ਮਾਪੇ-ਆਂਗਣਵਾੜੀ ਮੀਟਿੰਗਾਂ ਕਰਵਾਉਣ ਅਤੇ ਬੱਚਿਆਂ ਦੀ ਰਜਿਸਟ੍ਰੇਸ਼ਨ ਬਾਰੇ ਦਿੱਤੀ ਵਿਹਾਰਕ ਸਿਖਲਾਈ
ਸੁਨਾਮ, 17 ਨਵੰਬਰ, 2026 (ਛਤਰਪਾਲ ਸਿੰਘ ) : ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਵੱਲੋਂ ਚਲਾਏ ਜਾ ਰਹੇ ‘ਨਿੱਕੇ ਕਦਮ’ ਪ੍ਰੋਗਰਾਮ ਤਹਿਤ ਸੁਨਾਮ-1 ਬਲਾਕ ਦੀਆਂ 224 ਆਂਗਣਵਾੜੀ ਵਰਕਰਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਗਈ। ਇਸ ਸਿਖਲਾਈ ਪ੍ਰੋਗਰਾਮ ਦੌਰਾਨ ਵਰਕਰਾਂ ਨੂੰ ਜਨਮ ਤੋਂ 3 ਸਾਲ ਤੱਕ ਦੇ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਮਾਪਿਆਂ ਨੂੰ ਪ੍ਰੋਗਰਾਮ ਨਾਲ ਜੋੜਨ, ਮਾਪੇ-ਆਂਗਣਵਾੜੀ ਮੀਟਿੰਗਾਂ ਕਰਵਾਉਣ ਅਤੇ ਬੱਚਿਆਂ ਦੀ ਰਜਿਸਟ੍ਰੇਸ਼ਨ ਕਰਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸੇ ਦੌਰਾਨ ਮਿਸ਼ਨ ਆਰੰਭ ਤਹਿਤ ਬਲਾਕ ਦੇ ਤਿੰਨ ਸੈਕਟਰਾਂ ਦੀਆਂ 17 ਆਂਗਣਵਾੜੀ ਵਰਕਰਾਂ ਨੂੰ ਉਨ੍ਹਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਲਈ ਸਨਮਾਨਿਤ ਕੀਤਾ ਗਿਆ।
ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਪ੍ਰਦੀਪ ਸਿੰਘ ਗਿੱਲ ਨੇ ਦੱਸਿਆ ਕਿ ‘ਨਿੱਕੇ ਕਦਮ’ ਦਾ ਮੁੱਖ ਉਦੇਸ਼ ਬੱਚਿਆਂ ਦੇ ਜੀਵਨ ਦੇ ਪਹਿਲੇ ਤਿੰਨ ਸਾਲਾਂ ਦੌਰਾਨ ਉਨ੍ਹਾਂ ਦੇ ਵਿਕਾਸ ਵਿੱਚ ਮਾਪਿਆਂ ਦੀ ਸਰਗਰਮ ਭਾਗੀਦਾਰੀ ਯਕੀਨੀ ਬਣਾਉਣਾ ਹੈ। ਇਸ ਮੰਤਵ ਲਈ ਆਂਗਣਵਾੜੀ ਵਰਕਰਾਂ ਨੂੰ ਮਾਪੇ-ਆਂਗਣਵਾੜੀ ਮੀਟਿੰਗਾਂ (ਪੀ.ਏ.ਐੱਮ.) ਦੀ ਮਹੱਤਤਾ ਅਤੇ ਇਨ੍ਹਾਂ ਨੂੰ ਚੰਗੇ ਢੰਗ ਨਾਲ ਕਰਵਾਉਣ ਬਾਰੇ ਸਿਖਲਾਈ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਹ ਮੀਟਿੰਗਾਂ ਵਰਕਰਾਂ ਨੂੰ ਮਾਪਿਆਂ ਨਾਲ ਸਿੱਧੀ ਗੱਲਬਾਤ ਕਰਨ, ਉਨ੍ਹਾਂ ਨੂੰ ਪ੍ਰੋਗਰਾਮ ਦੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਉਣ ਅਤੇ ਬੱਚਿਆਂ ਦੀ ਮੁੱਢਲੀ ਦੇਖਭਾਲ ਤੇ ਵਿਕਾਸ ਸਬੰਧੀ ਜਾਣਕਾਰੀ ਸਾਂਝੀ ਕਰਨ ਦਾ ਮੌਕਾ ਦਿੰਦੀਆਂ ਹਨ। ਸਿਖਲਾਈ ਦੌਰਾਨ ਵਰਕਰਾਂ ਨੂੰ ਪੋਸਟਰਾਂ ਅਤੇ ਹੋਰ ਸਹਾਇਕ ਸਮੱਗਰੀ ਦੀ ਵਰਤੋਂ ਕਰਕੇ ਪ੍ਰੋਗਰਾਮ ਦੇ ਉਦੇਸ਼ ਮਾਪਿਆਂ ਨੂੰ ਸਰਲ ਢੰਗ ਨਾਲ ਸਮਝਾਉਣ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ, ਕਿਊ.ਆਰ. ਕੋਡ ਰਾਹੀਂ ਮਾਪਿਆਂ ਨੂੰ ਪ੍ਰੋਗਰਾਮ ਨਾਲ ਜੋੜਨ ਅਤੇ ਜਨਮ ਤੋਂ 3 ਸਾਲ ਤੱਕ ਦੇ ਬੱਚਿਆਂ ਦੀ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਵਿਹਾਰਕ ਤੌਰ ’ਤੇ ਸਮਝਾਈ ਗਈ, ਤਾਂ ਜੋ ਵਰਕਰ ਆਪਣੇ-ਆਪਣੇ ਕੇਂਦਰਾਂ ਵਿੱਚ ਮਾਪਿਆਂ ਦੀ ਰਜਿਸਟ੍ਰੇਸ਼ਨ ਸਬੰਧੀ ਮਦਦ ਕਰ ਸਕਣ। ਇਹ ਸਿਖਲਾਈ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਰੇਖਾ ਰਾਣੀ ਦੇ ਸਹਿਯੋਗ ਨਾਲ ਪ੍ਰੋਗਰਾਮ ਮੈਨੇਜਰ ਆਦਿਤਿਆ ਸ਼ਰਮਾ ਵੱਲੋਂ ਕਰਵਾਈ ਗਈ। ਸਿਖਲਾਈ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਵਿੱਚ ਸੁਪਰਵਾਈਜ਼ਰ ਰਵਿੰਦਰ ਕੌਰ, ਸੁਮਨਪ੍ਰੀਤ ਕੌਰ, ਰਿਤੂ ਬਾਲਾ ਅਤੇ ਟੀਨਾ ਵਾਧਵਾ ਨੇ ਅਹਿਮ ਭੂਮਿਕਾ ਨਿਭਾਈ।
ਮਿਸ਼ਨ ਆਰੰਭ ਤਹਿਤ ਚੀਮਾ, ਬਿਸ਼ਨਪੁਰਾ ਅਤੇ ਤੋਲੋਵਾਲ ਸੈਕਟਰਾਂ ਦੀਆਂ 17 ਆਂਗਣਵਾੜੀ ਵਰਕਰਾਂ ਨੂੰ ਸੈਕਟਰ ਪੱਧਰੀ ਮੀਟਿੰਗਾਂ ਦੌਰਾਨ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਨ੍ਹਾਂ ਵਰਕਰਾਂ ਨੇ ਬੱਚਿਆਂ ਨੂੰ ਵਰਕਸ਼ੀਟਾਂ ਦੀਆਂ ਗਤੀਵਿਧੀਆਂ ਕਰਵਾਉਣ ਅਤੇ ਨਿਯਮਤ ਮੁਲਾਂਕਣ ਵਿੱਚ ਸਰਗਰਮ ਭੂਮਿਕਾ ਨਿਭਾਈ। ਆਨਲਾਈਨ ਤਗਮੇ ਅਤੇ ਹਫ਼ਤਾਵਾਰੀ ਸਟਾਰ ਹਾਸਲ ਕਰਨ ਵਾਲੀਆਂ ਇਨ੍ਹਾਂ ਵਰਕਰਾਂ ਦੀ ਨਿਰੰਤਰ ਮਿਹਨਤ ਅਤੇ ਕਾਰਗੁਜ਼ਾਰੀ ਨੂੰ ਸਨਮਾਨ ਸਮਾਗਮ ਦੌਰਾਨ ਸਰਾਹਿਆ ਗਿਆ। ਪ੍ਰੋਗਰਾਮ ਮੈਨੇਜਰ ਆਦਿਤਿਆ ਸ਼ਰਮਾ ਨੇ ਵਰਕਰਾਂ ਨੂੰ ਸਨਮਾਨ ਪੱਤਰ ਸੌਂਪੇ। ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੇ ਕਿਹਾ ਕਿ ਆਂਗਣਵਾੜੀ ਵਰਕਰਾਂ ਦੇ ਹੁਨਰ ਨੂੰ ਨਿਖਾਰਨਾ ਅਤੇ ਉਨ੍ਹਾਂ ਦੀ ਚੰਗੀ ਕਾਰਗੁਜ਼ਾਰੀ ਨੂੰ ਮਾਨਤਾ ਦੇਣਾ ਵਿਭਾਗ ਦੀਆਂ ਅਹਿਮ ਤਰਜੀਹਾਂ ਹਨ। ਉਨ੍ਹਾਂ ਕਿਹਾ ਕਿ ਵਿਹਾਰਕ ਸਿਖਲਾਈ ਨਾਲ ਵਰਕਰਾਂ ਨੂੰ ਮਾਪਿਆਂ ਦਾ ਸਹਿਯੋਗ ਹਾਸਲ ਕਰਨ ਅਤੇ ਕੇਂਦਰਾਂ ਵਿੱਚ ਗਤੀਵਿਧੀਆਂ ਸੁਚੱਜੇ ਢੰਗ ਨਾਲ ਕਰਵਾਉਣ ਵਿੱਚ ਮਦਦ ਮਿਲਦੀ ਹੈ।






