HomeਮਨੋਰੰਜਨIFFI 2026 ਦੇ BRICS ਸੈਕਸ਼ਨ ਦੀ ਸ਼ੁਰੂਆਤ ਕਰੇਗੀ ਰਣਬੀਰ ਕਪੂਰ ਦੀ ਫਿਲਮ...

IFFI 2026 ਦੇ BRICS ਸੈਕਸ਼ਨ ਦੀ ਸ਼ੁਰੂਆਤ ਕਰੇਗੀ ਰਣਬੀਰ ਕਪੂਰ ਦੀ ਫਿਲਮ ‘ਰਾਮਾਇਣ’, 20 ਨਵੰਬਰ ਤੋਂ ਗੋਆ ਵਿੱਚ ਸਜੇਗਾ ਕੌਮਾਂਤਰੀ ਫਿਲਮ ਮੇਲਾ

Ranbir Kapoor's Ramayana to headline the BRICS segment as IFFI 2026 showcases 159 films from 86 countries in Goa.

ਗੋਆ, 14 ਨਵੰਬਰ, 2026 (ਚੌਧਰੀ ਪ੍ਰਭਜੀਤ ਸਿੰਘ ) : ਗੋਆ ਵਿੱਚ 20 ਤੋਂ 28 ਨਵੰਬਰ ਤੱਕ ਕਰਵਾਏ ਜਾਣ ਵਾਲੇ 57ਵੇਂ ਕੌਮਾਂਤਰੀ ਫਿਲਮ ਮੇਲੇ (IFFI 2026) ਦੇ BRICS ਸੈਕਸ਼ਨ ਦੀ ਸ਼ੁਰੂਆਤ ਅਦਾਕਾਰ ਰਣਬੀਰ ਕਪੂਰ ਦੀ ਫਿਲਮ ‘ਰਾਮਾਇਣ ਪਾਰਟ-1’ ਨਾਲ ਹੋਵੇਗੀ। ਨਮਿਤ ਮਲਹੋਤਰਾ ਵੱਲੋਂ ਨਿਰਮਿਤ ਅਤੇ ਨਿਤੇਸ਼ ਤਿਵਾੜੀ ਦੇ ਨਿਰਦੇਸ਼ਨ ਹੇਠ ਬਣੀ ਇਹ ਬਹੁ-ਚਰਚਿਤ ਫਿਲਮ BRICS ਦੇ 11 ਮੈਂਬਰ ਦੇਸ਼ਾਂ ਦੀਆਂ ਫਿਲਮਾਂ ਦੇ ਨਾਲ ਇਸ ਵਿਸ਼ੇਸ਼ ਸੈਕਸ਼ਨ ਦਾ ਉਦਘਾਟਨ ਕਰੇਗੀ। ਫਿਲਮ ਵਿੱਚ ਰਣਬੀਰ ਕਪੂਰ ਭਗਵਾਨ ਰਾਮ, ਯਸ਼ ਰਾਵਣ, ਸਾਈ ਪੱਲਵੀ ਮਾਤਾ ਸੀਤਾ ਅਤੇ ਰਵੀ ਦੂਬੇ ਲਕਸ਼ਮਣ ਦੀ ਭੂਮਿਕਾ ਨਿਭਾ ਰਹੇ ਹਨ। ਫਿਲਮ ਦਾ ਸੰਗੀਤ ਏ.ਆਰ. ਰਹਿਮਾਨ ਅਤੇ ਆਸਕਰ ਜੇਤੂ ਹੰਸ ਜ਼ਿਮਰ ਨੇ ਤਿਆਰ ਕੀਤਾ ਹੈ। ਇਸ ਫਿਲਮ ਦਾ ਦੂਜਾ ਭਾਗ ਸਾਲ 2028 ਵਿੱਚ ਰਿਲੀਜ਼ ਹੋਣ ਦੀ ਯੋਜਨਾ ਹੈ। BRICS ਸੈਕਸ਼ਨ ਵਿੱਚ ਮੈਂਬਰ ਦੇਸ਼ਾਂ ਤੋਂ ਇਲਾਵਾ ਭਾਈਵਾਲ ਦੇਸ਼ਾਂ ਦੀਆਂ ਫਿਲਮਾਂ ਵੀ ਦਿਖਾਈਆਂ ਜਾਣਗੀਆਂ, ਜਿਸ ਨਾਲ ਦਰਸ਼ਕਾਂ ਨੂੰ ਵੱਖ-ਵੱਖ ਦੇਸ਼ਾਂ ਦੀ ਸਿਨੇਮਾ ਪਰੰਪਰਾ, ਸੱਭਿਆਚਾਰ ਅਤੇ ਕਹਾਣੀ ਕਹਿਣ ਦੇ ਅੰਦਾਜ਼ ਨੂੰ ਸਮਝਣ ਦਾ ਮੌਕਾ ਮਿਲੇਗਾ।

ਇਸੇ ਦੌਰਾਨ ਰਣਵੀਰ ਸਿੰਘ ਦੀ ਫਿਲਮ ‘ਧੁਰੰਧਰ’ ਨੂੰ IFFI ਦੇ ਇੰਡੀਅਨ ਪੈਨੋਰਮਾ ਸੈਕਸ਼ਨ ਦੀ ਉਦਘਾਟਨੀ ਫੀਚਰ ਫਿਲਮ ਵਜੋਂ ਚੁਣਿਆ ਗਿਆ ਹੈ। ਜਦਕਿ ਪੋਲੈਂਡ ਦੇ ਪ੍ਰਸਿੱਧ ਫਿਲਮ ਨਿਰਮਾਤਾ ਪਾਵੇਲ ਪਾਵਲੀਕੋਵਸਕੀ ਦੀ ਫਿਲਮ ‘ਫਾਦਰਲੈਂਡ’ ਮੇਲੇ ਦੀ ਉਦਘਾਟਨੀ ਫਿਲਮ ਹੋਵੇਗੀ। ਪਾਵਲੀਕੋਵਸਕੀ ‘ਇਡਾ’ ਅਤੇ ‘ਕੋਲਡ ਵਾਰ’ ਵਰਗੀਆਂ ਪ੍ਰਸਿੱਧ ਫਿਲਮਾਂ ਲਈ ਜਾਣੇ ਜਾਂਦੇ ਹਨ। ਮੇਲੇ ਸਬੰਧੀ ਸ਼ੁੱਕਰਵਾਰ ਨੂੰ ਕਰਵਾਈ ਗਈ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਗਿਆ ਕਿ ਇਸ ਵਾਰ 86 ਦੇਸ਼ਾਂ ਦੀਆਂ ਕੁੱਲ 159 ਫਿਲਮਾਂ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ। ਇਨ੍ਹਾਂ ਫਿਲਮਾਂ ਦੀ ਚੋਣ ਲਗਭਗ 1,400 ਪ੍ਰਾਪਤ ਹੋਈਆਂ ਐਂਟਰੀਆਂ ਵਿੱਚੋਂ ਕੀਤੀ ਗਈ ਹੈ। ਇਸ ਸਾਲ ਮੇਲੇ ਦਾ ਵਿਸ਼ਾ ‘ਸਟੋਰੀਜ਼ ਵਿਦਾਊਟ ਬਾਰਡਰਜ਼’ (ਸਰਹੱਦਾਂ ਤੋਂ ਪਾਰ ਕਹਾਣੀਆਂ) ਰੱਖਿਆ ਗਿਆ ਹੈ, ਜੋ ਸਿਨੇਮਾ ਰਾਹੀਂ ਵੱਖ-ਵੱਖ ਭਾਸ਼ਾਵਾਂ, ਸੱਭਿਆਚਾਰਾਂ ਅਤੇ ਦੇਸ਼ਾਂ ਨੂੰ ਜੋੜਨ ਦੇ ਸੰਦੇਸ਼ ਨੂੰ ਦਰਸਾਉਂਦਾ ਹੈ।

57ਵੇਂ IFFI ਵਿੱਚ ਅੰਤਰਰਾਸ਼ਟਰੀ ਮੁਕਾਬਲਾ, ਸਰਵੋਤਮ ਪਹਿਲੀ ਫੀਚਰ ਫਿਲਮ ਮੁਕਾਬਲਾ ਅਤੇ ICFT-UNESCO ਗਾਂਧੀ ਮੈਡਲ ਸਮੇਤ ਤਿੰਨ ਪ੍ਰਮੁੱਖ ਮੁਕਾਬਲੇ ਕਰਵਾਏ ਜਾਣਗੇ। ਇਸ ਤੋਂ ਇਲਾਵਾ ਡਿਜੀਟਲ ਮਨੋਰੰਜਨ ਦੇ ਵਧਦੇ ਪ੍ਰਭਾਵ ਨੂੰ ਧਿਆਨ ਵਿੱਚ ਰੱਖਦਿਆਂ ਸਰਵੋਤਮ ਵੈੱਬ ਸੀਰੀਜ਼ (OTT) ਐਵਾਰਡ ਵੀ ਦਿੱਤਾ ਜਾਵੇਗਾ। ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਕਿਹਾ ਕਿ ਸੂਬਾ ਦੁਨੀਆ ਭਰ ਦੇ ਫਿਲਮ ਨਿਰਮਾਤਾਵਾਂ, ਕਲਾਕਾਰਾਂ ਅਤੇ ਸਿਨੇਮਾ ਪ੍ਰੇਮੀਆਂ ਦੇ ਸਵਾਗਤ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ਨਵੰਬਰ ਵਿੱਚ IFFI ਗੋਆ ਨੂੰ ਵਿਸ਼ਵ ਸਿਨੇਮਾ ਦੇ ਇੱਕ ਮਹੱਤਵਪੂਰਨ ਕੇਂਦਰ ਵਿੱਚ ਤਬਦੀਲ ਕਰ ਦਿੰਦਾ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਇਸ ਵਾਰ ਦਾ ਮੇਲਾ ਵੀ ਅੰਤਰਰਾਸ਼ਟਰੀ ਪੱਧਰ ‘ਤੇ ਸਿਨੇਮਾ, ਰਚਨਾਤਮਕਤਾ ਅਤੇ ਸੱਭਿਆਚਾਰਕ ਸਾਂਝ ਨੂੰ ਉਤਸ਼ਾਹਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗਾ।

 

RELATED ARTICLES
- Advertisment -
Google search engine
Google search engine
Google search engine

Most Popular

Recent Comments