Homeਹਰਿਆਣਾਕੁਰੂਕਸ਼ੇਤਰ ਵਿੱਚ 120 ਕਰੋੜ ਰੁਪਏ ਦੀ ਲਾਗਤ ਨਾਲ ਬਣੇਗਾ ਹਰਿਆਣਾ ਦਾ ਸਭ...

ਕੁਰੂਕਸ਼ੇਤਰ ਵਿੱਚ 120 ਕਰੋੜ ਰੁਪਏ ਦੀ ਲਾਗਤ ਨਾਲ ਬਣੇਗਾ ਹਰਿਆਣਾ ਦਾ ਸਭ ਤੋਂ ਵੱਡਾ ਆਧੁਨਿਕ ਵਿਸ਼ਰਾਮ ਗ੍ਰਹਿ : ਨਾਇਬ ਸਿੰਘ ਸੈਣੀ

Haryana CM Nayab Singh Saini Announces ₹120-Crore Modern Rest House in Kurukshetra, Tourism Police Station and 26 Emergency Response Vehicles.

ਅਗਨਿਸ਼ਮਨ ਤੇ ਐਮਰਜੈਂਸੀ ਸੇਵਾਵਾਂ ਲਈ 3 ਕਰੋੜ ਰੁਪਏ ਦੀ ਲਾਗਤ ਨਾਲ ਖਰੀਦੀਆਂ 26 ਰਿਕਵਰੀ ਵੈਨਾਂ ਅਤੇ ਕਮਾਂਡ ਐਂਡ ਕੰਟਰੋਲ ਗੱਡੀਆਂ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ

ਕੁਰੂਕਸ਼ੇਤਰ, 21 ਨਵੰਬਰ 2026 (ਸੰਜੀਵ ਸ਼ਰਮਾ): ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਐਲਾਨ ਕੀਤਾ ਹੈ ਕਿ ਕੁਰੂਕਸ਼ੇਤਰ ਵਿੱਚ 120 ਕਰੋੜ ਰੁਪਏ ਦੀ ਲਾਗਤ ਨਾਲ ਸੂਬੇ ਦਾ ਸਭ ਤੋਂ ਵੱਡਾ ਅਤੇ ਆਧੁਨਿਕ ਵਿਸ਼ਰਾਮ ਗ੍ਰਹਿ ਬਣਾਇਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਬ੍ਰਹਮਸਰੋਵਰ ਨੇੜੇ ਜਲਦੀ ਹੀ ਸੈਰ-ਸਪਾਟਾ ਪੁਲਿਸ ਥਾਣਾ ਖੋਲ੍ਹਣ ਦਾ ਵੀ ਐਲਾਨ ਕੀਤਾ। ਇਹ ਥਾਣਾ ਤਿੰਨ ਏਕੜ ਜ਼ਮੀਨ ਵਿੱਚ ਬਣਾਇਆ ਜਾਵੇਗਾ, ਜਿੱਥੇ 100 ਪੁਲਿਸ ਮੁਲਾਜ਼ਮਾਂ ਅਤੇ ਸਹਾਇਕ ਸਟਾਫ਼ ਦੀ ਤਾਇਨਾਤੀ ਹੋਵੇਗੀ। ਇਨ੍ਹਾਂ ਮੁਲਾਜ਼ਮਾਂ ਨੂੰ ਸੈਲਾਨੀਆਂ ਨਾਲ ਸੁਚੱਜੇ ਵਿਵਹਾਰ, ਸੱਭਿਆਚਾਰਕ ਸੰਵੇਦਨਸ਼ੀਲਤਾ ਅਤੇ ਵੱਖ-ਵੱਖ ਭਾਸ਼ਾਵਾਂ ਦੀ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ। ਮੁੱਖ ਮੰਤਰੀ ਸ਼ਨੀਵਾਰ ਨੂੰ ਬ੍ਰਹਮਸਰੋਵਰ ਦੇ ਪੱਛਮੀ ਕੰਢੇ ’ਤੇ ਸਾਢੇ ਛੇ ਏਕੜ ਦੇ ਕਰੀਬ ਜ਼ਮੀਨ ਵਿੱਚ ਬਣਨ ਵਾਲੇ ਆਧੁਨਿਕ ਵਿਸ਼ਰਾਮ ਗ੍ਰਹਿ ਦੇ ਨੀਂਹ ਪੱਥਰ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਨੇ ਲੋਕ ਨਿਰਮਾਣ ਵਿਭਾਗ ਦੇ ਵਿਸ਼ਰਾਮ ਗ੍ਰਹਿ ਦਾ ਭੂਮੀ ਪੂਜਨ ਕੀਤਾ। ਇਸ ਤੋਂ ਬਾਅਦ ਹਰਿਆਣਾ ਅਗਨਿਸ਼ਮਨ ਅਤੇ ਐਮਰਜੈਂਸੀ ਸੇਵਾਵਾਂ ਨੂੰ ਮਜ਼ਬੂਤ ਬਣਾਉਣ ਲਈ ਲਗਭਗ 3 ਕਰੋੜ ਰੁਪਏ ਦੀ ਲਾਗਤ ਨਾਲ ਖਰੀਦੀਆਂ ਗਈਆਂ 26 ਰਿਕਵਰੀ ਵੈਨਾਂ ਅਤੇ ਕਮਾਂਡ ਐਂਡ ਕੰਟਰੋਲ ਗੱਡੀਆਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਮਹਾਰਾਜ ਅਤੇ ਸਾਬਕਾ ਰਾਜ ਮੰਤਰੀ ਸੁਭਾਸ਼ ਸੁਧਾ ਵੀ ਮੌਜੂਦ ਸਨ।

ਮੁੱਖ ਮੰਤਰੀ ਦਾ ਵਿੱਤ ਕਮਿਸ਼ਨਰ ਡਾ. ਸੁਮਿਤਾ ਮਿਸ਼ਰਾ ਅਤੇ ਲੋਕ ਨਿਰਮਾਣ ਵਿਭਾਗ (ਬੀ ਐਂਡ ਆਰ) ਦੇ ਵਧੀਕ ਮੁੱਖ ਸਕੱਤਰ ਏ.ਕੇ. ਸਿੰਘ ਨੇ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਕੁਰੂਕਸ਼ੇਤਰ ਦੀ ਪਵਿੱਤਰ ਧਰਤੀ ’ਤੇ ਮਰਿਆਦਾ, ਮਾਰਗਦਰਸ਼ਨ ਅਤੇ ਮਹਾਭਾਰਤ ਦੀ ਅਮਰ ਗਾਥਾ ਸਮਾਈ ਹੋਈ ਹੈ। ਇੱਥੇ ਰੱਖੀ ਜਾਣ ਵਾਲੀ ਹਰ ਨੀਂਹ ਸਿਰਫ਼ ਇੱਟਾਂ ਅਤੇ ਸੀਮਿੰਟ ਦੀ ਨੀਂਹ ਨਹੀਂ ਹੁੰਦੀ, ਸਗੋਂ ਇਸ ਨਾਲ ਆਸਥਾ, ਸੰਕਲਪ ਅਤੇ ਲੋਕ ਸੇਵਾ ਦੀ ਭਾਵਨਾ ਵੀ ਜੁੜੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਹ ਦੋਵੇਂ ਪ੍ਰਾਜੈਕਟ ਕੁਰੂਕਸ਼ੇਤਰ ਦੇ ਵਿਕਾਸ ਅਤੇ ਸੂਬੇ ਦੀਆਂ ਐਮਰਜੈਂਸੀ ਸੇਵਾਵਾਂ ਨੂੰ ਆਧੁਨਿਕ ਬਣਾਉਣ ਵੱਲ ਅਹਿਮ ਕਦਮ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਉਦਯੋਗਿਕ ਗਤੀਵਿਧੀਆਂ ਵਧ ਰਹੀਆਂ ਹਨ ਅਤੇ ਉੱਚੀਆਂ ਇਮਾਰਤਾਂ ਦਾ ਨਿਰਮਾਣ ਹੋ ਰਿਹਾ ਹੈ। ਇਸ ਕਾਰਨ ਐਮਰਜੈਂਸੀ ਹਾਲਾਤ ਨਾਲ ਨਜਿੱਠਣ ਦੀਆਂ ਚੁਣੌਤੀਆਂ ਵੀ ਬਦਲ ਰਹੀਆਂ ਹਨ। ਇਨ੍ਹਾਂ ਚੁਣੌਤੀਆਂ ਨੂੰ ਧਿਆਨ ਵਿੱਚ ਰੱਖਦਿਆਂ ਨਵੇਂ ਛੋਟੇ ਅਤੇ ਬਹੁ-ਉਦੇਸ਼ੀ ਵਾਹਨ ਖਰੀਦੇ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਾਹਨਾਂ ਵਿੱਚ ਪੋਰਟੇਬਲ ਪੰਪ, ਸਾਹ ਲੈਣ ਲਈ ਵਿਸ਼ੇਸ਼ ਉਪਕਰਨ ਅਤੇ ਲਾਈਟਿੰਗ ਟਾਵਰ ਵਰਗੇ ਜ਼ਰੂਰੀ ਸਾਜ਼ੋ-ਸਾਮਾਨ ਉਪਲਬਧ ਹੋਣਗੇ। ਵੱਡੇ ਹਾਦਸਿਆਂ ਦੌਰਾਨ ਇਹ ਵਾਹਨ ਮੌਕੇ ’ਤੇ ਕਮਾਂਡ ਅਤੇ ਕੰਟਰੋਲ ਦੀ ਜ਼ਿੰਮੇਵਾਰੀ ਵੀ ਸੰਭਾਲਣਗੇ। ਇਸ ਨਾਲ ਰਾਹਤ ਕਾਰਜਾਂ ਵਿੱਚ ਤੇਜ਼ੀ ਆਵੇਗੀ ਅਤੇ ਜਾਨ-ਮਾਲ ਦੇ ਨੁਕਸਾਨ ਨੂੰ ਰੋਕਣ ਵਿੱਚ ਮਦਦ ਮਿਲੇਗੀ। ਮੁੱਖ ਮੰਤਰੀ ਨੇ ਅਗਨਿਸ਼ਮਨ ਕਰਮਚਾਰੀਆਂ ਦੇ ਹੌਸਲੇ ਅਤੇ ਸਮਰਪਣ ਦੀ ਵੀ ਸ਼ਲਾਘਾ ਕੀਤੀ।

ਵਿਸ਼ਰਾਮ ਗ੍ਰਹਿ ਵਿੱਚ ਹੋਣਗੀਆਂ ਆਧੁਨਿਕ ਸਹੂਲਤਾਂ

ਮੁੱਖ ਮੰਤਰੀ ਨੇ ਦੱਸਿਆ ਕਿ ਬ੍ਰਹਮਸਰੋਵਰ ਦੇ ਪੱਛਮੀ ਕੰਢੇ ’ਤੇ ਬਣਨ ਵਾਲਾ ਆਧੁਨਿਕ ਲੋਕ ਨਿਰਮਾਣ ਵਿਸ਼ਰਾਮ ਗ੍ਰਹਿ ਲਗਭਗ ਦੋ ਲੱਖ ਵਰਗ ਫੁੱਟ ਖੇਤਰ ਵਿੱਚ ਵਿਕਸਤ ਕੀਤਾ ਜਾਵੇਗਾ। ਇਸ ਪ੍ਰਾਜੈਕਟ ਤਹਿਤ ਤਿੰਨ ਇਮਾਰਤਾਂ ਬਣਾਈਆਂ ਜਾਣਗੀਆਂ। ਇਨ੍ਹਾਂ ਵਿੱਚ ਪੰਜ ਮੰਜ਼ਿਲਾ ਮੁੱਖ ਵਿਸ਼ਰਾਮ ਗ੍ਰਹਿ, ਕਰਮਚਾਰੀਆਂ ਅਤੇ ਡਰਾਈਵਰਾਂ ਲਈ ਵੱਖਰਾ ਵਿਸ਼ਰਾਮ ਗ੍ਰਹਿ ਅਤੇ ਚੌਥਾ ਦਰਜਾ ਕਰਮਚਾਰੀਆਂ ਲਈ ਛੇ ਰਿਹਾਇਸ਼ੀ ਕੁਆਰਟਰ ਸ਼ਾਮਲ ਹੋਣਗੇ। ਵਿਸ਼ਰਾਮ ਗ੍ਰਹਿ ਵਿੱਚ ਆਰਾਮਦਾਇਕ ਕਮਰੇ, ਕਾਨਫਰੰਸ ਹਾਲ, ਕਮੇਟੀ ਰੂਮ, ਬਹੁ-ਉਦੇਸ਼ੀ ਹਾਲ, ਰੈਸਟੋਰੈਂਟ, ਕੈਫੇਟੇਰੀਆ, ਵੈੱਲਨੈੱਸ ਸੈਂਟਰ ਅਤੇ ਛੱਤ ਉੱਤੇ ਡਾਈਨਿੰਗ ਦੀ ਸਹੂਲਤ ਹੋਵੇਗੀ। ਇਸ ਦੀ ਬੇਸਮੈਂਟ ਵਿੱਚ ਲਗਭਗ 40 ਵਾਹਨਾਂ ਦੀ ਪਾਰਕਿੰਗ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਇਸ ਮਹੱਤਵਪੂਰਨ ਪ੍ਰਾਜੈਕਟ ਨੂੰ 24 ਮਹੀਨਿਆਂ ਵਿੱਚ ਮੁਕੰਮਲ ਕਰਨ ਦਾ ਟੀਚਾ ਰੱਖਿਆ ਗਿਆ ਹੈ।

ਪਿਛਲੇ 12 ਸਾਲਾਂ ਵਿੱਚ ਸਿੱਖਿਆ, ਸਿਹਤ ਅਤੇ ਬੁਨਿਆਦੀ ਢਾਂਚੇ ਨੂੰ ਮਿਲੀ ਨਵੀਂ ਪਛਾਣ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕੁਰੂਕਸ਼ੇਤਰ ਸਦੀਆਂ ਤੋਂ ਆਸਥਾ ਅਤੇ ਅਧਿਆਤਮਿਕਤਾ ਦਾ ਕੇਂਦਰ ਰਿਹਾ ਹੈ। ਪਿਛਲੇ 12 ਸਾਲਾਂ ਦੌਰਾਨ ਸਰਕਾਰ ਨੇ ਇਸ ਨੂੰ ਧਾਰਮਿਕ ਪਛਾਣ ਦੇ ਨਾਲ-ਨਾਲ ਸਿੱਖਿਆ, ਸਿਹਤ ਅਤੇ ਆਧੁਨਿਕ ਬੁਨਿਆਦੀ ਢਾਂਚੇ ਦੇ ਖੇਤਰ ਵਿੱਚ ਵੀ ਨਵੀਂ ਪਛਾਣ ਦਿਵਾਈ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਪਹਿਲੀ ਆਯੂਸ਼ ਯੂਨੀਵਰਸਿਟੀ, ਸ੍ਰੀ ਕ੍ਰਿਸ਼ਨ ਆਯੂਸ਼ ਯੂਨੀਵਰਸਿਟੀ, ਕੁਰੂਕਸ਼ੇਤਰ ਵਿੱਚ ਸਥਾਪਿਤ ਹੈ। ਉੱਤਰੀ ਭਾਰਤ ਦਾ ਪਹਿਲਾ ਨੈਸ਼ਨਲ ਡਿਜ਼ਾਈਨ ਇੰਸਟੀਚਿਊਟ ਉਮਰੀ ਵਿਖੇ ਬਣਾਇਆ ਗਿਆ ਹੈ। ਰੋਹਤਕ ਤੋਂ ਬਾਅਦ ਦੇਸ਼ ਦਾ ਦੂਜਾ ਐਲੀਵੇਟਿਡ ਰੇਲਵੇ ਟਰੈਕ ਕੁਰੂਕਸ਼ੇਤਰ ਵਿੱਚ ਲਗਭਗ 400 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 17 ਜੁਲਾਈ ਨੂੰ ਇਸ ਦਾ ਉਦਘਾਟਨ ਕੀਤਾ ਸੀ। ਇਸ ਨਾਲ ਸ਼ਹਿਰ ਦੇ ਪੰਜ ਰੇਲਵੇ ਫਾਟਕ ਹਮੇਸ਼ਾ ਲਈ ਖ਼ਤਮ ਹੋ ਗਏ ਹਨ ਅਤੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਉਨ੍ਹਾਂ ਕਿਹਾ ਕਿ ਗੀਤਾ ਜਯੰਤੀ ਨੂੰ ਕੌਮਾਂਤਰੀ ਪੱਧਰ ’ਤੇ ਪਛਾਣ ਦਿਵਾਉਣ ਲਈ ਹਰਿਆਣਾ ਅੰਤਰਰਾਸ਼ਟਰੀ ਗੀਤਾ ਜਯੰਤੀ ਮੇਲਾ ਅਥਾਰਟੀ ਦਾ ਗਠਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕੁਰੂਕਸ਼ੇਤਰ ਵਿੱਚ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ 28 ਕਿਲੋਮੀਟਰ ਲੰਬਾ ਬਾਈਪਾਸ ਵੀ ਬਣਾਇਆ ਜਾਵੇਗਾ, ਜਿਸ ਨੂੰ ਮਨਜ਼ੂਰੀ ਮਿਲ ਚੁੱਕੀ ਹੈ। ਇਹ ਬਾਈਪਾਸ ਕੈਥਲ ਰੋਡ ਤੋਂ ਸ਼ੁਰੂ ਹੋ ਕੇ ਰਾਸ਼ਟਰੀ ਰਾਜਮਾਰਗ-44 ਨੂੰ ਪਾਰ ਕਰਦਿਆਂ ਮਥਾਨਾ ਨੇੜੇ ਕੁਰੂਕਸ਼ੇਤਰ-ਯਮੁਨਾਨਗਰ ਰੋਡ ਨਾਲ ਜੁੜੇਗਾ।

ਕੁਰੂਕਸ਼ੇਤਰ ਨੂੰ ਵਿਸ਼ਵ ਪੱਧਰੀ ਧਾਰਮਿਕ ਅਤੇ ਸੱਭਿਆਚਾਰਕ ਸੈਰ–ਸਪਾਟਾ ਕੇਂਦਰ ਬਣਾਉਣ ਦਾ ਟੀਚਾ

ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਅੱਜ ਪੂਰਾ ਦੇਸ਼ ਆਪਣੀ ਸ਼ਾਨਦਾਰ ਵਿਰਾਸਤ ’ਤੇ ਮਾਣ ਮਹਿਸੂਸ ਕਰ ਰਿਹਾ ਹੈ। ਸੋਮਨਾਥ, ਕਾਸ਼ੀ ਵਿਸ਼ਵਨਾਥ ਧਾਮ, ਅਯੁੱਧਿਆ ਵਿੱਚ ਭਗਵਾਨ ਸ੍ਰੀ ਰਾਮ ਦਾ ਵਿਸ਼ਾਲ ਮੰਦਰ, ਉੱਜੈਨ ਦਾ ਮਹਾਕਾਲ ਲੋਕ ਅਤੇ ਸਾਗਰ ਵਿੱਚ ਸੰਤ ਸ਼੍ਰੋਮਣੀ ਸ੍ਰੀ ਗੁਰੂ ਰਵਿਦਾਸ ਜੀ ਦਾ ਵਿਸ਼ਾਲ ਸਮਾਰਕ ਇਸ ਸੱਭਿਆਚਾਰਕ ਮਾਣ ਦੇ ਪ੍ਰਤੀਕ ਹਨ। ਇਸੇ ਭਾਵਨਾ ਨਾਲ ਹਰਿਆਣਾ ਸਰਕਾਰ ਕੁਰੂਕਸ਼ੇਤਰ ਨੂੰ ਵਿਸ਼ਵ ਪੱਧਰੀ ਧਾਰਮਿਕ ਅਤੇ ਸੱਭਿਆਚਾਰਕ ਸੈਰ-ਸਪਾਟਾ ਕੇਂਦਰ ਵਜੋਂ ਵਿਕਸਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮੂਲ ਮੰਤਰ ਹੈ—ਆਸਥਾ ਦੇ ਨਾਲ ਸਹੂਲਤ, ਸੈਰ-ਸਪਾਟੇ ਦੇ ਨਾਲ ਰੁਜ਼ਗਾਰ ਅਤੇ ਵਿਰਾਸਤ ਦੇ ਨਾਲ ਵਿਕਾਸ। ਜਦੋਂ ਕੁਰੂਕਸ਼ੇਤਰ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂ ਅਤੇ ਸੈਲਾਨੀ ਪਹੁੰਚਣਗੇ ਤਾਂ ਹੋਟਲ ਮਾਲਕਾਂ, ਦੁਕਾਨਦਾਰਾਂ, ਛੋਟੇ ਵਪਾਰੀਆਂ, ਟੈਕਸੀ ਅਤੇ ਆਟੋ ਚਾਲਕਾਂ, ਕਾਰੀਗਰਾਂ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਕੁਰੂਕਸ਼ੇਤਰ ਦਾ ਵਿਕਾਸ ਇੱਥੋਂ ਦੇ ਹਰ ਪਰਿਵਾਰ ਦੀ ਖੁਸ਼ਹਾਲੀ ਨਾਲ ਜੁੜਿਆ ਹੋਇਆ ਹੈ।

ਵਿਸ਼ਵ ਭਰ ਵਿੱਚ ਵਧਿਆ ਕੁਰੂਕਸ਼ੇਤਰ ਦਾ ਮਹੱਤਵ ਅਤੇ ਆਕਰਸ਼ਣ : ਗਿਆਨਾਨੰਦ ਮਹਾਰਾਜ

ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਮਹਾਰਾਜ ਨੇ ਕਿਹਾ ਕਿ ਵਿਸ਼ਵ ਭਰ ਵਿੱਚ ਕੁਰੂਕਸ਼ੇਤਰ ਦਾ ਮਹੱਤਵ ਅਤੇ ਆਕਰਸ਼ਣ ਵਧਿਆ ਹੈ। ਇਸ ਵਿੱਚ ਅੰਤਰਰਾਸ਼ਟਰੀ ਗੀਤਾ ਮਹਾਉਤਸਵਾਂ ਦੀ ਅਹਿਮ ਭੂਮਿਕਾ ਰਹੀ ਹੈ। ਕੁਰੂਕਸ਼ੇਤਰ ਦਾ ਮਹੱਤਵ ਸਿਰਫ਼ ਗੀਤਾ ਦੇ ਉਪਦੇਸ਼ ਤੱਕ ਸੀਮਤ ਨਹੀਂ, ਸਗੋਂ ਇਸ ਦਾ ਪੌਰਾਣਿਕ ਮਹੱਤਵ ਵੀ ਬਹੁਤ ਵੱਡਾ ਹੈ। ਉਨ੍ਹਾਂ ਦੱਸਿਆ ਕਿ ਗੀਤਾ ਜਯੰਤੀ ਦੇ ਮੌਕੇ ਹੁਣ 40 ਤੋਂ 50 ਲੱਖ ਤੱਕ ਸ਼ਰਧਾਲੂ ਇੱਥੇ ਪਹੁੰਚਦੇ ਹਨ। ਇਸ ਕਾਰਨ ਗੀਤਾ ਦੀ ਪਵਿੱਤਰ ਧਰਤੀ ਕੁਰੂਕਸ਼ੇਤਰ ਵਿਸ਼ਵ ਭਰ ਦੇ ਲੋਕਾਂ ਲਈ ਖਿੱਚ ਦਾ ਕੇਂਦਰ ਬਣ ਗਈ ਹੈ। ਇਸ ਨੂੰ ਦੇਖਦਿਆਂ ਕੁਰੂਕਸ਼ੇਤਰ ਵਿੱਚ ਅਜਿਹੇ ਵਿਸ਼ਾਲ ਵਿਸ਼ਰਾਮ ਗ੍ਰਹਿ ਦੀ ਲੋੜ ਸੀ ਅਤੇ ਇਹ ਪ੍ਰਾਜੈਕਟ ਸ਼ਹਿਰ ਲਈ ਇੱਕ ਵੱਡਾ ਤੋਹਫ਼ਾ ਸਾਬਤ ਹੋਵੇਗਾ। ਇਸ ਮੌਕੇ ਵਿੱਤ ਕਮਿਸ਼ਨਰ ਡਾ. ਸੁਮਿਤਾ ਮਿਸ਼ਰਾ, ਲੋਕ ਨਿਰਮਾਣ ਵਿਭਾਗ (ਬੀ ਐਂਡ ਆਰ) ਦੇ ਵਧੀਕ ਮੁੱਖ ਸਕੱਤਰ ਏ.ਕੇ. ਸਿੰਘ, ਸਾਬਕਾ ਰਾਜ ਮੰਤਰੀ ਸੁਭਾਸ਼ ਸੁਧਾ, ਡਿਪਟੀ ਕਮਿਸ਼ਨਰ ਵਿਸ਼ਰਾਮ ਕੁਮਾਰ ਮੀਣਾ, ਚੇਅਰਮੈਨ ਰਵਿੰਦਰ ਸਾਂਗਵਾਨ, ਗੁਰਨਾਮ ਸਿੰਘ ਸੈਣੀ, ਸੁਭਾਸ਼ ਕਲਸਾਨਾ ਸਮੇਤ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

 

RELATED ARTICLES
- Advertisment -
Google search engine
Google search engine
Google search engine

Most Popular

Recent Comments