Homeਪੰਜਾਬਵੈਟਰਨਰੀ ਯੂਨੀਵਰਸਿਟੀ ਨੇ ਇੰਡੀਅਨ ਐਸੋਸੀਏਸ਼ਨ ਆਫ਼ ਵੈਟਰਨਰੀ ਪੈਥੋਲੋਜਿਸਟਸ ਦੀ ਰਾਸ਼ਟਰੀ ਕਾਨਫਰੰਸ ਵਿੱਚ...

ਵੈਟਰਨਰੀ ਯੂਨੀਵਰਸਿਟੀ ਨੇ ਇੰਡੀਅਨ ਐਸੋਸੀਏਸ਼ਨ ਆਫ਼ ਵੈਟਰਨਰੀ ਪੈਥੋਲੋਜਿਸਟਸ ਦੀ ਰਾਸ਼ਟਰੀ ਕਾਨਫਰੰਸ ਵਿੱਚ ਮਾਰੀਆਂ ਮੱਲਾਂ

Guru Angad Dev Veterinary University shines at the national conference in Mathura, with faculty members and students winning multiple awards for outstanding research presentations and scientific contributions.

ਲੁਧਿਆਣਾ, 23 ਨਵੰਬਰ 2026 (ਛਤਰਪਾਲ ਸਿੰਘ ) : ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਦੇ ਵੈਟਰਨਰੀ ਪੈਥੋਲੋਜੀ ਵਿਭਾਗ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਉੱਤਰ ਪ੍ਰਦੇਸ਼ ਦੇ ਪੰਡਿਤ ਦੀਨ ਦਿਆਲ ਉਪਾਧਿਆਏ ਪਸ਼ੂ ਚਿਕਿਤਸਾ ਵਿਗਿਆਨ ਵਿਸ਼ਵਵਿਦਿਆਲਿਆ, ਮਥੁਰਾ ਵਿਖੇ ਕਰਵਾਈ ਗਈ ਇੰਡੀਅਨ ਐਸੋਸੀਏਸ਼ਨ ਆਫ਼ ਵੈਟਰਨਰੀ ਪੈਥੋਲੋਜਿਸਟਸ (IAVP) ਦੀ ਰਾਸ਼ਟਰੀ ਕਾਨਫਰੰਸ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਯੂਨੀਵਰਸਿਟੀ ਦਾ ਨਾਮ ਰੌਸ਼ਨ ਕੀਤਾ। ਵਿਭਾਗ ਦੀ ਸਹਾਇਕ ਪ੍ਰੋਫੈਸਰ ਡਾ. ਐੱਲ. ਗੀਤਾ ਦੇਵੀ ਅਤੇ ਪੀਐੱਚ.ਡੀ. ਖੋਜਾਰਥੀ ਡਾ. ਰਜਤ ਸੂਦ ਨੂੰ ਸਿਧਾਂਤਕ ਅਤੇ ਪ੍ਰੈਕਟੀਕਲ ਪ੍ਰੀਖਿਆਵਾਂ ਸਮੇਤ ਸਾਰੀਆਂ ਛੇ ਪ੍ਰੀਖਿਆਵਾਂ ਸਫਲਤਾਪੂਰਵਕ ਪਾਸ ਕਰਨ ਉਪਰੰਤ ICVP ਦੇ ਡਿਪਲੋਮੇਟ ਵਜੋਂ ਸ਼ਾਮਲ ਕੀਤਾ ਗਿਆ। ਇਸ ਤੋਂ ਇਲਾਵਾ ਡਾ. ਗੀਤਾ ਦੇਵੀ ਨੇ ਤਕਨੀਕੀ ਸੈਸ਼ਨ ਦੌਰਾਨ ਰੈਪੋਰਟਰ ਦੀ ਭੂਮਿਕਾ ਵੀ ਨਿਭਾਈ।

ਤਕਨੀਕੀ ਪੁਰਸਕਾਰ ਸੈਸ਼ਨ ਵਿੱਚ ਵਿਦਿਆਰਥੀਆਂ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਲਵਲੀਨ ਕੌਰ ਨੇ ਆਪਣੀ ਖੋਜ ਪੇਸ਼ਕਾਰੀ “A Multicentric Lymphoma with Prominent Renal Involvement” ਲਈ ਪਹਿਲਾ ਇਨਾਮ ਹਾਸਲ ਕੀਤਾ। ਇਸ ਖੋਜ ਦੇ ਸਹਿ-ਲੇਖਕ ਐੱਲ. ਗੀਤਾ ਦੇਵੀ ਅਤੇ ਨਿਤਿਨ ਦੇਵ ਸਿੰਘ ਸਨ। ਪ੍ਰਣੇਸ਼ ਐੱਮ. ਅਤੇ ਮਾਨਵੀ ਸ਼ਰਮਾ ਨੇ ਆਪੋ-ਆਪਣੀਆਂ ਖੋਜ ਪੇਸ਼ਕਾਰੀਆਂ ਲਈ ਤੀਜਾ ਇਨਾਮ ਪ੍ਰਾਪਤ ਕੀਤਾ। ਪ੍ਰਣੇਸ਼ ਐੱਮ. ਨੇ ਐੱਲ. ਗੀਤਾ ਦੇਵੀ, ਹਰਕੀਰਤ ਸਿੰਘ ਅਤੇ ਨਿਤਿਨ ਦੇਵ ਸਿੰਘ ਦੇ ਸਹਿਯੋਗ ਨਾਲ “Canine Oesophageal Spirocercosis in a Male German Shepherd Crossbred Dog: A Pathomorphological Study” ਵਿਸ਼ੇ ’ਤੇ ਖੋਜ ਪੇਸ਼ ਕੀਤੀ।

ਇਸੇ ਤਰ੍ਹਾਂ ਮਾਨਵੀ ਸ਼ਰਮਾ ਨੇ ਪ੍ਰਿਯੰਕਾ, ਐੱਨ. ਡੀ. ਸਿੰਘ, ਹਰਕੀਰਤ ਸਿੰਘ ਅਤੇ ਮੁਦਿਤ ਚੰਦਰਾ ਦੇ ਸਹਿਯੋਗ ਨਾਲ “Concurrent Streptococcus uberis-Associated Mastitis and Endometritis with Theileria Infection in Cattle: A Multisystemic Pathological Presentation” ਵਿਸ਼ੇ ’ਤੇ ਆਪਣੀ ਖੋਜ ਪੇਸ਼ ਕੀਤੀ। ਪੋਸਟਰ ਪੇਸ਼ਕਾਰੀ ਸ਼੍ਰੇਣੀ ਵਿੱਚ ਡਾ. ਰਜਤ ਸੂਦ ਨੇ “Histopathological Diagnosis of Cutaneous and Subcutaneous Neoplasms in Dogs in Punjab” ਵਿਸ਼ੇ ’ਤੇ ਪੋਸਟਰ ਪੇਸ਼ ਕਰਕੇ ਤੀਜਾ ਇਨਾਮ ਹਾਸਲ ਕੀਤਾ। ਇਸ ਖੋਜ ਦੇ ਸਹਿ-ਲੇਖਕ ਓਮਰ ਕੇ. ਬਾਬਾ, ਐੱਲ. ਗੀਤਾ ਦੇਵੀ, ਐੱਨ. ਡੀ. ਸਿੰਘ ਅਤੇ ਕੁਲਦੀਪ ਗੁਪਤਾ ਸਨ।

ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜੇ.ਪੀ.ਐੱਸ. ਗਿੱਲ ਨੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਵਿਭਾਗ ਪਸ਼ੂਆਂ ਦੀਆਂ ਬਿਮਾਰੀਆਂ ਦੀ ਪਛਾਣ ਅਤੇ ਭਵਿੱਖ ਦੀਆਂ ਲੋੜਾਂ ਅਨੁਸਾਰ ਹੁਨਰਮੰਦ ਮਨੁੱਖੀ ਸਰੋਤ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਇਹ ਹੁਨਰਮੰਦ ਵਿਦਿਆਰਥੀ ਆਉਣ ਵਾਲੇ ਸਮੇਂ ਵਿੱਚ ਆਪਣੇ ਵਿਸ਼ੇ ਦੇ ਮੋਹਰੀ ਬਣਨਗੇ।ਕਾਲਜ ਆਫ਼ ਵੈਟਰਨਰੀ ਸਾਇੰਸ ਦੇ ਡੀਨ ਡਾ. ਐੱਸ.ਐੱਸ. ਰੰਧਾਵਾ ਨੇ ਵੀ ਵਿਭਾਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਪ੍ਰਾਪਤੀਆਂ ਵੈਟਰਨਰੀ ਪੈਥੋਲੋਜੀ ਦੇ ਖੇਤਰ ਵਿੱਚ ਖੋਜ, ਅਕਾਦਮਿਕ ਗਤੀਵਿਧੀਆਂ ਅਤੇ ਵਿਗਿਆਨਕ ਯੋਗਦਾਨ ਵਿੱਚ ਉੱਤਮਤਾ ਪ੍ਰਤੀ ਯੂਨੀਵਰਸਿਟੀ ਦੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ।

 

RELATED ARTICLES
- Advertisment -
Google search engine
Google search engine
Google search engine

Most Popular

Recent Comments