ਜਾਖਲ ਮੰਡੀ, 7 ਨਵੰਬਰ, 2026 (ਸੰਜੀਵ ਸ਼ਰਮਾ): ਡੀ.ਏ.ਵੀ. ਸਕੂਲ ਜਾਖਲ ਮੰਡੀ ਵਿਖੇ ਦੀਵਾਲੀ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਨੰਨ੍ਹੇ-ਮੁੰਨੇ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਬੱਚਿਆਂ ਨੇ ਆਪਣੀ ਸਿਰਜਣਾਤਮਕ ਅਤੇ ਕਲਾਤਮਕ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਸੁੰਦਰ ਦੀਵੇ ਅਤੇ ਆਕਰਸ਼ਕ ਮੋਮਬੱਤੀਆਂ ਤਿਆਰ ਕੀਤੀਆਂ ਵਿਦਿਆਰਥੀਆਂ ਨੇ ਰੰਗ-ਬਿਰੰਗੇ ਰੰਗਾਂ, ਸਜਾਵਟੀ ਸਮੱਗਰੀ ਅਤੇ ਆਪਣੀ ਕਲਪਨਾਸ਼ੀਲਤਾ ਦੀ ਵਰਤੋਂ ਕਰਕੇ ਦੀਵਿਆਂ ਨੂੰ ਬੇਹੱਦ ਖੂਬਸੂਰਤ ਰੂਪ ਦਿੱਤਾ। ਇਸ ਦੌਰਾਨ ਸਕੂਲ ਦਾ ਪੂਰਾ ਮਾਹੌਲ ਤਿਉਹਾਰਾਂ ਦੇ ਰੰਗ ਵਿੱਚ ਰੰਗਿਆ ਨਜ਼ਰ ਆਇਆ। ਇਸ ਗਤੀਵਿਧੀ ਦਾ ਮੁੱਖ ਉਦੇਸ਼ ਬੱਚਿਆਂ ਵਿੱਚ ਭਾਰਤੀ ਸੱਭਿਆਚਾਰ ਅਤੇ ਤਿਉਹਾਰਾਂ ਪ੍ਰਤੀ ਸਤਿਕਾਰ, ਸਿਰਜਣਾਤਮਕਤਾ ਅਤੇ ਆਪਸੀ ਪਿਆਰ ਤੇ ਭਾਈਚਾਰੇ ਦੀ ਭਾਵਨਾ ਵਿਕਸਿਤ ਕਰਨਾ ਸੀ।
ਸਕੂਲ ਦੀ ਪ੍ਰਿੰਸੀਪਲ ਕਵਿਤਾ ਸ਼ਰਮਾ ਨੇ ਸਾਰੇ ਵਿਦਿਆਰਥੀਆਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਦੀਵਾਲੀ ਚਾਨਣ, ਖੁਸ਼ੀਆਂ ਅਤੇ ਸਕਾਰਾਤਮਕਤਾ ਦਾ ਤਿਉਹਾਰ ਹੈ। ਸਾਨੂੰ ਇਹ ਤਿਉਹਾਰ ਪਿਆਰ, ਆਪਸੀ ਸਦਭਾਵਨਾ ਅਤੇ ਵਾਤਾਵਰਣ ਦੀ ਸੰਭਾਲ ਦਾ ਸੰਦੇਸ਼ ਦਿੰਦਿਆਂ ਮਨਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੀਵਾਲੀ ਸਿਰਫ਼ ਦੀਵੇ ਜਗਾਉਣ ਦਾ ਤਿਉਹਾਰ ਨਹੀਂ ਹੈ, ਸਗੋਂ ਇਹ ਆਪਣੇ ਜੀਵਨ ਵਿੱਚੋਂ ਅਗਿਆਨਤਾ, ਨਿਰਾਸ਼ਾ ਅਤੇ ਨਕਾਰਾਤਮਕਤਾ ਦੇ ਹਨੇਰੇ ਨੂੰ ਦੂਰ ਕਰਕੇ ਗਿਆਨ, ਪਿਆਰ ਅਤੇ ਸਕਾਰਾਤਮਕਤਾ ਦਾ ਚਾਨਣ ਫੈਲਾਉਣ ਦਾ ਪ੍ਰਤੀਕ ਹੈ। ਇਸ ਤਰ੍ਹਾਂ ਦੇ ਸਿਰਜਣਾਤਮਕ ਸਮਾਗਮਾਂ ਰਾਹੀਂ ਬੱਚਿਆਂ ਦੀਆਂ ਛੁਪੀਆਂ ਪ੍ਰਤਿਭਾਵਾਂ ਨੂੰ ਨਿਖਾਰਨ ਦਾ ਮੌਕਾ ਮਿਲਦਾ ਹੈ ਅਤੇ ਉਹ ਆਪਣੀ ਸੱਭਿਆਚਾਰਕ ਵਿਰਾਸਤ ਤੇ ਪਰੰਪਰਾਵਾਂ ਨਾਲ ਜੁੜਦੇ ਹਨ। ਅੰਤ ਵਿੱਚ ਉਨ੍ਹਾਂ ਨੇ ਸਾਰੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਦੀਵਾਲੀ ਦੀਆਂ ਮੁਬਾਰਕਾਂ ਦਿੰਦਿਆਂ ਸਵਦੇਸ਼ੀ ਵਸਤਾਂ ਅਪਣਾਉਣ, ਮਿੱਟੀ ਦੇ ਦੀਵੇ ਜਗਾਉਣ ਅਤੇ ਪ੍ਰਦੂਸ਼ਣ ਰਹਿਤ ਤੇ ਸੁਰੱਖਿਅਤ ਦੀਵਾਲੀ ਮਨਾਉਣ ਦਾ ਸੰਦੇਸ਼ ਦਿੱਤਾ।






