ਼ਿਲ੍ਹਾ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਬੁਨਿਆਦੀ ਢਾਂਚੇ, ਸਫਾਈ, ਰੋਸ਼ਨੀ, ਸੰਗਤ ਦੀ ਠਹਿਰ, ਟਰੈਫਿਕ ਅਤੇ ਸੁਰੱਖਿਆ ਨਾਲ ਸਬੰਧਤ ਸਾਰੇ ਪ੍ਰਬੰਧ ਸਮੇਂ ਤੋਂ ਪਹਿਲਾਂ ਪੂਰੇ ਕਰ ਲਏ ਜਾਣ। ਉਨ੍ਹਾਂ ਨੇ ਧਾਰਮਿਕ ਸੰਸਥਾਵਾਂ ਅਤੇ ਸਥਾਨਕ ਗੁਰਦੁਆਰਾ ਕਮੇਟੀਆਂ ਨਾਲ ਨਿਕਟ ਸਹਿਯੋਗ ਬਣਾਈ ਰੱਖਣ ਲਈ ਵੀ ਕਿਹਾ ਤਾਂ ਜੋ ਸਾਰੇ ਸਮਾਗਮ ਸ਼ਾਂਤੀਪੂਰਵਕ ਅਤੇ ਸ਼ਰਧਾ ਨਾਲ ਆਯੋਜਿਤ ਹੋਣ।
ਸਿੱਖਿਆ ਮੰਤਰੀ ਨੇ ਪੀ.ਡਬਲਯੂ.ਡੀ, ਪੇਂਡੂ ਵਿਕਾਸ, ਸਥਾਨਕ ਸਰਕਾਰ ਅਤੇ ਟੂਰਿਜ਼ਮ ਵਿਭਾਗਾਂ ਨੂੰ ਪੂਰੀ ਤਾਲਮੇਲ ਨਾਲ ਕੰਮ ਕਰਨ ਦੇ ਆਦੇਸ਼ ਦਿੱਤੇ, ਤਾਂ ਜੋ ਨਗਰ ਕੀਰਤਨਾਂ ਦੇ ਰੂਟਾਂ ਦੀ ਸੁੰਦਰਤਾ, ਸੜਕਾਂ ਦੀ ਅਪਗ੍ਰੇਡੇਸ਼ਨ, ਸਟਰੀਟ ਲਾਈਟਾਂ ਦੀ ਮੁਰੰਮਤ, ਸਫਾਈ ਪ੍ਰਬੰਧ ਅਤੇ ਪੀਣ ਵਾਲੇ ਪਾਣੀ ਅਤੇ ਪਾਰਕਿੰਗ ਦੀ ਉਚਿਤ ਸਹੂਲਤ ਯਕੀਨੀ ਬਣਾਈ ਜਾ ਸਕੇ।
ਉਨ੍ਹਾਂ ਕਿਹਾ, “ਸਾਡਾ ਫਰਜ ਹੈ ਕਿ ਅਸੀਂ ਸੇਵਾਦਾਰ ਵਜੋਂ ਹਰ ਪੱਖ ਤੋਂ ਇਹਨਾਂ ਪਵਿੱਤਰ ਤੇ ਇਤਿਹਾਸਕ ਸਮਾਰੋਹਾਂ ਨੂੰ ਪੂਰੀ ਸ਼ਰਧਾ ਅਤੇ ਅਨੁਸ਼ਾਸਨ ਨਾਲ ਆਯੋਜਿਤ ਕਰੀਏ।” ਉਨ੍ਹਾਂ ਦੱਸਿਆ ਕਿ ਚਾਰ ਵੱਡੇ ਨਗਰ ਕੀਰਤਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਸ਼ੁਰੂ ਹੋਣਗੇ ਅਤੇ 22 ਨਵੰਬਰ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਇਕੱਠੇ ਹੋਣਗੇ। ਪਹਿਲਾ ਨਗਰ ਕੀਰਤਨ 19 ਨਵੰਬਰ ਨੂੰ ਸ੍ਰੀਨਗਰ ਤੋਂ ਸ਼ੁਰੂ ਹੋ ਕੇ ਜੰਮੂ, ਪਠਾਨਕੋਟ ਤੇ ਹੁਸ਼ਿਆਰਪੁਰ ਰਾਹੀਂ ਲੰਘੇਗਾ।ਦੂਜਾ ਗੁਰਦਾਸਪੁਰ ਤੋਂ ਸ਼ੁਰੂ ਹੋ ਕੇ ਬਟਾਲਾ, ਬਾਬਾ ਬਕਾਲਾ ਤੇ ਅੰਮ੍ਰਿਤਸਰ ਰਾਹੀ, ਤੀਜਾ ਫਰੀਦਕੋਟ ਤੋਂ ਫਿਰੋਜ਼ਪੁਰ, ਲੁਧਿਆਣਾ ਅਤੇ ਸ੍ਰੀ ਫਤਿਹਗੜ੍ਹ ਸਾਹਿਬ ਰਾਹੀਂ, ਅਤੇ ਚੌਥਾ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਬਠਿੰਡਾ, ਸੰਗਰੂਰ, ਪਟਿਆਲਾ ਅਤੇ ਮੋਹਾਲੀ ਰਾਹੀਂ ਲੰਘੇਗਾ।







