Homeਪੰਜਾਬਪਰਾਲੀ ਸਾੜਨ ਦੀਆਂ ਘਟਨਾਵਾਂ ਰੋਕਣ ਲਈ ਪਟਿਆਲਾ ਜ਼ਿਲ੍ਹੇ ਦੀ ਸਮੁੱਚੀ ਪ੍ਰਸ਼ਾਸਨਿਕ ਮਸ਼ੀਨਰੀ...

ਪਰਾਲੀ ਸਾੜਨ ਦੀਆਂ ਘਟਨਾਵਾਂ ਰੋਕਣ ਲਈ ਪਟਿਆਲਾ ਜ਼ਿਲ੍ਹੇ ਦੀ ਸਮੁੱਚੀ ਪ੍ਰਸ਼ਾਸਨਿਕ ਮਸ਼ੀਨਰੀ ਮੈਦਾਨ ਵਿੱਚ ਉਤਰੀ

Patiala Administration Mobilises Entire Machinery to Prevent Stubble Burning

ਪਟਿਆਲਾ, 4 ਨਵੰਬਰ, 2026 (ਛਤਰਪਾਲ ਸਿੰਘ ) : ਝੋਨੇ ਦੀ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਅਤੇ ਵਾਤਾਵਰਣ ਦੀ ਸੰਭਾਲ ਲਈ ਪਟਿਆਲਾ ਜ਼ਿਲ੍ਹੇ ਦੀ ਸਮੁੱਚੀ ਪ੍ਰਸ਼ਾਸਨਿਕ ਮਸ਼ੀਨਰੀ ਪੂਰੀ ਸਰਗਰਮੀ ਨਾਲ ਮੈਦਾਨ ਵਿੱਚ ਡਟੀ ਹੋਈ ਹੈ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਸਾਰੇ ਉਪ ਮੰਡਲ ਮੈਜਿਸਟ੍ਰੇਟ (ਐਸ.ਡੀ.ਐਮਜ਼) ਵੱਲੋਂ ਪਿੰਡਾਂ ਵਿੱਚ ਲਗਾਤਾਰ ਦੌਰੇ ਕਰਕੇ ਕਿਸਾਨਾਂ ਨਾਲ ਸਿੱਧਾ ਸੰਪਰਕ ਕੀਤਾ ਜਾ ਰਿਹਾ ਹੈ ਅਤੇ ਪਰਾਲੀ ਪ੍ਰਬੰਧਨ ਦੇ ਸੁਚੱਜੇ ਤਰੀਕਿਆਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਜਿੱਥੇ ਵੀ ਖੇਤਾਂ ਵਿੱਚ ਅੱਗ ਲੱਗਣ ਦੀ ਸੂਚਨਾ ਮਿਲਦੀ ਹੈ, ਉੱਥੇ ਤੁਰੰਤ ਪਹੁੰਚ ਕੇ ਅੱਗ ਬੁਝਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।

ਇਸ ਮੁਹਿੰਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਪਿੰਡ ਪੱਧਰ ’ਤੇ ਪੁਲਿਸ ਟੀਮਾਂ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਸਹਿਕਾਰੀ ਸਭਾਵਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਤੋਂ ਇਲਾਵਾ ਵਿਭਾਗੀ ਨੋਡਲ ਅਤੇ ਕਲੱਸਟਰ ਅਫ਼ਸਰ ਤਾਇਨਾਤ ਕੀਤੇ ਗਏ ਹਨ। ਫਾਇਰ ਬ੍ਰਿਗੇਡ ਦੀਆਂ ਟੀਮਾਂ ਨੂੰ ਵੀ ਸਰਗਰਮ ਰੱਖਿਆ ਗਿਆ ਹੈ ਤਾਂ ਜੋ ਅੱਗ ਲੱਗਣ ਦੀ ਕਿਸੇ ਵੀ ਘਟਨਾ ’ਤੇ ਤੁਰੰਤ ਕਾਬੂ ਪਾਇਆ ਜਾ ਸਕੇ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਏ.ਡੀ.ਸੀ. ਦਿਹਾਤੀ ਵਿਕਾਸ ਦਮਨਜੀਤ ਸਿੰਘ ਮਾਨ ਅਤੇ ਏ.ਡੀ.ਸੀ. ਅਨੁਪ੍ਰਿਤਾ ਜੌਹਲ ਵੱਲੋਂ ਸਮੁੱਚੀ ਮੁਹਿੰਮ ਦੀ ਨਿਰੰਤਰ ਨਿਗਰਾਨੀ ਕੀਤੀ ਜਾ ਰਹੀ ਹੈ। ਜ਼ਿਲ੍ਹਾ ਪ੍ਰਸ਼ਾਸਨ ਦੇ ਬੁਲਾਰੇ ਨੇ ਦੱਸਿਆ ਕਿ ਅੱਜ ਐਸ.ਡੀ.ਐਮ. ਪਟਿਆਲਾ ਗੁਰਦੇਵ ਸਿੰਘ ਦੀ ਅਗਵਾਈ ਹੇਠਲੀ ਟੀਮ ਨੇ ਪਿੰਡ ਸੁਨਿਆਰਹੇੜੀ ਵਿਖੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਪਰਾਲੀ ਨੂੰ ਲੱਗੀ ਅੱਗ ’ਤੇ ਕਾਬੂ ਪਾਇਆ। ਉਨ੍ਹਾਂ ਨੇ ਹੋਰ ਵੀ ਨੇੜਲੇ ਪਿੰਡਾਂ ਦਾ ਦੌਰਾ ਕੀਤਾ। ਇਸੇ ਤਰ੍ਹਾਂ ਐਸ.ਡੀ.ਐਮ. ਰਾਜਪੁਰਾ ਰਵਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਪਿੰਡ ਭੋਗਲਾਂ ਵਿਖੇ ਖੇਤਾਂ ਵਿੱਚ ਲੱਗੀ ਅੱਗ ਬੁਝਾਈ। ਐਸ.ਡੀ.ਐਮ. ਦੂਧਨ ਸਾਧਾਂ ਹਰਜੋਤ ਕੌਰ ਦੀ ਨਿਗਰਾਨੀ ਹੇਠਲੀ ਟੀਮ ਨੇ ਅਦਾਲਤੀਵਾਲਾ-ਔਜਾਂ ਰੋਡ ’ਤੇ ਇੱਕ ਖੇਤ ਵਿੱਚ ਲੱਗੀ ਅੱਗ ਨੂੰ ਵੀ ਤੁਰੰਤ ਬੁਝਾਇਆ।

ਇਸੇ ਦੌਰਾਨ ਐਸ.ਡੀ.ਐਮ. ਸਮਾਣਾ ਰਿਚਾ ਗੋਇਲ ਨੇ ਕੁਤਬਨਪੁਰ, ਫਤਹਿਮਾਜਰੀ ਸਮੇਤ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਪਰਾਲੀ ਪ੍ਰਬੰਧਨ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਪਿੰਡ ਅਚਰਾਲ ਕਲਾਂ ਵਿਖੇ ਐਕਸ-ਸੀਟੂ (ਖੇਤਾਂ ਤੋਂ ਬਾਹਰ) ਪਰਾਲੀ ਪ੍ਰਬੰਧਨ ਦਾ ਨਿਰੀਖਣ ਕਰਦਿਆਂ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਸਰਕਾਰ ਵੱਲੋਂ ਸਬਸਿਡੀ ’ਤੇ ਮੁਹੱਈਆ ਕਰਵਾਈ ਜਾ ਰਹੀ ਖੇਤੀ ਮਸ਼ੀਨਰੀ ਦੀ ਵਰਤੋਂ ਕਰਨ। ਐਸ.ਡੀ.ਐਮ. ਨਾਭਾ ਏ.ਪੀ.ਐਸ. ਸੋਮਲ ਨੇ ਵੀ ਸਬ ਡਵੀਜ਼ਨ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਕਿਸਾਨਾਂ ਨਾਲ ਵਿਚਾਰ-ਵਟਾਂਦਰਾ ਕੀਤਾ ਅਤੇ ਪਰਾਲੀ ਨੂੰ ਬਿਨਾਂ ਸਾੜੇ ਸੰਭਾਲਣ ਲਈ ਪ੍ਰੇਰਿਤ ਕੀਤਾ। ਇਸੇ ਤਰ੍ਹਾਂ ਐਸ.ਡੀ.ਐਮ. ਪਾਤੜਾਂ ਕਾਲਾ ਰਾਮ ਕਾਂਸਲ ਵੱਲੋਂ ਵੀ ਪਿੰਡਾਂ ਵਿੱਚ ਕਿਸਾਨਾਂ ਅਤੇ ਸਥਾਨਕ ਵਸਨੀਕਾਂ ਨਾਲ ਮੁਲਾਕਾਤ ਕਰਕੇ ਪਰਾਲੀ ਸਾੜਨ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ।

ਖੇਤੀਬਾੜੀ ਵਿਭਾਗ ਅਨੁਸਾਰ ਜ਼ਿਲ੍ਹੇ ਵਿੱਚ ਝੋਨੇ ਦੀ 80 ਫ਼ੀਸਦੀ ਤੋਂ ਵੱਧ ਵਾਢੀ ਮੁਕੰਮਲ ਹੋ ਚੁੱਕੀ ਹੈ। ਹਾਲਾਂਕਿ ਸਮਾਣਾ ਅਤੇ ਪਾਤੜਾਂ ਬਲਾਕਾਂ ਵਿੱਚ ਵਾਢੀ ਦੀ ਰਫ਼ਤਾਰ ਕੁਝ ਘੱਟ ਹੈ, ਪਰ 10 ਤੋਂ 15 ਨਵੰਬਰ ਤੱਕ ਵਾਢੀ ਮੁਕੰਮਲ ਹੋਣ ਦੀ ਸੰਭਾਵਨਾ ਹੈ। ਖੇਤੀਬਾੜੀ ਮਾਹਿਰਾਂ ਅਨੁਸਾਰ ਕਣਕ ਦੀ ਬਿਜਾਈ ਲਈ 25 ਅਕਤੂਬਰ ਤੋਂ 25 ਨਵੰਬਰ ਤੱਕ ਦਾ ਸਮਾਂ ਢੁਕਵਾਂ ਹੈ। ਇਸ ਮੰਤਵ ਲਈ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਸਬਸਿਡੀ ’ਤੇ ਕਣਕ ਦਾ ਬੀਜ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਅਤੇ ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਫ਼ਸਲੀ ਰਹਿੰਦ-ਖੂੰਹਦ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਗੁਰੇਜ਼ ਕਰਨ। ਪਰਾਲੀ ਸਾੜਨ ਨਾਲ ਹਵਾ ਦੀ ਗੁਣਵੱਤਾ ਪ੍ਰਭਾਵਿਤ ਹੋਣ ਦੇ ਨਾਲ-ਨਾਲ ਮਿੱਟੀ ਦੀ ਉਪਜਾਊ ਸ਼ਕਤੀ ਅਤੇ ਵਾਤਾਵਰਣ ਨੂੰ ਵੀ ਨੁਕਸਾਨ ਪਹੁੰਚਦਾ ਹੈ। ਇਸ ਲਈ ਆਧੁਨਿਕ ਪਰਾਲੀ ਪ੍ਰਬੰਧਨ ਤਕਨੀਕਾਂ ਅਪਣਾ ਕੇ ਵਾਤਾਵਰਣ ਦੀ ਸੰਭਾਲ ਵਿੱਚ ਆਪਣਾ ਯੋਗਦਾਨ ਪਾਉਣ।

RELATED ARTICLES
- Advertisment -
Google search engine
Google search engine
Google search engine

Most Popular

Recent Comments