Homeਹਰਿਆਣਾਪੀਐਮ ਸੇਤੂ ਯੋਜਨਾ ਤਹਿਤ ਕੁਰੂਕਸ਼ੇਤਰ, ਕੈਥਲ ਅਤੇ ਅੰਬਾਲਾ ਦੀਆਂ 7 ਆਈਟੀਆਈਜ਼ ਦੇ...

ਪੀਐਮ ਸੇਤੂ ਯੋਜਨਾ ਤਹਿਤ ਕੁਰੂਕਸ਼ੇਤਰ, ਕੈਥਲ ਅਤੇ ਅੰਬਾਲਾ ਦੀਆਂ 7 ਆਈਟੀਆਈਜ਼ ਦੇ ਆਧੁਨਿਕੀਕਰਨ ’ਤੇ ਖਰਚੇ ਜਾਣਗੇ 320 ਕਰੋੜ ਰੁਪਏ: ਨਾਇਬ ਸਿੰਘ ਸੈਣੀ

Haryana CM Nayab Singh Saini inaugurates Mahatma Jyotiba Phule International Skill Centre in Bahlolpur, announces Rs 320 crore PM-SETU investment to modernise ITIs and boost youth employment.

ਬਾਬੈਨ, 16 ਨਵੰਬਰ, 2026 (ਸੰਜੀਵ ਸ਼ਰਮਾ ) : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਪੀਐਮ ਸੇਤੂ ਯੋਜਨਾ ਤਹਿਤ 320 ਕਰੋੜ ਰੁਪਏ ਦੀ ਲਾਗਤ ਨਾਲ ਕੁਰੂਕਸ਼ੇਤਰ, ਕੈਥਲ ਅਤੇ ਅੰਬਾਲਾ ਦੀਆਂ ਸੱਤ ਆਈਟੀਆਈਜ਼ ਦਾ ਆਧੁਨਿਕੀਕਰਨ ਕੀਤਾ ਜਾਵੇਗਾ। ਇਨ੍ਹਾਂ ਸਿਖਲਾਈ ਕੇਂਦਰਾਂ ਵਿੱਚ ਸੂਚਨਾ ਤਕਨਾਲੋਜੀ (ਆਈਟੀ), ਅੰਤਰਰਾਸ਼ਟਰੀ ਰੁਜ਼ਗਾਰ, ਬਿਊਟੀ ਐਂਡ ਵੈਲਨੈੱਸ ਅਤੇ ਆਡੀਓ-ਵੀਡੀਓ ਤੇ ਗ੍ਰਾਫਿਕਸ ਵਰਗੇ ਭਵਿੱਖਮੁਖੀ ਖੇਤਰਾਂ ਵਿੱਚ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ‘ਨਵੀਨ ਅਵਸਰ’ ਪ੍ਰੋਗਰਾਮ ਤਹਿਤ ਇੱਕ ਸਾਲ ਵਿੱਚ 10,000 ਤੋਂ ਵੱਧ ਨੌਜਵਾਨਾਂ ਨੂੰ ਹੁਨਰ ਸਿਖਲਾਈ ਦੇ ਕੇ ਰੁਜ਼ਗਾਰ ਨਾਲ ਜੋੜਨ ਦਾ ਟੀਚਾ ਰੱਖਿਆ ਗਿਆ ਹੈ। ਸਰਕਾਰ ਦਾ ਉਦੇਸ਼ ਨੌਜਵਾਨਾਂ ਨੂੰ ਜਰਮਨੀ, ਜਾਪਾਨ, ਇਟਲੀ, ਫਿਨਲੈਂਡ ਅਤੇ ਓਮਾਨ ਵਰਗੇ ਦੇਸ਼ਾਂ ਵਿੱਚ ਸਨਮਾਨਜਨਕ ਅਤੇ ਸੁਰੱਖਿਅਤ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ ਹੈ।

ਮੁੱਖ ਮੰਤਰੀ ਐਤਵਾਰ ਨੂੰ ਲਾਡਵਾ ਵਿਧਾਨ ਸਭਾ ਹਲਕੇ ਦੇ ਪਿੰਡ ਬਹਿਲੋਲਪੁਰ ਵਿਖੇ ਮਹਾਤਮਾ ਜੋਤਿਬਾ ਫੂਲੇ ਇੰਟਰਨੈਸ਼ਨਲ ਸਕਿੱਲ ਸੈਂਟਰ ਦੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਨੇ ਕੇਂਦਰ ਦਾ ਉਦਘਾਟਨ ਕਰਨ ਦੇ ਨਾਲ-ਨਾਲ ਲਾਡਵਾ ਹਲਕੇ ਵਿੱਚ 43 ਕਰੋੜ 31 ਲੱਖ ਰੁਪਏ ਦੀਆਂ ਛੇ ਵਿਕਾਸ ਯੋਜਨਾਵਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਵੀ ਰੱਖਿਆ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਸਕਿੱਲ ਸੈਂਟਰ ਵਿੱਚ ਸਿਖਲਾਈ ਲੈ ਰਹੇ ਨੌਜਵਾਨਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਵੱਲੋਂ ਤਿਆਰ ਕੀਤੀ ਗਈ ਐਗਰੀਟੈਕ ਡਰੋਨ ਤਕਨੀਕ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਨੇ ਜੌਬ ਮੇਲੇ ਦਾ ਵੀ ਦੌਰਾ ਕੀਤਾ। ਇਸ ਮੌਕੇ ਕੁਰੂਕਸ਼ੇਤਰ ਤੋਂ ਲੋਕ ਸਭਾ ਮੈਂਬਰ ਨਵੀਨ ਜਿੰਦਲ, ਸਾਬਕਾ ਰਾਜ ਮੰਤਰੀ ਸੁਭਾਸ਼ ਸੁਧਾ ਅਤੇ ਮੁੱਖ ਮੰਤਰੀ ਦਫ਼ਤਰ ਦੇ ਇੰਚਾਰਜ ਕੈਲਾਸ਼ ਸੈਣੀ ਵੀ ਮੌਜੂਦ ਸਨ। ਮੁੱਖ ਮੰਤਰੀ ਨੇ ਕਿਹਾ ਕਿ ਇਹ ਕੇਂਦਰ ਸਿਰਫ਼ ਇੱਕ ਇਮਾਰਤ ਨਹੀਂ, ਸਗੋਂ ਪੇਂਡੂ ਖੇਤਰ ਦੇ ਨੌਜਵਾਨਾਂ ਦੇ ਸੁਪਨਿਆਂ, ਸੰਭਾਵਨਾਵਾਂ ਅਤੇ ਆਤਮਨਿਰਭਰਤਾ ਵੱਲ ਇੱਕ ਨਵਾਂ ਦਰਵਾਜ਼ਾ ਹੈ। ਇਸ ਕੇਂਦਰ ਰਾਹੀਂ ਨੌਜਵਾਨਾਂ ਨੂੰ ਆਧੁਨਿਕ ਤਕਨਾਲੋਜੀ ਅਤੇ ਉਦਯੋਗਾਂ ਦੀਆਂ ਲੋੜਾਂ ਅਨੁਸਾਰ ਸਿਖਲਾਈ ਦੇ ਕੇ ਰੁਜ਼ਗਾਰ ਅਤੇ ਸਵੈ-ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਜਾਣਗੇ।

ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਕੀਤੇ ਵਾਅਦੇ ਨੂੰ ਪੂਰਾ ਕਰਦਿਆਂ ਲਗਭਗ 45 ਕਰੋੜ ਰੁਪਏ ਦੀ ਲਾਗਤ ਨਾਲ ਕੁਰੂਕਸ਼ੇਤਰ ਇੰਟਰਨੈਸ਼ਨਲ ਸਕਿੱਲ ਸੈਂਟਰ ਸਥਾਪਤ ਕੀਤਾ ਗਿਆ ਹੈ, ਜਿੱਥੇ ਨੌਜਵਾਨਾਂ ਨੂੰ ਵੱਖ-ਵੱਖ ਹੁਨਰਾਂ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਇਸੇ ਤਰ੍ਹਾਂ ਕੈਥਲ ਵਿੱਚ ਲਗਭਗ ਤਿੰਨ ਕਰੋੜ ਰੁਪਏ ਦੀ ਲਾਗਤ ਨਾਲ ਆਰ.ਕੇ.ਐਸ.ਡੀ.-ਨਵੀਨ ਅਵਸਰ ਇੰਟਰਨੈਸ਼ਨਲ ਸਕਿੱਲ ਸੈਂਟਰ ਨੌਜਵਾਨਾਂ ਦੇ ਸੁਪਨਿਆਂ ਨੂੰ ਨਵੀਂ ਉਡਾਣ ਦੇ ਰਿਹਾ ਹੈ। ਇਸ ਤੋਂ ਇਲਾਵਾ ਕੁਰੂਕਸ਼ੇਤਰ ਲੋਕ ਸਭਾ ਹਲਕੇ ਦੇ ਲਗਭਗ 20 ਸਿੱਖਿਆ ਸੰਸਥਾਨਾਂ ਵਿੱਚ ‘ਕੈਂਪਸ ਇਨ ਕੈਂਪਸ’ ਪ੍ਰੋਗਰਾਮ ਤਹਿਤ ਨੌਜਵਾਨਾਂ ਨੂੰ ਹੁਨਰ ਸਿਖਲਾਈ ਦਿੱਤੀ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਲਾਡਵਾ ਉਨ੍ਹਾਂ ਲਈ ਸਿਰਫ਼ ਇੱਕ ਵਿਧਾਨ ਸਭਾ ਹਲਕਾ ਨਹੀਂ, ਸਗੋਂ ਉਨ੍ਹਾਂ ਦਾ ਪਰਿਵਾਰ ਹੈ। ਇੱਥੋਂ ਦੇ ਲੋਕਾਂ ਵੱਲੋਂ ਮਿਲੇ ਪਿਆਰ ਅਤੇ ਭਰੋਸੇ ਦੇ ਆਧਾਰ ‘ਤੇ ਇਲਾਕੇ ਦਾ ਸਰਵਪੱਖੀ ਵਿਕਾਸ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਹਾਤਮਾ ਜੋਤਿਬਾ ਫੂਲੇ ਦੇ ਨਾਂ ‘ਤੇ ਸਥਾਪਤ ਇਹ ਕੇਂਦਰ ਸਿੱਖਿਆ, ਸਮਾਨਤਾ ਅਤੇ ਸਮਾਜਿਕ ਤਬਦੀਲੀ ਦੇ ਉਨ੍ਹਾਂ ਦੇ ਵਿਚਾਰਾਂ ਨੂੰ ਅੱਗੇ ਵਧਾਏਗਾ। ਮਹਾਤਮਾ ਫੂਲੇ ਨੇ ਸਾਵਿਤਰੀਬਾਈ ਫੂਲੇ ਨਾਲ ਮਿਲ ਕੇ ਲੜਕੀਆਂ ਦੀ ਸਿੱਖਿਆ ਲਈ ਇਤਿਹਾਸਕ ਕੰਮ ਕੀਤਾ ਸੀ। ਅੱਜ ਵੀ ਇਸੇ ਸੋਚ ਨੂੰ ਅੱਗੇ ਵਧਾਉਂਦਿਆਂ ਲੜਕੀਆਂ ਅਤੇ ਲੜਕਿਆਂ ਨੂੰ ਹੁਨਰਮੰਦ ਬਣਾ ਕੇ ਆਤਮਨਿਰਭਰ ਕਰਨ ਦੇ ਯਤਨ ਕੀਤੇ ਜਾ ਰਹੇ ਹਨ।

ਨਵੀਨ ਜਿੰਦਲ ਫਾਊਂਡੇਸ਼ਨ ਦੇ ਸਹਿਯੋਗ ਨਾਲ ਵਿਕਸਿਤ ਕੀਤਾ ਗਿਆ ਆਧੁਨਿਕ ਹੁਨਰ ਕੇਂਦਰ

ਮੁੱਖ ਮੰਤਰੀ ਨੇ ਦੱਸਿਆ ਕਿ ਬਹਿਲੋਲਪੁਰ ਸਥਿਤ ਮਹਾਤਮਾ ਜੋਤਿਬਾ ਫੂਲੇ ਆਈਟੀਆਈ ਨੂੰ ਆਧੁਨਿਕ ਸਿਖਲਾਈ ਸਹੂਲਤਾਂ ਨਾਲ ਲੈਸ ਕਰਕੇ ਅੰਤਰਰਾਸ਼ਟਰੀ ਪੱਧਰ ਦੇ ਹੁਨਰ ਕੇਂਦਰ ਵਜੋਂ ਵਿਕਸਿਤ ਕੀਤਾ ਗਿਆ ਹੈ। ਇਸ ਕੰਮ ਵਿੱਚ ਸੰਸਦ ਮੈਂਬਰ ਨਵੀਨ ਜਿੰਦਲ ਅਤੇ ਨਵੀਨ ਜਿੰਦਲ ਫਾਊਂਡੇਸ਼ਨ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ। ਉਨ੍ਹਾਂ ਇਸ ਸਹਿਯੋਗ ਲਈ ਸੰਸਦ ਮੈਂਬਰ ਅਤੇ ਫਾਊਂਡੇਸ਼ਨ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਫਾਊਂਡੇਸ਼ਨ ਨੇ ਜਰਮਨੀ, ਜਾਪਾਨ, ਫਿਨਲੈਂਡ ਅਤੇ ਮੌਰੀਸ਼ਸ ਸਮੇਤ ਕਈ ਦੇਸ਼ਾਂ ਨਾਲ ਅੰਤਰਰਾਸ਼ਟਰੀ ਸਾਂਝੇਦਾਰੀਆਂ ਕੀਤੀਆਂ ਹਨ, ਜਿਨ੍ਹਾਂ ਰਾਹੀਂ ਹਰਿਆਣਾ ਦੇ 50 ਤੋਂ ਵੱਧ ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ਰੁਜ਼ਗਾਰ ਦੇ ਮੌਕੇ ਮਿਲੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਸਿਖਲਾਈ ਦੀ ਜ਼ਿੰਮੇਵਾਰੀ ਨਿਭਾ ਰਹੀ ਨੈਟਰ ਟੈਕਨੀਕਲ ਟ੍ਰੇਨਿੰਗ ਫਾਊਂਡੇਸ਼ਨ ਦਾ ਤਜਰਬਾ ਵੀ ਨੌਜਵਾਨਾਂ ਲਈ ਲਾਹੇਵੰਦ ਸਾਬਤ ਹੋਵੇਗਾ। ਇਸ ਕੇਂਦਰ ਨੇ ਬਜਾਜ ਆਟੋ, ਨਾਈਲਿਟ, ਸਕਿੱਲ ਕੌਂਸਲ ਫਾਰ ਗ੍ਰੀਨ ਜੌਬਜ਼ ਅਤੇ ਨੈਸਕਾਮ ਵਰਗੀਆਂ ਪ੍ਰਸਿੱਧ ਸੰਸਥਾਵਾਂ ਨਾਲ ਸਾਂਝੇਦਾਰੀ ਕੀਤੀ ਹੈ। ਇਸ ਨਾਲ ਨੌਜਵਾਨਾਂ ਨੂੰ ਉਦਯੋਗਾਂ ਦੀਆਂ ਅਸਲ ਲੋੜਾਂ ਅਨੁਸਾਰ ਸਿਖਲਾਈ ਮਿਲੇਗੀ।

ਹਰ ਸਾਲ 1,000 ਤੋਂ ਵੱਧ ਨੌਜਵਾਨਾਂ ਨੂੰ ਮਿਲੇਗੀ ਹੁਨਰ ਸਿਖਲਾਈ

ਮੁੱਖ ਮੰਤਰੀ ਨੇ ਕਿਹਾ ਕਿ ਅੱਜ ਰੁਜ਼ਗਾਰ ਦੀ ਦੁਨੀਆ ਤੇਜ਼ੀ ਨਾਲ ਬਦਲ ਰਹੀ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ, ਇਲੈਕਟ੍ਰਿਕ ਵਾਹਨ, ਸੈਮੀਕੰਡਕਟਰ ਤਕਨਾਲੋਜੀ, ਸਾਈਬਰ ਸੁਰੱਖਿਆ, ਸੂਰਜੀ ਊਰਜਾ, ਡਰੋਨ ਅਤੇ ਗ੍ਰੀਨ ਹਾਈਡ੍ਰੋਜਨ ਵਰਗੇ ਖੇਤਰਾਂ ਵਿੱਚ ਹੁਨਰਮੰਦ ਨੌਜਵਾਨਾਂ ਦੀ ਮੰਗ ਲਗਾਤਾਰ ਵਧ ਰਹੀ ਹੈ। ਇਸ ਨੂੰ ਧਿਆਨ ਵਿੱਚ ਰੱਖਦਿਆਂ ਕੇਂਦਰ ਵਿੱਚ ਹਰ ਸਾਲ 1,000 ਤੋਂ ਵੱਧ ਵਿਦਿਆਰਥੀਆਂ ਨੂੰ ਥੋੜ੍ਹੇ ਸਮੇਂ ਦੇ ਸਿਖਲਾਈ ਕੋਰਸ ਕਰਵਾਉਣ ਦੀ ਯੋਜਨਾ ਬਣਾਈ ਗਈ ਹੈ। ਇੱਥੇ ਆਰਟੀਫੀਸ਼ੀਅਲ ਇੰਟੈਲੀਜੈਂਸ, ਇਲੈਕਟ੍ਰਿਕ ਵਾਹਨ ਤਕਨਾਲੋਜੀ, ਸੂਰਜੀ ਊਰਜਾ, ਕੁਦਰਤੀ ਖੇਤੀ ਅਤੇ ਸਿਲਾਈ ਤਕਨਾਲੋਜੀ ਸਮੇਤ ਵੱਖ-ਵੱਖ ਵਿਸ਼ਿਆਂ ਦੀ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮਕਸਦ ਨੌਜਵਾਨਾਂ ਨੂੰ ਸਿਰਫ਼ ਨੌਕਰੀ ਪ੍ਰਾਪਤ ਕਰਨ ਦੇ ਯੋਗ ਬਣਾਉਣਾ ਨਹੀਂ, ਸਗੋਂ ਉਨ੍ਹਾਂ ਨੂੰ ਦੂਜਿਆਂ ਨੂੰ ਰੁਜ਼ਗਾਰ ਦੇਣ ਵਾਲੇ ਉੱਦਮੀ ਬਣਾਉਣਾ ਵੀ ਹੈ। ਇਸੇ ਦਿਸ਼ਾ ਵਿੱਚ ਸੂਬਾ ਸਰਕਾਰ ਨੇ ਨਵੀਂ ਸਟਾਰਟਅੱਪ ਨੀਤੀ ਲਾਗੂ ਕੀਤੀ ਹੈ। ਇਸ ਤਹਿਤ ਨੌਜਵਾਨਾਂ ਨੂੰ ਵਿੱਤੀ ਅਤੇ ਤਕਨੀਕੀ ਸਹਾਇਤਾ ਦੇ ਕੇ ਆਪਣੇ ਕਾਰੋਬਾਰ ਸਥਾਪਤ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਅੱਜ ਸੂਬੇ ਵਿੱਚ 12 ਹਜ਼ਾਰ ਤੋਂ ਵੱਧ ਸਟਾਰਟਅੱਪ ਸਥਾਪਤ ਹੋ ਚੁੱਕੇ ਹਨ।

ਹਰਿਆਣਾ ਵਿਜ਼ਨ-2047 ਤਹਿਤ 50 ਲੱਖ ਨਵੇਂ ਰੁਜ਼ਗਾਰ ਪੈਦਾ ਕਰਨ ਦਾ ਟੀਚਾ

ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਕਸਿਤ ਭਾਰਤ-2047 ਦਾ ਸੰਕਲਪ ਲਿਆ ਹੈ। ਇਸੇ ਸੰਕਲਪ ਨੂੰ ਅੱਗੇ ਵਧਾਉਂਦਿਆਂ ਹਰਿਆਣਾ ਸਰਕਾਰ ਨੇ ਹਰਿਆਣਾ ਵਿਜ਼ਨ-2047 ਤਿਆਰ ਕੀਤਾ ਹੈ। ਇਸ ਤਹਿਤ ਸੂਬੇ ਦੀ ਅਰਥਵਿਵਸਥਾ ਨੂੰ ਇੱਕ ਟ੍ਰਿਲੀਅਨ ਡਾਲਰ ਤੱਕ ਪਹੁੰਚਾਉਣ ਅਤੇ 50 ਲੱਖ ਨਵੇਂ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਇਨ੍ਹਾਂ ਟੀਚਿਆਂ ਨੂੰ ਪੂਰਾ ਕਰਨ ਵਿੱਚ ਪੜ੍ਹੇ-ਲਿਖੇ, ਹੁਨਰਮੰਦ ਅਤੇ ਆਤਮਵਿਸ਼ਵਾਸੀ ਨੌਜਵਾਨਾਂ ਦੀ ਅਹਿਮ ਭੂਮਿਕਾ ਹੋਵੇਗੀ। ਉਨ੍ਹਾਂ ਦੱਸਿਆ ਕਿ ਸੂਬੇ ਦੇ 27 ਉਦਯੋਗਿਕ ਸਿਖਲਾਈ ਸੰਸਥਾਨਾਂ ਨੇ 71 ਟਰੇਡਾਂ ਵਿੱਚ 40 ਉਦਯੋਗਾਂ ਨਾਲ ਸਮਝੌਤੇ ਕੀਤੇ ਹਨ। ਗੁਰੂਗ੍ਰਾਮ ਅਤੇ ਫਰੀਦਾਬਾਦ ਵਿੱਚ ਸੈਂਟਰ ਆਫ਼ ਐਕਸੀਲੈਂਸ ਸਥਾਪਤ ਕੀਤੇ ਗਏ ਹਨ, ਜਦਕਿ ਕਰਨਾਲ, ਪਾਣੀਪਤ ਅਤੇ ਪੰਚਕੂਲਾ ਵਿੱਚ ਤਿੰਨ ਜ਼ਿਲ੍ਹਾ ਹੁਨਰ ਕੇਂਦਰ ਖੋਲ੍ਹੇ ਗਏ ਹਨ। ਪੀਐਮ-ਸੇਤੂ ਯੋਜਨਾ ਤਹਿਤ ਕੁਰੂਕਸ਼ੇਤਰ ਆਈਟੀਆਈ ਕਲੱਸਟਰ ਲਈ 320 ਕਰੋੜ ਰੁਪਏ ਦੀ ਕਾਰਜ ਯੋਜਨਾ ਨੂੰ ਮਨਜ਼ੂਰੀ ਮਿਲੀ ਹੈ। ਇਸ ਤਹਿਤ ਕੁਰੂਕਸ਼ੇਤਰ ਨੂੰ ਆਈਟੀਆਈ ਹੱਬ ਵਜੋਂ ਵਿਕਸਿਤ ਕੀਤਾ ਜਾਵੇਗਾ ਅਤੇ ਕੁਰੂਕਸ਼ੇਤਰ, ਕੈਥਲ, ਪਿਹੋਵਾ, ਪਬਨਾਵਾ ਅਤੇ ਅੰਬਾਲਾ ਸਿਟੀ ਦੀਆਂ ਛੇ ਆਈਟੀਆਈਜ਼ ਨੂੰ ਇਸ ਨਾਲ ਜੋੜਿਆ ਜਾਵੇਗਾ। ਜਿੰਦਲ ਨਵੀਨ ਅਵਸਰ ਲਿਮਟਿਡ ਇਸ ਪ੍ਰੋਜੈਕਟ ਵਿੱਚ ਐਂਕਰ ਇੰਡਸਟਰੀ ਪਾਰਟਨਰ ਵਜੋਂ ਹਰਿਆਣਾ ਸਰਕਾਰ ਨਾਲ ਮਿਲ ਕੇ ਕੰਮ ਕਰੇਗੀ।

ਬਿਨਾਂ ਪਰਚੀ–ਬਿਨਾਂ ਖਰਚੀ ਦੇ ਲਗਭਗ 2 ਲੱਖ ਨੌਜਵਾਨਾਂ ਨੂੰ ਮਿਲੀਆਂ ਸਰਕਾਰੀ ਨੌਕਰੀਆਂ

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਯੋਗਤਾ ਅਤੇ ਪਾਰਦਰਸ਼ਤਾ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਹੈ। ਪਹਿਲਾਂ ਸਰਕਾਰੀ ਨੌਕਰੀਆਂ ਪ੍ਰਾਪਤ ਕਰਨ ਲਈ ਪਰਚੀ ਅਤੇ ਖਰਚੀ ਦਾ ਸਹਾਰਾ ਲੈਣਾ ਪੈਂਦਾ ਸੀ, ਪਰ ਮੌਜੂਦਾ ਸਰਕਾਰ ਨੇ ਇਸ ਪ੍ਰਣਾਲੀ ਨੂੰ ਖ਼ਤਮ ਕਰ ਦਿੱਤਾ ਹੈ। ਪਿਛਲੇ 12 ਸਾਲਾਂ ਦੌਰਾਨ ਲਗਭਗ ਦੋ ਲੱਖ ਨੌਜਵਾਨਾਂ ਨੂੰ ਸਿਰਫ਼ ਯੋਗਤਾ ਦੇ ਆਧਾਰ ‘ਤੇ ਬਿਨਾਂ ਪਰਚੀ-ਬਿਨਾਂ ਖਰਚੀ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਚਾਹੁੰਦੀ ਹੈ ਕਿ ਹਰਿਆਣਾ ਦਾ ਨੌਜਵਾਨ ਜੇਕਰ ਵਿਦੇਸ਼ ਜਾਵੇ ਤਾਂ ਉਹ ਆਪਣੇ ਹੁਨਰ, ਸਨਮਾਨ ਅਤੇ ਸੁਰੱਖਿਆ ਨਾਲ ਜਾਵੇ, ਨਾ ਕਿ ਡੰਕੀ ਰੂਟ ਰਾਹੀਂ। ਇਸ ਮਕਸਦ ਲਈ ਗੈਰ-ਕਾਨੂੰਨੀ ਏਜੰਟਾਂ ‘ਤੇ ਰੋਕ ਲਗਾਉਣ ਵਾਸਤੇ ਸਖ਼ਤ ਕਾਨੂੰਨ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਵਿਦੇਸ਼ਾਂ ਵਿੱਚ ਸਿੱਖਿਆ ਅਤੇ ਰੁਜ਼ਗਾਰ ਦੇ ਸੁਰੱਖਿਅਤ ਮੌਕੇ ਉਪਲਬਧ ਕਰਵਾਉਣ ਲਈ ਵਿਦੇਸ਼ ਸਹਿਯੋਗ ਵਿਭਾਗ ਦਾ ਗਠਨ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਲੜਕੀਆਂ ਦੀ ਭਾਗੀਦਾਰੀ ਤੋਂ ਬਿਨਾਂ ਵਿਕਸਿਤ ਭਾਰਤ ਦਾ ਸੁਪਨਾ ਪੂਰਾ ਨਹੀਂ ਹੋ ਸਕਦਾ। ਹਰਿਆਣਾ ਵਿਜ਼ਨ-2047 ਵਿੱਚ ਮਹਿਲਾ ਕਿਰਤ ਸ਼ਕਤੀ ਦੀ ਭਾਗੀਦਾਰੀ 45 ਫ਼ੀਸਦੀ ਤੱਕ ਲਿਜਾਣ ਦਾ ਟੀਚਾ ਰੱਖਿਆ ਗਿਆ ਹੈ। ਮਹਾਤਮਾ ਫੂਲੇ ਨੇ ਜਿਸ ਤਰ੍ਹਾਂ ਧੀਆਂ ਦੇ ਹੱਥਾਂ ਵਿੱਚ ਕਿਤਾਬਾਂ ਫੜਾਉਣ ਦਾ ਕੰਮ ਕੀਤਾ ਸੀ, ਉਸੇ ਤਰ੍ਹਾਂ ਅੱਜ ਇਹ ਹੁਨਰ ਕੇਂਦਰ ਧੀਆਂ ਦੇ ਹੱਥਾਂ ਵਿੱਚ ਹੁਨਰ ਦੇ ਕੇ ਉਨ੍ਹਾਂ ਨੂੰ ਆਤਮਨਿਰਭਰ ਬਣਾਉਣ ਦਾ ਕੰਮ ਕਰੇਗਾ।

ਲਾਡਵਾ ਹਲਕੇ ਨੂੰ 43.31 ਕਰੋੜ ਰੁਪਏ ਦੀਆਂ 6 ਵਿਕਾਸ ਯੋਜਨਾਵਾਂ ਦੀ ਸੌਗਾਤ

ਇਸ ਮੌਕੇ ਮੁੱਖ ਮੰਤਰੀ ਨੇ ਲਾਡਵਾ ਵਿਧਾਨ ਸਭਾ ਹਲਕੇ ਨੂੰ ਕੁੱਲ 43 ਕਰੋੜ 31 ਲੱਖ 8 ਹਜ਼ਾਰ ਰੁਪਏ ਦੀਆਂ ਛੇ ਵਿਕਾਸ ਯੋਜਨਾਵਾਂ ਦੀ ਸੌਗਾਤ ਦਿੱਤੀ। ਇਨ੍ਹਾਂ ਵਿੱਚ ਪਿੰਡ ਖੇੜੀ ਦਬਦਲਾਨ ਵਿਖੇ 55.50 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਬਣੇ ਸਬ-ਹੈਲਥ ਸੈਂਟਰ ਦਾ ਉਦਘਾਟਨ ਕੀਤਾ ਗਿਆ। ਇਸ ਤੋਂ ਇਲਾਵਾ 42 ਕਰੋੜ 75 ਲੱਖ 58 ਹਜ਼ਾਰ ਰੁਪਏ ਦੀ ਲਾਗਤ ਵਾਲੇ ਪੰਜ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ ਗਏ। ਇਨ੍ਹਾਂ ਵਿੱਚ ਪਿੰਡ ਕੋਲਾਪੁਰ ਵਿਖੇ 55.50 ਲੱਖ ਰੁਪਏ ਦੀ ਲਾਗਤ ਨਾਲ ਸਬ-ਹੈਲਥ ਸੈਂਟਰ ਦਾ ਨਿਰਮਾਣ, ਲਾਡਵਾ ਵਿਖੇ 12 ਕਰੋੜ 88 ਲੱਖ 56 ਹਜ਼ਾਰ ਰੁਪਏ ਦੀ ਲਾਗਤ ਨਾਲ ਲੋਕ ਨਿਰਮਾਣ ਵਿਭਾਗ ਦੇ ਵਿਸ਼ਰਾਮ ਗ੍ਰਹਿ ਦੀ ਉਸਾਰੀ, ਜੀ.ਟੀ. ਰੋਡ ਤੋਂ ਪਿੰਡ ਕੋਲਾਪੁਰ ਅਤੇ ਬਰਗਟ ਚੌਕ ਤੋਂ ਸੁਨਾਰੀਆ ਚੌਕ ਤੱਕ 15 ਕਰੋੜ 3 ਲੱਖ 54 ਹਜ਼ਾਰ ਰੁਪਏ ਦੀ ਲਾਗਤ ਨਾਲ ਸੜਕ ਨੂੰ ਚਾਰ ਮਾਰਗੀ ਬਣਾਉਣਾ, ਲਾਡਵਾ ਵਿਖੇ 4 ਕਰੋੜ 44 ਲੱਖ 25 ਹਜ਼ਾਰ ਰੁਪਏ ਦੀ ਲਾਗਤ ਨਾਲ ਡਾ. ਬੀ.ਆਰ. ਅੰਬੇਡਕਰ ਭਵਨ ਦੀ ਉਸਾਰੀ ਅਤੇ ਇੰਦਰੀ ਰੋਡ ‘ਤੇ 9 ਕਰੋੜ 83 ਲੱਖ 73 ਹਜ਼ਾਰ ਰੁਪਏ ਦੀ ਲਾਗਤ ਨਾਲ ਕਮਿਊਨਿਟੀ ਸੈਂਟਰ ਦਾ ਨਿਰਮਾਣ ਸ਼ਾਮਲ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਸੜਕਾਂ, ਸਿਹਤ, ਸਿੱਖਿਆ ਅਤੇ ਨਾਗਰਿਕ ਸਹੂਲਤਾਂ ਸਮੇਤ ਹਰ ਖੇਤਰ ਵਿੱਚ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਅੱਗੇ ਵਧਾ ਰਹੀ ਹੈ। ਉਨ੍ਹਾਂ ਵਿਦਿਆਰਥੀਆਂ, ਸਿਖਲਾਈ ਦੇਣ ਵਾਲਿਆਂ, ਸਹਿਯੋਗੀ ਸੰਸਥਾਵਾਂ ਅਤੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਮਿਲ ਕੇ ਇਸ ਹੁਨਰ ਕੇਂਦਰ ਨੂੰ ਸਫ਼ਲ ਬਣਾਉਣ, ਤਾਂ ਜੋ ਇੱਥੋਂ ਸਿਖਲਾਈ ਪ੍ਰਾਪਤ ਕਰਕੇ ਨਿਕਲਣ ਵਾਲੇ ਨੌਜਵਾਨ ਸੂਬੇ ਅਤੇ ਦੇਸ਼ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਪਾ ਸਕਣ।

ਸਮਾਗਮ ਦੌਰਾਨ ਚਾਰ ਸੰਸਥਾਵਾਂ ਨਾਲ ਸਮਝੌਤਾ ਪੱਤਰਾਂ ‘ਤੇ ਕੀਤੇ ਦਸਤਖ਼ਤ

ਸਮਾਗਮ ਦੌਰਾਨ ਨੌਜਵਾਨਾਂ ਨੂੰ ਵੱਖ-ਵੱਖ ਹੁਨਰਾਂ ਦੀ ਸਿਖਲਾਈ ਪ੍ਰਦਾਨ ਕਰਨ ਲਈ ਚਾਰ ਸੰਸਥਾਵਾਂ ਨਾਲ ਸਮਝੌਤਾ ਪੱਤਰ (ਐਮਓਯੂ) ‘ਤੇ ਦਸਤਖ਼ਤ ਕੀਤੇ ਗਏ। ਇਨ੍ਹਾਂ ਵਿੱਚ 21ਵੀਂ ਸਦੀ ਦੇ ਰੁਜ਼ਗਾਰ ਹੁਨਰਾਂ ਦੀ ਸਿਖਲਾਈ ਲਈ ਕੁਐਸਟ ਅਲਾਇੰਸ, ਆਈਟੀ/ਆਈਟੀਈਐਸ ਅਤੇ ਉੱਨਤ ਏਆਈ ਸਿਖਲਾਈ ਲਈ ਐਨਆਈਆਈਟੀ, ਡਿਜੀਟਲ ਲਰਨਰ ਲਾਈਫਸਾਈਕਲ ਮੈਨੇਜਮੈਂਟ ਸਿਸਟਮ ਲਈ ਐਡੂਵੈਂਟੇਜ ਅਤੇ ਵਰਚੁਅਲ ਰਿਐਲਿਟੀ ਸਿਖਲਾਈ ਲਈ ਫੀਸਟ ਸੰਸਥਾ ਨਾਲ ਸਮਝੌਤੇ ਕੀਤੇ ਗਏ।

ਕੈਥਲ ਅਤੇ ਕੁਰੂਕਸ਼ੇਤਰ ਨੂੰ ਸਿੱਖਿਆ ਤੇ ਹੁਨਰ ਸਿਖਲਾਈ ਦੀ ਰਾਜਧਾਨੀ ਬਣਾਵਾਂਗੇ: ਨਵੀਨ ਜਿੰਦਲ

ਸੰਸਦ ਮੈਂਬਰ ਨਵੀਨ ਜਿੰਦਲ ਨੇ ਕਿਹਾ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਮਾਰਗਦਰਸ਼ਨ ਅਤੇ ਮਹਾਤਮਾ ਜੋਤਿਬਾ ਫੂਲੇ ਦੇ ਆਸ਼ੀਰਵਾਦ ਨਾਲ ਕੈਥਲ ਅਤੇ ਕੁਰੂਕਸ਼ੇਤਰ ਨੂੰ ਸਿੱਖਿਆ ਅਤੇ ਹੁਨਰ ਸਿਖਲਾਈ ਦੀ ਰਾਜਧਾਨੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਇਸ ਆਈਟੀਆਈ ਦੇ ਆਧੁਨਿਕੀਕਰਨ ਅਤੇ ਸੰਚਾਲਨ ਦੀ ਜ਼ਿੰਮੇਵਾਰੀ ਸੌਂਪੀ ਹੈ। ਉਨ੍ਹਾਂ ਕਿਹਾ ਕਿ ਇਹ ਮਾਣ ਅਤੇ ਸੰਤੋਖ ਦੀ ਗੱਲ ਹੈ ਕਿ ਲਗਭਗ 9 ਕਰੋੜ ਰੁਪਏ ਦੀ ਲਾਗਤ ਨਾਲ ਮਹਾਤਮਾ ਜੋਤਿਬਾ ਫੂਲੇ ਇੰਟਰਨੈਸ਼ਨਲ ਸਕਿੱਲ ਸੈਂਟਰ ਨੌਜਵਾਨਾਂ ਨੂੰ ਸਿਖਲਾਈ ਦੇ ਰਿਹਾ ਹੈ। ਇਸ ਕੇਂਦਰ ਰਾਹੀਂ ਹਰ ਸਾਲ 1,000 ਤੋਂ ਵੱਧ ਨੌਜਵਾਨਾਂ ਨੂੰ ਸਿਖਲਾਈ ਅਤੇ ਰੁਜ਼ਗਾਰ ਨਾਲ ਜੋੜਨ ਦਾ ਟੀਚਾ ਰੱਖਿਆ ਗਿਆ ਹੈ। ਇਹ ਕੇਂਦਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਕਸਿਤ ਭਾਰਤ-2047 ਦੇ ਵਿਜ਼ਨ ਤਹਿਤ ਸਕਿੱਲ ਇੰਡੀਆ ਅਤੇ ਆਤਮਨਿਰਭਰ ਭਾਰਤ ਦੇ ਸੰਕਲਪ ਨੂੰ ਮਜ਼ਬੂਤ ਕਰੇਗਾ। ਨਵੀਨ ਜਿੰਦਲ ਨੇ ਕਿਹਾ ਕਿ ਮਹਾਤਮਾ ਜੋਤਿਬਾ ਫੂਲੇ ਦਾ ਵਿਚਾਰ ਸੀ ਕਿ ਸਿੱਖਿਆ ਦੀ ਘਾਟ ਕਾਰਨ ਬੁੱਧੀ, ਸੂਝ-ਬੂਝ, ਸਹੀ ਨੀਤੀ, ਤਰੱਕੀ ਅਤੇ ਆਰਥਿਕ ਖੁਸ਼ਹਾਲੀ ਪ੍ਰਭਾਵਿਤ ਹੁੰਦੀ ਹੈ। ਇਸ ਲਈ ਸਿੱਖਿਆ ਵਿਅਕਤੀ ਅਤੇ ਸਮਾਜ ਦੇ ਵਿਕਾਸ ਦੀ ਸਭ ਤੋਂ ਵੱਡੀ ਕੁੰਜੀ ਹੈ। ਸਿੱਖਿਆ ਦੇ ਨਾਲ-ਨਾਲ ਹੁਨਰ ਵੀ ਸਮਾਜਿਕ ਬਰਾਬਰੀ, ਸਵੈ-ਮਾਣ ਅਤੇ ਆਰਥਿਕ ਤਰੱਕੀ ਦਾ ਪ੍ਰਭਾਵਸ਼ਾਲੀ ਸਾਧਨ ਹੈ।

ਉਨ੍ਹਾਂ ਨੌਜਵਾਨਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਵੱਡੇ ਸੁਪਨੇ ਦੇਖੋ, ਲਗਾਤਾਰ ਸਿੱਖਦੇ ਰਹੋ ਅਤੇ ਸਿਰਫ਼ ਰੁਜ਼ਗਾਰ ਪ੍ਰਾਪਤ ਕਰਨ ਵਾਲੇ ਨਹੀਂ, ਸਗੋਂ ਦੂਜਿਆਂ ਨੂੰ ਰੁਜ਼ਗਾਰ ਦੇਣ ਵਾਲੇ ਬਣੋ। ਸਮੇਂ ਦੇ ਨਾਲ ਬਦਲ ਰਹੀਆਂ ਨਵੀਆਂ ਤਕਨੀਕਾਂ ਅਤੇ ਹੁਨਰਾਂ ਨੂੰ ਸਿੱਖਦੇ ਰਹੋ, ਕਿਉਂਕਿ ਹੁਨਰ ਦੇ ਦਮ ‘ਤੇ ਹੀ ਦੁਨੀਆ ਜਿੱਤੀ ਜਾ ਸਕਦੀ ਹੈ। ਇਸ ਮੌਕੇ ਸਾਬਕਾ ਰਾਜ ਮੰਤਰੀ ਸੁਭਾਸ਼ ਸੁਧਾ, ਮੁੱਖ ਮੰਤਰੀ ਦਫ਼ਤਰ ਦੇ ਇੰਚਾਰਜ ਕੈਲਾਸ਼ ਸੈਣੀ, ਪੁਲਿਸ ਸੁਪਰਡੈਂਟ ਚੰਦਰ ਮੋਹਨ, ਵਧੀਕ ਡਿਪਟੀ ਕਮਿਸ਼ਨਰ ਪੰਕਜ ਸੇਤੀਆ, ਚੇਅਰਮੈਨ ਗੁਰਨਾਮ ਸਿੰਘ ਸੈਣੀ, ਚੇਅਰਮੈਨ ਸੁਭਾਸ਼ ਕਲਸਾਨਾ, ਜੈ ਭਗਵਾਨ ਸ਼ਰਮਾ ਡੀ.ਡੀ., ਚੇਅਰਮੈਨ ਡਾ. ਗਣੇਸ਼ ਦੱਤ, ਚੇਅਰਪਰਸਨ ਕੰਵਲਜੀਤ ਕੌਰ, ਚੇਅਰਪਰਸਨ ਸਾਕਸ਼ੀ ਖੁਰਾਣਾ, ਜ਼ਿਲ੍ਹਾ ਪ੍ਰਧਾਨ ਰਮੇਸ਼ ਸੈਣੀ, ਮੰਡਲ ਪ੍ਰਧਾਨ ਨਰਿੰਦਰ ਦਬਖੇੜਾ, ਮੰਡਲ ਪ੍ਰਧਾਨ ਸ਼ਿਵ ਗੁਪਤਾ, ਪਿੰਡ ਬਹਿਲੋਲਪੁਰ ਦੀ ਸਰਪੰਚ ਨੇਹਾ ਸੈਣੀ, ਨਾਇਬ ਸਿੰਘ ਪਟਾਕ ਮਾਜਰਾ, ਸੰਸਦੀ ਦਫ਼ਤਰ ਦੇ ਇੰਚਾਰਜ ਅਤੇ ਸਾਬਕਾ ਆਈਏਐਸ ਧਰਮਵੀਰ ਸਿੰਘ, ਸੰਸਦ ਮੈਂਬਰ ਨਵੀਨ ਜਿੰਦਲ ਦੇ ਹੁਨਰ ਵਿਕਾਸ ਸਲਾਹਕਾਰ ਸੇਵਾਮੁਕਤ ਕਰਨਲ ਅਰੁਣ ਚੰਦੇਲ, ਨਵੀਨ ਜਿੰਦਲ ਫਾਊਂਡੇਸ਼ਨ ਦੇ ਹੁਨਰ ਵਿਕਾਸ ਵਿਭਾਗ ਦੇ ਵਾਈਸ ਪ੍ਰੈਜ਼ੀਡੈਂਟ ਡਾ. ਮਨੀਸ਼ ਮਿਸ਼ਰਾ, ਸੰਸਥਾ ਦੇ ਉਪ ਪ੍ਰਬੰਧਕ ਅਭਿਸ਼ੇਕ ਸਹਿਗਲ ਸਮੇਤ ਕਈ ਪਤਵੰਤੇ ਹਾਜ਼ਰ ਸਨ।

 

RELATED ARTICLES
- Advertisment -
Google search engine
Google search engine
Google search engine

Most Popular

Recent Comments