ਫ਼ਤਿਹਗੜ੍ਹ ਸਾਹਿਬ, 19 ਨਵੰਬਰ, 2026 (ਗੁਰਮੀਤ ਸਿੰਘ ਤੁੰਗ ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 558ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਿਹਗੜ੍ਹ ਸਾਹਿਬ ਵਿਖੇ ਚਾਰ ਰੋਜ਼ਾ ਸਮਾਗਮ ਕਰਵਾਏ ਜਾ ਰਹੇ ਹਨ। ਇਨ੍ਹਾਂ ਦਾ ਉਦੇਸ਼ ਗੁਰੂ ਸਾਹਿਬ ਦੀਆਂ ਸਿੱਖਿਆਵਾਂ, ਸੇਵਾ, ਮਨੁੱਖਤਾ ਅਤੇ ਸਰਬੱਤ ਦੇ ਭਲੇ ਦੇ ਸੰਦੇਸ਼ ਨੂੰ ਅਮਲੀ ਰੂਪ ਦੇਣਾ ਹੈ। ਉਪ-ਕੁਲਪਤੀ ਪ੍ਰੋ. (ਡਾ.) ਪਰਿਤ ਪਾਲ ਸਿੰਘ ਨੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਮਨੁੱਖਤਾ ਲਈ ਸਦੀਵੀ ਪ੍ਰੇਰਨਾ ਦੱਸਦਿਆਂ ਸੇਵਾ, ਬਰਾਬਰੀ ਅਤੇ ਵੰਡ ਛਕਣ ਦੀ ਮਹੱਤਤਾ ਉਜਾਗਰ ਕੀਤੀ। ਡੀਨ ਅਕਾਦਮਿਕ ਮਾਮਲੇ ਪ੍ਰੋ. (ਡਾ.) ਸੁਖਵਿੰਦਰ ਸਿੰਘ ਬਿਲਿੰਗ, ਡੀਨ ਵਿਦਿਆਰਥੀ ਭਲਾਈ ਡਾ. ਸਿਕੰਦਰ ਸਿੰਘ ਅਤੇ ਰਜਿਸਟਰਾਰ ਪ੍ਰੋ. (ਡਾ.) ਤੇਜਬੀਰ ਸਿੰਘ ਨੇ ਵੀ ਸਮਾਗਮਾਂ ਦੀ ਮਹੱਤਤਾ ਬਾਰੇ ਵਿਚਾਰ ਸਾਂਝੇ ਕੀਤੇ। ਕਨਵੀਨਰ ਡਾ. ਹਰਨੀਤ ਬਿਲਿੰਗ, ਡੀਨ, ਸਿੱਖਿਆ ਅਤੇ ਸੂਚਨਾ ਵਿਗਿਆਨ ਫੈਕਲਟੀ ਨੇ ਇਸ ਉਪਰਾਲੇ ਨੂੰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦੇ ਪ੍ਰਚਾਰ ਦਾ ਸਾਧਨ ਦੱਸਿਆ।

ਯੂਨੀਵਰਸਿਟੀ ਦੇ ਫਿਜ਼ਿਓਥੈਰੇਪੀ ਵਿਭਾਗ ਵੱਲੋਂ ਤਿੰਨ ਮੁਫ਼ਤ ਸਿਹਤ ਕੈਂਪ ਲਗਾਏ ਗਏ। ਰਾਜਿੰਦਰਾ ਹਸਪਤਾਲ, ਪਟਿਆਲਾ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਵਿੱਚ 100 ਯੂਨਿਟ ਖੂਨ ਇਕੱਤਰ ਹੋਇਆ। ਸ਼ਾਲਬੀ ਮਲਟੀਸਪੈਸ਼ਲਿਟੀ ਹਸਪਤਾਲ, ਮੋਹਾਲੀ ਦੇ ਸਹਿਯੋਗ ਨਾਲ ਲਗਾਏ ਜਾਂਚ ਕੈਂਪ ਵਿੱਚ ਡਾ. (ਪ੍ਰੋ.) ਆਦਿੱਤਿਆ ਅਗਰਵਾਲ ਅਤੇ ਡਾ. ਹਨੀ ਸ਼ਰਮਾ ਨੇ ਮਾਹਿਰ ਸਲਾਹ ਦਿੱਤੀ। ਫਿਜ਼ਿਓਥੈਰੇਪੀ ਕੈਂਪ ਵਿੱਚ ਡਾ. ਸੁਪ੍ਰੀਤ ਬਿੰਦਰਾ ਅਤੇ ਡਾ. ਪੰਕਜਪ੍ਰੀਤ ਸਿੰਘ ਨੇ ਸਲਾਹ ਦਿੱਤੀ। ਇਨ੍ਹਾਂ ਕੈਂਪਾਂ ਤੋਂ 300 ਤੋਂ ਵੱਧ ਮਰੀਜ਼ਾਂ ਨੇ ਲਾਭ ਲਿਆ।

‘ਇਨੋਵੇਟਿਵ ਆਈਡੀਆਜ਼ ਆਨ ਸਸਟੇਨੇਬਲ ਡਿਵੈਲਪਮੈਂਟ’ ਮੁਕਾਬਲੇ ਦਾ ਮਕਸਦ ਗੁਰੂ ਸਾਹਿਬ ਦੇ ‘ਕਿਰਤ ਕਰੋ, ਵੰਡ ਛਕੋ ਅਤੇ ਸਰਬੱਤ ਦਾ ਭਲਾ’ ਦੇ ਸਿਧਾਂਤਾਂ ਤੋਂ ਪ੍ਰੇਰਿਤ ਹੋ ਕੇ ਟਿਕਾਊ ਵਿਕਾਸ ਲਈ ਨਵੇਂ ਵਿਚਾਰ ਉਤਸ਼ਾਹਿਤ ਕਰਨਾ ਸੀ। ਇਸ ਦੇ ਕਨਵੀਨਰ ਡਾ. ਰੁਪਿੰਦਰ ਕੌਰ, ਮੁਖੀ, ਬਾਇਓਟੈਕਨਾਲੋਜੀ ਵਿਭਾਗ ਸਨ। ਵਿਗਿਆਨ ਸ਼੍ਰੇਣੀ ਵਿੱਚ ਆਇਸ਼ਮੀਨ ਕੌਰ, ਰਿਪਨਪ੍ਰੀਤ ਕੌਰ, ਨੀਤੂ ਅਤੇ ਸੁਮਨਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਖੁਸ਼ਪ੍ਰੀਤ ਕੌਰ ਤੇ ਭੁਪਿੰਦਰ ਕੌਰ ਅਤੇ ਤਸਰੀਨ ਕੌਰ ਨੇ ਸਾਂਝੇ ਤੌਰ ’ਤੇ ਦੂਜਾ ਸਥਾਨ ਪ੍ਰਾਪਤ ਕੀਤਾ। ਗੈਰ-ਵਿਗਿਆਨ ਸ਼੍ਰੇਣੀ ਵਿੱਚ ਅਰਸ਼ਦੀਪ ਕੌਰ ਤੇ ਸੁਖਲੀਨ ਕੌਰ ਨੇ ਪਹਿਲਾ, ਜਦਕਿ ਅਨਮੋਲ, ਜਸਮੀਨ, ਅੰਮ੍ਰਿਤਾ ਤੇ ਕਾਜਲ ਨੇ ਦੂਜਾ ਸਥਾਨ ਹਾਸਲ ਕੀਤਾ। ਵਿਦਿਆਰਥੀ ਸੈਮੀਨਾਰ ਵਿੱਚ ਅੰਮ੍ਰਿਤ ਕੌਰ, ਪੁੱਤਰੀ ਲਖਵਿੰਦਰ ਸਿੰਘ ਨੇ ਪਹਿਲਾ, ਜਸਪ੍ਰੀਤ ਕੌਰ, ਪੁੱਤਰੀ ਸਤਨਾਮ ਸਿੰਘ ਨੇ ਦੂਜਾ ਅਤੇ ਰਾਜਨਦੀਪ ਕੌਰ, ਪੁੱਤਰੀ ਅਵਤਾਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਰਾਸ਼ਟਰੀ ਸੈਮੀਨਾਰ ਦੇ ਕਨਵੀਨਰ ਡਾ. ਮੋਨਿਕਾ ਏਰੀ, ਮੁਖੀ, ਜੀਵ ਵਿਗਿਆਨ ਵਿਭਾਗ ਸਨ। ਰਾਸ਼ਟਰੀ ਕੁਇਜ਼ ਮੁਕਾਬਲਾ ਵੀ ਕਰਵਾਇਆ ਗਿਆ। ਸਮਾਗਮਾਂ ਦੌਰਾਨ ਸਾਖੀ ਸੁਣਾਉਣ ਦਾ ਮੁਕਾਬਲਾ, ਸਫ਼ਾਈ ਮੁਹਿੰਮ, ਕੀਰਤਨ, ਕਵੀਸ਼ਰੀ, ਗਤਕਾ ਪ੍ਰਦਰਸ਼ਨੀ, ਸ੍ਰੀ ਸਹਿਜ ਪਾਠ ਦੇ ਸੰਪੂਰਨ ਹੋਣ ਉਪਰੰਤ ਧਾਰਮਿਕ ਸਮਾਗਮ ਅਤੇ ਡਾ. ਕੰਵਲਜੀਤ ਸਿੰਘ ਦਾ ਵਿਸ਼ੇਸ਼ ਭਾਸ਼ਣ ਹੋਵੇਗਾ। ਕਿਰਤ ਕਰੋ ਅਤੇ ਵੰਡ ਛਕੋ ਦੇ ਸਿਧਾਂਤਾਂ ਨੂੰ ਦਰਸਾਉਂਦੀ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ।






