ਕੁਰੂਂਗ ਕੁਮੇ, 15 ਨਵੰਬਰ, 2026 (ਸ਼ਹੀਦ-ਏ-ਆਜ਼ਮ-ਬਿਊਰੋ ): ਉੱਤਰ-ਪੂਰਬੀ ਭਾਰਤ ਦੇ ਦੋ ਸੂਬਿਆਂ ਵਿੱਚ ਕੁਝ ਘੰਟਿਆਂ ਦੇ ਅੰਤਰਾਲ ਦੌਰਾਨ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਸਾਮ ਦੇ ਕਾਮਰੂਪ ਜ਼ਿਲ੍ਹੇ ਵਿੱਚ 4.0 ਤੀਬਰਤਾ ਦਾ ਭੂਚਾਲ ਆਉਣ ਤੋਂ ਬਾਅਦ ਸ਼ਨੀਵਾਰ ਸ਼ਾਮ ਅਰੁਣਾਚਲ ਪ੍ਰਦੇਸ਼ ਦੇ ਕੁਰੂਂਗ ਕੁਮੇ ਜ਼ਿਲ੍ਹੇ ਵਿੱਚ 3.1 ਤੀਬਰਤਾ ਦਾ ਭੂਚਾਲ ਦਰਜ ਕੀਤਾ ਗਿਆ। ਇਹ ਜਾਣਕਾਰੀ ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (ਐਨਸੀਐਸ) ਵੱਲੋਂ ਦਿੱਤੀ ਗਈ ਹੈ। ਐਨਸੀਐਸ ਦੇ ਅਨੁਸਾਰ ਅਰੁਣਾਚਲ ਪ੍ਰਦੇਸ਼ ਵਿੱਚ ਭੂਚਾਲ ਸ਼ਨੀਵਾਰ ਰਾਤ 9 ਵੱਜ ਕੇ 28 ਮਿੰਟ 52 ਸਕਿੰਟ ‘ਤੇ ਆਇਆ। ਇਸ ਦੀ ਡੂੰਘਾਈ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਦਰਜ ਕੀਤੀ ਗਈ, ਜਦਕਿ ਇਸ ਦਾ ਕੇਂਦਰ 28.083 ਡਿਗਰੀ ਉੱਤਰੀ ਅਕਸ਼ਾਂਸ਼ ਅਤੇ 92.685 ਡਿਗਰੀ ਪੂਰਬੀ ਦੇਸ਼ਾਂਤਰ ‘ਤੇ ਸਥਿਤ ਸੀ। ਇਸ ਤੋਂ ਪਹਿਲਾਂ ਸ਼ਨੀਵਾਰ ਦੁਪਹਿਰ 2 ਵੱਜ ਕੇ 43 ਮਿੰਟ 5 ਸਕਿੰਟ ‘ਤੇ ਅਸਾਮ ਦੇ ਕਾਮਰੂਪ ਜ਼ਿਲ੍ਹੇ ਵਿੱਚ 4.0 ਤੀਬਰਤਾ ਦਾ ਭੂਚਾਲ ਆਇਆ ਸੀ। ਇਸ ਭੂਚਾਲ ਦੀ ਡੂੰਘਾਈ ਵੀ 10 ਕਿਲੋਮੀਟਰ ਦਰਜ ਕੀਤੀ ਗਈ। ਇਸ ਦਾ ਕੇਂਦਰ 25.749 ਡਿਗਰੀ ਉੱਤਰੀ ਅਕਸ਼ਾਂਸ਼ ਅਤੇ 91.273 ਡਿਗਰੀ ਪੂਰਬੀ ਦੇਸ਼ਾਂਤਰ ‘ਤੇ ਸੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 26 ਅਕਤੂਬਰ ਨੂੰ ਮੇਘਾਲਿਆ ਦੇ ਈਸਟ ਗਾਰੋ ਹਿਲਜ਼ ਜ਼ਿਲ੍ਹੇ ਵਿੱਚ ਵੀ 3.0 ਤੀਬਰਤਾ ਦਾ ਭੂਚਾਲ ਦਰਜ ਕੀਤਾ ਗਿਆ ਸੀ, ਜਿਸ ਦੀ ਡੂੰਘਾਈ 5 ਕਿਲੋਮੀਟਰ ਸੀ। ਫਿਲਹਾਲ ਇਨ੍ਹਾਂ ਭੂਚਾਲਾਂ ਕਾਰਨ ਹੋਏ ਜਾਨੀ ਜਾਂ ਮਾਲੀ ਨੁਕਸਾਨ ਸਬੰਧੀ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ।






