ਮਾਸਕੋ ਸਥਿਤ 17ਵੀਂ ਮੰਜ਼ਿਲ ਦੇ ਫਲੈਟ ਵਿੱਚ ਬਾਇਓ-ਫਾਇਰਪਲੇਸ ਤੋਂ ਭੜਕੀ ਅੱਗ; ਸਰੀਰ ਅਤੇ ਘਰ ਦਾ ਸਾਮਾਨ ਆਇਆ ਲਪੇਟ ’ਚ
ਮਾਸਕੋ, 10 ਨਵੰਬਰ, 2026 (ਛਤਰਪਾਲ ਸਿੰਘ ) : ਰੂਸ ਦੀ ਨਾਮਵਰ ਖਿਡਾਰਨ ਅਤੇ ਦੋ ਵਾਰ ਦੀ ਓਲੰਪਿਕ ਸੋਨ ਤਮਗਾ ਜੇਤੂ ਮਾਰੀਆ ਸ਼ੁਰੇਚਕੀਨਾ ਇੱਕ ਭਿਆਨਕ ਅੱਗ ਹਾਦਸੇ ਵਿੱਚ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ ਹੈ। ਮਾਸਕੋ ਸਥਿਤ ਉਸ ਦੇ ਰਿਹਾਇਸ਼ੀ ਫਲੈਟ ਵਿੱਚ ਅੱਗ ਲੱਗਣ ਕਾਰਨ ਉਹ ਬੁਰੀ ਤਰ੍ਹਾਂ ਝੁਲਸ ਗਈ। ਮੀਡੀਆ ਰਿਪੋਰਟਾਂ ਅਨੁਸਾਰ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਇਹ ਹਾਦਸਾ 8 ਨਵੰਬਰ ਦੀ ਰਾਤ ਨੂੰ ਮਾਸਕੋ ਦੀ ਬਾਗ੍ਰਿਤਸਕੀ ਸਟਰੀਟ ’ਤੇ ਸਥਿਤ ਇੱਕ ਰਿਹਾਇਸ਼ੀ ਇਮਾਰਤ ਵਿੱਚ ਵਾਪਰਿਆ। ਮਾਰੀਆ ਆਪਣੇ ਫਲੈਟ ਦੀ 17ਵੀਂ ਮੰਜ਼ਿਲ ’ਤੇ ਬਾਇਓ-ਫਾਇਰਪਲੇਸ ਵਿੱਚ ਜਲਣਸ਼ੀਲ ਤਰਲ ਪਦਾਰਥ ਭਰ ਰਹੀ ਸੀ। ਇਸੇ ਦੌਰਾਨ ਤਰਲ ਪਦਾਰਥ ਵਿੱਚੋਂ ਨਿਕਲਣ ਵਾਲੀ ਭਾਫ਼ ਨੇ ਅਚਾਨਕ ਅੱਗ ਫੜ ਲਈ। ਅੱਗ ਦੀਆਂ ਲਪਟਾਂ ਤੇਜ਼ੀ ਨਾਲ ਫੈਲੀਆਂ ਅਤੇ ਉਸ ਦੇ ਕੱਪੜਿਆਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਫਲੈਟ ਵਿੱਚ ਪਿਆ ਫਰਨੀਚਰ ਅਤੇ ਹੋਰ ਘਰੇਲੂ ਸਾਮਾਨ ਵੀ ਸੜ ਗਿਆ। ਮੁੱਢਲੀ ਜਾਂਚ ਵਿੱਚ ਬਾਇਓ-ਫਾਇਰਪਲੇਸ ਦੀ ਵਰਤੋਂ ਦੌਰਾਨ ਸੁਰੱਖਿਆ ਨਿਯਮਾਂ ਦੀ ਸੰਭਾਵਿਤ ਉਲੰਘਣਾ ਨੂੰ ਹਾਦਸੇ ਦਾ ਕਾਰਨ ਮੰਨਿਆ ਜਾ ਰਿਹਾ ਹੈ।
ਦੋ ਓਲੰਪਿਕ ਸੋਨ ਤਮਗਿਆਂ ਨਾਲ ਹੈ ਵਿਸ਼ਵ ਪੱਧਰ ’ਤੇ ਪਛਾਣ
31 ਸਾਲਾ ਮਾਰੀਆ ਸ਼ੁਰੇਚਕੀਨਾ ਰੂਸ ਦੀ ਪ੍ਰਸਿੱਧ ਸਿੰਕ੍ਰੋਨਾਈਜ਼ਡ ਸਵਿਮਿੰਗ ਖਿਡਾਰਨ ਹੈ। ਉਸ ਨੇ 2016 ਦੀਆਂ ਰੀਓ ਓਲੰਪਿਕ ਅਤੇ 2021 ਦੀਆਂ ਟੋਕੀਓ ਓਲੰਪਿਕ ਖੇਡਾਂ ਵਿੱਚ ਟੀਮ ਮੁਕਾਬਲਿਆਂ ਦੌਰਾਨ ਸੋਨ ਤਮਗੇ ਜਿੱਤੇ ਸਨ। ਇਸ ਤੋਂ ਇਲਾਵਾ ਉਹ ਆਪਣੇ ਖੇਡ ਕਰੀਅਰ ਵਿੱਚ 11 ਵਾਰ ਵਿਸ਼ਵ ਚੈਂਪੀਅਨ ਬਣਨ ਦਾ ਮਾਣ ਵੀ ਹਾਸਲ ਕਰ ਚੁੱਕੀ ਹੈ। ਮਾਰੀਆ ਦਾ ਸਬੰਧ ਰੂਸ ਦੇ ਪ੍ਰਸਿੱਧ ਮਨੋਰੰਜਨ ਜਗਤ ਨਾਲ ਵੀ ਹੈ। ਉਹ ਮਸ਼ਹੂਰ ਰੂਸੀ ਗਾਇਕਾ ਨਿਊਸ਼ਾ ਦੀ ਭੈਣ ਹੈ। ਇਸ ਹਾਦਸੇ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਖੇਡ ਜਗਤ ਵਿੱਚ ਚਿੰਤਾ ਦਾ ਮਾਹੌਲ ਹੈ।






