ਸਰਬੱਤ ਦੇ ਭਲੇ, ਆਪਸੀ ਸਾਂਝ ਅਤੇ ਵਿਸ਼ਵ ਸ਼ਾਂਤੀ ਲਈ ਕੀਤੀ ਅਰਦਾਸ; ਜੈ ਨਰਾਇਣ ਚੋਪੜਾ ਵੱਲੋਂ ਲੰਬੇ ਸਮੇਂ ਤੋਂ ਕੜਾਹ ਪ੍ਰਸ਼ਾਦ ਦੀ ਸੇਵਾ ਨਿਭਾਈ ਜਾ ਰਹੀ ਹੈ
ਪਟਿਆਲਾ, 16 ਨਵੰਬਰ, 2026 (ਚੌਧਰੀ ਪ੍ਰਭਜੀਤ ਸਿੰਘ) : ਬਾਰਾਂਦਰੀ ਦੇ ਸੈਰ ਪ੍ਰੇਮੀਆਂ ਵੱਲੋਂ ਸੰਗਰਾਂਦ ਦਾ ਪਵਿੱਤਰ ਦਿਹਾੜਾ ਲਗਾਤਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸਰਬੱਤ ਦੇ ਭਲੇ, ਆਪਸੀ ਭਾਈਚਾਰੇ, ਸਾਂਝੀਵਾਲਤਾ ਅਤੇ ਦੁਨੀਆ ਵਿੱਚ ਅਮਨ-ਸ਼ਾਂਤੀ ਬਣਾਈ ਰੱਖਣ ਲਈ ਅਰਦਾਸ ਕੀਤੀ ਗਈ। ਇਸ ਸਮਾਗਮ ਦੌਰਾਨ ਸੈਰ ਪ੍ਰੇਮੀਆਂ ਨੇ ਆਪਸੀ ਪਿਆਰ ਅਤੇ ਮਿਲਵਰਤਣ ਦਾ ਸੰਦੇਸ਼ ਵੀ ਦਿੱਤਾ। ਇਸ ਮੌਕੇ ਲੰਬੇ ਸਮੇਂ ਤੋਂ ਜੈ ਨਰਾਇਣ ਚੋਪੜਾ ਵੱਲੋਂ ਸ਼ਰਧਾ ਨਾਲ ਕੜਾਹ ਪ੍ਰਸ਼ਾਦ ਤਿਆਰ ਕਰਕੇ ਲਿਆਉਣ ਦੀ ਸੇਵਾ ਨਿਭਾਈ ਜਾ ਰਹੀ ਹੈ। ਉਨ੍ਹਾਂ ਦੀ ਇਸ ਨਿਰੰਤਰ ਸੇਵਾ ਦੀ ਹਾਜ਼ਰ ਸ਼ਖ਼ਸੀਅਤਾਂ ਵੱਲੋਂ ਸ਼ਲਾਘਾ ਕੀਤੀ ਗਈ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਸਮਾਜ ਸੇਵੀ ਜਗਤਾਰ ਸਿੰਘ ਜੱਗੀ ਨੇ ਕਿਹਾ ਕਿ ਸੰਗਰਾਂਦ ਦਾ ਦਿਹਾੜਾ ਬਹੁਤ ਹੀ ਪਵਿੱਤਰ ਅਤੇ ਮਹੱਤਵਪੂਰਨ ਦਿਨ ਹੈ। ਸਾਨੂੰ ਸਾਰਿਆਂ ਨੂੰ ਇਹ ਦਿਹਾੜਾ ਇਸੇ ਤਰ੍ਹਾਂ ਪਿਆਰ, ਸ਼ਰਧਾ ਅਤੇ ਮਿਲਵਰਤਣ ਨਾਲ ਮਨਾਉਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਸਾਡੀ ਅਰਦਾਸ ਹੋਣੀ ਚਾਹੀਦੀ ਹੈ ਕਿ ਸਾਰੇ ਲੋਕ ਤੰਦਰੁਸਤ ਰਹਿਣ ਅਤੇ ਪੂਰੀ ਦੁਨੀਆ ਵਿੱਚ ਸੁੱਖ-ਸ਼ਾਂਤੀ ਤੇ ਅਮਨ ਕਾਇਮ ਰਹੇ। ਇਸ ਮੌਕੇ ਜੈ ਨਰਾਇਣ ਚੋਪੜਾ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸੰਗਰਾਂਦ ਦੇ ਪਵਿੱਤਰ ਦਿਹਾੜੇ ‘ਤੇ ਸੇਵਾ ਕਰਨ ਨਾਲ ਜੋ ਆਤਮਿਕ ਆਨੰਦ ਮਿਲਦਾ ਹੈ, ਉਹ ਹੋਰ ਕਿਤੇ ਪ੍ਰਾਪਤ ਨਹੀਂ ਹੋ ਸਕਦਾ। ਉਨ੍ਹਾਂ ਸਮੂਹ ਸੈਰ ਪ੍ਰੇਮੀਆਂ ਦਾ ਧੰਨਵਾਦ ਕਰਦਿਆਂ ਸਾਰਿਆਂ ਦੀ ਚੰਗੀ ਸਿਹਤ ਅਤੇ ਖੁਸ਼ਹਾਲੀ ਲਈ ਅਰਦਾਸ ਕੀਤੀ। ਇਸ ਮੌਕੇ ਸਮਾਜ ਸੇਵੀ ਵਿਨੋਦ ਸ਼ਰਮਾ, ਉੱਘੇ ਸਮਾਜ ਸੇਵਕ ਜਗਜੀਤ ਸਿੰਘ ਸੱਗੂ, ਉੱਘੇ ਗੀਤਕਾਰ ਹਰਪਾਲ ਮਾਨ, ਮਨਜੀਤ ਸਿੰਘ, ਪਰਮਜੀਤ ਸਿੰਘ, ਕਾਲਾ, ਸੁਭਾਸ਼ ਚੰਦ ਗੋਇਲ, ਅਮਰਪ੍ਰੀਤ ਸਿੰਘ ਢਿੱਲੋਂ, ਪ੍ਰਿੰਸੀਪਲ ਸ਼ਵਿੰਦਰ ਸਿੰਘ ਅਤੇ ਐਮ.ਐਲ.ਏ. ਅਹੂਜਾ ਸਮੇਤ ਹੋਰ ਪਤਵੰਤੇ ਸੱਜਣ ਮੌਜੂਦ ਸਨ। ਸਮਾਗਮ ਦੌਰਾਨ ਸਾਰਿਆਂ ਨੇ ਮਿਲ ਕੇ ਸੇਵਾ, ਸਾਂਝੀਵਾਲਤਾ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦਾ ਸੰਦੇਸ਼ ਦਿੱਤਾ।





