ਚੰਡੀਗੜ੍ਹ, 8 ਨਵੰਬਰ 2026 (ਸ਼ਹੀਦ-ਏ-ਆਜ਼ਮ ਬਿਊਰੋ): ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਵੱਲੋਂ ਪੈਨਸ਼ਨਰਾਂ ਨੂੰ ਡਿਜੀਟਲ ਸਹੂਲਤਾਂ ਪ੍ਰਤੀ ਜਾਗਰੂਕ ਕਰਨ ਅਤੇ ਸਾਲਾਨਾ ਜੀਵਨ ਸਰਟੀਫਿਕੇਟ ਜਮ੍ਹਾਂ ਕਰਵਾਉਣ ਦੀ ਪ੍ਰਕਿਰਿਆ ਨੂੰ ਆਸਾਨ ਬਣਾਉਣ ਦੇ ਉਦੇਸ਼ ਨਾਲ ਦੇਸ਼ ਪੱਧਰੀ ਡਿਜੀਟਲ ਲਾਈਫ ਸਰਟੀਫਿਕੇਟ ਮੁਹਿੰਮ 5.0 ਤਹਿਤ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਹ ਮੁਹਿੰਮ 1 ਨਵੰਬਰ ਤੋਂ 30 ਨਵੰਬਰ 2026 ਤੱਕ ਚਲਾਈ ਜਾ ਰਹੀ ਹੈ, ਜਿਸ ਦੌਰਾਨ ਆਧਾਰ ਆਧਾਰਿਤ ਫੇਸ ਆਥੈਂਟੀਕੇਸ਼ਨ ਤਕਨੀਕ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਚੰਡੀਗੜ੍ਹ, ਪੰਚਕੂਲਾ ਅਤੇ ਮੋਹਾਲੀ ਤੋਂ 150 ਤੋਂ ਵੱਧ ਪੈਨਸ਼ਨਰਾਂ ਨੇ ਇਸ ਸੈਮੀਨਾਰ ਵਿੱਚ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਇਸ ਮੌਕੇ ਬੈਂਕ ਅਧਿਕਾਰੀਆਂ ਵੱਲੋਂ ਪੈਨਸ਼ਨਰਾਂ ਨੂੰ ਡਿਜੀਟਲ ਲਾਈਫ ਸਰਟੀਫਿਕੇਟ (DLC) ਬਣਾਉਣ ਦੀ ਪ੍ਰਕਿਰਿਆ, ਇਸ ਦੇ ਫਾਇਦਿਆਂ ਅਤੇ ਆਧਾਰ ਆਧਾਰਿਤ ਫੇਸ ਆਥੈਂਟੀਕੇਸ਼ਨ ਤਕਨੀਕ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਬੈਂਕ ਅਧਿਕਾਰੀਆਂ ਦੀ ਸਹਾਇਤਾ ਨਾਲ ਹਾਜ਼ਰ ਪੈਨਸ਼ਨਰਾਂ ਦੇ ਡਿਜੀਟਲ ਜੀਵਨ ਸਰਟੀਫਿਕੇਟ ਵੀ ਸਫਲਤਾਪੂਰਵਕ ਅਪਡੇਟ ਕੀਤੇ ਗਏ। ਸੈਮੀਨਾਰ ਦਾ ਮੁੱਖ ਉਦੇਸ਼ ਬਜ਼ੁਰਗਾਂ ਅਤੇ ਪੈਨਸ਼ਨਰਾਂ ਨੂੰ ਹਰ ਸਾਲ ਜੀਵਨ ਸਰਟੀਫਿਕੇਟ ਜਮ੍ਹਾਂ ਕਰਵਾਉਣ ਲਈ ਬੈਂਕ ਸ਼ਾਖਾਵਾਂ ਦੇ ਚੱਕਰ ਲਗਾਉਣ ਦੀ ਮੁਸ਼ਕਲ ਤੋਂ ਬਚਾਉਣਾ ਹੈ। ਇਸ ਸਬੰਧੀ ‘ਜੀਵਨ ਪ੍ਰਮਾਣ’ ਸਹੂਲਤ ਰਾਹੀਂ ਪੈਨਸ਼ਨਰ ਆਪਣੇ ਸਮਾਰਟਫੋਨ ਦੀ ਮਦਦ ਨਾਲ ਡਿਜੀਟਲ ਲਾਈਫ ਸਰਟੀਫਿਕੇਟ ਜਮ੍ਹਾਂ ਕਰਵਾ ਸਕਦੇ ਹਨ। ਇਸ ਪ੍ਰਕਿਰਿਆ ਲਈ ਵੱਖਰੇ ਬਾਇਓਮੈਟ੍ਰਿਕ ਯੰਤਰ ਦੀ ਲੋੜ ਨਹੀਂ ਪੈਂਦੀ।
ਇਸ ਪ੍ਰੋਗਰਾਮ ਵਿੱਚ ਐਸਬੀਆਈ ਦੇ ਚੀਫ਼ ਜਨਰਲ ਮੈਨੇਜਰ (CGM) ਅਮਰੇਸ਼ ਕੁਮਾਰ ਝਾਅ, ਡਿਪਟੀ ਜਨਰਲ ਮੈਨੇਜਰ (D&TB) ਨਿਤਿਨ ਜੋਸ਼ੀ, ਰੀਜਨਲ ਮੈਨੇਜਰ ਆਰਬੀਓ-4 ਚੰਡੀਗੜ੍ਹ ਵਿਨੀਤ ਕੁਮਾਰ ਅਤੇ ਏਜੀਐਮ ਨੇਹਾ ਪਰਾਸ਼ਰ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ। ਇਸ ਤੋਂ ਇਲਾਵਾ ਬ੍ਰਾਂਚ ਮੈਨੇਜਰ ਕਨਿਕਾ ਵਿਜ ਅਤੇ ਚੀਫ਼ ਮੈਨੇਜਰ ਰਵਿੰਦਰ ਕੁਮਾਰ ਨੇ ਵੀ ਪ੍ਰੋਗਰਾਮ ਦੇ ਆਯੋਜਨ ਵਿੱਚ ਸਹਿਯੋਗ ਦਿੱਤਾ। ਇਸ ਮੌਕੇ ਅਮਰੇਸ਼ ਕੁਮਾਰ ਝਾਅ ਨੇ ਪੈਨਸ਼ਨਰਾਂ ਨੂੰ ਸੰਬੋਧਨ ਕਰਦਿਆਂ ਡਿਜੀਟਲ ਲਾਈਫ ਸਰਟੀਫਿਕੇਟ ਦੀ ਮਹੱਤਤਾ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਆਧੁਨਿਕ ਤਕਨੀਕ ਦੀ ਵਰਤੋਂ ਨਾਲ ਬਜ਼ੁਰਗ ਨਾਗਰਿਕਾਂ ਲਈ ਬੈਂਕਿੰਗ ਅਤੇ ਪੈਨਸ਼ਨ ਨਾਲ ਜੁੜੀਆਂ ਸੇਵਾਵਾਂ ਨੂੰ ਵਧੇਰੇ ਆਸਾਨ ਅਤੇ ਸੁਵਿਧਾਜਨਕ ਬਣਾਇਆ ਜਾ ਸਕਦਾ ਹੈ। ਉਨ੍ਹਾਂ ਪੈਨਸ਼ਨਰਾਂ ਨੂੰ ਡਿਜੀਟਲ ਸਹੂਲਤਾਂ ਅਪਣਾਉਣ ਅਤੇ ਫੇਸ ਆਥੈਂਟੀਕੇਸ਼ਨ ਤਕਨੀਕ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ। ਨਿਤਿਨ ਜੋਸ਼ੀ ਨੇ ਸਮੇਂ ਸਿਰ ਡਿਜੀਟਲ ਲਾਈਫ ਸਰਟੀਫਿਕੇਟ ਜਮ੍ਹਾਂ ਕਰਵਾਉਣ ਦੀ ਲੋੜ ਅਤੇ ਇਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਫੇਸ ਆਥੈਂਟੀਕੇਸ਼ਨ ਤਕਨੀਕ ਰਾਹੀਂ ਪੈਨਸ਼ਨਰ ਬੈਂਕ ਸ਼ਾਖਾ ਵਿੱਚ ਜਾਣ ਤੋਂ ਬਿਨਾਂ ਹੀ ਆਪਣੇ ਜੀਵਨ ਸਰਟੀਫਿਕੇਟ ਦੀ ਪ੍ਰਕਿਰਿਆ ਪੂਰੀ ਕਰ ਸਕਦੇ ਹਨ।
ਬੈਂਕ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਜਿਹੜੇ ਬਜ਼ੁਰਗ ਆਪਣੀ ਉਮਰ ਜਾਂ ਸਰੀਰਕ ਅਸਮਰੱਥਾ ਕਾਰਨ ਬੈਂਕ ਸ਼ਾਖਾ ਤੱਕ ਨਹੀਂ ਪਹੁੰਚ ਸਕਦੇ, ਉਨ੍ਹਾਂ ਲਈ ਐਸਬੀਆਈ ਵੱਲੋਂ ਡੋਰਸਟੈਪ ਬੈਂਕਿੰਗ ਸਹੂਲਤ ਵੀ ਮੁਹੱਈਆ ਕਰਵਾਈ ਜਾਂਦੀ ਹੈ। ਇਸ ਸਹੂਲਤ ਤਹਿਤ ਯੋਗ ਬਜ਼ੁਰਗਾਂ ਨੂੰ ਉਨ੍ਹਾਂ ਦੇ ਘਰ ਤੱਕ ਪਹੁੰਚ ਕੇ ਡਿਜੀਟਲ ਲਾਈਫ ਸਰਟੀਫਿਕੇਟ ਜਮ੍ਹਾਂ ਕਰਵਾਉਣ ਸਮੇਤ ਹੋਰ ਬੈਂਕਿੰਗ ਸੇਵਾਵਾਂ ਲਈ ਸਹਾਇਤਾ ਦਿੱਤੀ ਜਾਂਦੀ ਹੈ। ਚੰਡੀਗੜ੍ਹ, ਪੰਚਕੂਲਾ ਅਤੇ ਮੋਹਾਲੀ ਦੇ ਪੈਨਸ਼ਨਰਾਂ ਦੀ ਵੱਡੀ ਸ਼ਮੂਲੀਅਤ ਅਤੇ ਮੌਕੇ ‘ਤੇ ਹੀ ਜੀਵਨ ਸਰਟੀਫਿਕੇਟ ਅਪਡੇਟ ਹੋਣ ਨਾਲ ਇਹ ਸੈਮੀਨਾਰ ਡਿਜੀਟਲ ਜਾਗਰੂਕਤਾ ਵਧਾਉਣ ਵੱਲ ਇੱਕ ਮਹੱਤਵਪੂਰਨ ਉਪਰਾਲਾ ਸਾਬਤ ਹੋਇਆ। ਐਸਬੀਆਈ ਨੇ ਇਸ ਮੁਹਿੰਮ ਰਾਹੀਂ ਬਜ਼ੁਰਗਾਂ ਨੂੰ ਸਹੂਲਤ, ਸਨਮਾਨ ਅਤੇ ਆਸਾਨ ਬੈਂਕਿੰਗ ਸੇਵਾਵਾਂ ਪ੍ਰਦਾਨ ਕਰਨ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ।






