ਲੁਧਿਆਣਾ, 3 ਨਵੰਬਰ 2026 (ਚੌਧਰੀ ਪ੍ਰਭਜੀਤ ਸਿੰਘ ) : ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਅਧਿਆਪਕਾਂ ਨੇ ਖੇਤੀਬਾੜੀ ਅਤੇ ਪਸ਼ੂਧਨ ਅਰਥਸ਼ਾਸਤਰ ਦੇ ਖੇਤਰ ਵਿੱਚ ਆਪਣੀਆਂ ਖੋਜ ਪ੍ਰਾਪਤੀਆਂ ਸਦਕਾ ਸੋਸਾਇਟੀ ਆਫ਼ ਇਕਨਾਮਿਕਸ ਐਂਡ ਡਿਵੈਲਪਮੈਂਟ (SOED) ਵੱਲੋਂ ਦਿੱਤੇ ਗਏ ਦੋ ਵੱਕਾਰੀ ਖੋਜ ਸਨਮਾਨ ਪ੍ਰਾਪਤ ਕਰਕੇ ਯੂਨੀਵਰਸਿਟੀ ਦਾ ਨਾਮ ਰੌਸ਼ਨ ਕੀਤਾ ਹੈ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ SOED ਦੀ 7ਵੀਂ ਸਾਲਾਨਾ ਕਾਨਫਰੰਸ ਦੌਰਾਨ “The Buffalo Paradox: Herd Contraction, Productivity Surge, and the Political Economy of Species Substitution in Punjab’s Dairy Sector” ਸਿਰਲੇਖ ਵਾਲੇ ਖੋਜ ਪੱਤਰ ਨੂੰ ਸਰਵੋਤਮ ਪੇਪਰ ਪ੍ਰਸਤੁਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਹ ਖੋਜ ਪੱਤਰ ਡਾ. ਇੰਦਰਪ੍ਰੀਤ ਕੌਰ, ਡਾ. ਸ਼ਰੂਤੀ ਚੋਪੜਾ, ਹਨੀਸ਼ ਸ਼ਰਮਾ, ਡਾ. ਬੀ.ਬੀ.ਐੱਸ. ਧਾਲੀਵਾਲ ਅਤੇ ਡਾ. ਆਰ.ਐੱਸ. ਗਰੇਵਾਲ ਵੱਲੋਂ ਸਾਂਝੇ ਤੌਰ ’ਤੇ ਤਿਆਰ ਕੀਤਾ ਗਿਆ ਹੈ। ਇਸ ਖੋਜ ਵਿੱਚ ਪੰਜਾਬ ਦੇ ਡੇਅਰੀ ਖੇਤਰ ਵਿੱਚ ਹੋ ਰਹੀਆਂ ਤਬਦੀਲੀਆਂ ਦਾ ਅਧਿਐਨ ਕੀਤਾ ਗਿਆ ਹੈ, ਜਿਸ ਵਿੱਚ ਮੱਝਾਂ ਦੀ ਗਿਣਤੀ ਘਟਣ ਦੇ ਬਾਵਜੂਦ ਉਤਪਾਦਕਤਾ ਵਿੱਚ ਵਾਧੇ ਨੂੰ ਉਜਾਗਰ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਹੋਰ ਡੇਅਰੀ ਪਸ਼ੂ ਪ੍ਰਜਾਤੀਆਂ ਵੱਲ ਰੁਝਾਨ ਦੇ ਪਿੱਛੇ ਕੰਮ ਕਰ ਰਹੇ ਆਰਥਿਕ ਅਤੇ ਨੀਤੀਗਤ ਕਾਰਕਾਂ ਦਾ ਵੀ ਵਿਸ਼ਲੇਸ਼ਣ ਕੀਤਾ ਗਿਆ ਹੈ। ਇੱਕ ਹੋਰ ਮਹੱਤਵਪੂਰਨ ਪ੍ਰਾਪਤੀ ਤਹਿਤ ਡਾ. ਸ਼ਰੂਤੀ ਚੋਪੜਾ ਨੂੰ ਉਨ੍ਹਾਂ ਦੇ ਖੋਜ ਪੱਤਰ “What Drives Farmer Producer Organizations Towards Success or Failure in Punjab: Evidence and Implications” ਲਈ SOED ਵੱਲੋਂ ਸਾਲ 2024 ਦਾ ਪਹਿਲਾ ਸਰਵੋਤਮ ਪੇਪਰ ਪੁਰਸਕਾਰ ਪ੍ਰਦਾਨ ਕੀਤਾ ਗਿਆ। ਇਹ ਖੋਜ ਪੱਤਰ ਇੰਡੀਅਨ ਜਰਨਲ ਆਫ਼ ਇਕਨਾਮਿਕਸ ਐਂਡ ਡਿਵੈਲਪਮੈਂਟ ਵਿੱਚ ਪ੍ਰਕਾਸ਼ਿਤ ਹੋਇਆ ਸੀ। ਇਸ ਅਧਿਐਨ ਵਿੱਚ ਪੰਜਾਬ ਦੀਆਂ ਕਿਸਾਨ ਉਤਪਾਦਕ ਸੰਸਥਾਵਾਂ (FPOs) ਦੀ ਕਾਰਗੁਜ਼ਾਰੀ, ਸਫਲਤਾ ਅਤੇ ਸਥਿਰਤਾ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕਿਸਾਨਾਂ ਦੇ ਸਮੂਹਿਕ ਸੰਗਠਨਾਂ ਨੂੰ ਮਜ਼ਬੂਤ ਬਣਾਉਣ ਲਈ ਨੀਤੀਗਤ ਉਪਾਵਾਂ ਬਾਰੇ ਵੀ ਸੁਝਾਅ ਦਿੱਤੇ ਗਏ ਹਨ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜੇ.ਪੀ.ਐੱਸ. ਗਿੱਲ, ਕਾਲਜ ਆਫ਼ ਡੇਅਰੀ ਐਂਡ ਫੂਡ ਸਾਇੰਸ ਟੈਕਨਾਲੋਜੀ ਦੇ ਡੀਨ ਡਾ. ਐੱਸ.ਪੀ.ਐੱਸ. ਘੁੰਮਣ ਅਤੇ ਵਿਭਾਗ ਮੁਖੀ ਡਾ. ਇੰਦਰਪ੍ਰੀਤ ਕੌਰ ਨੇ ਅਧਿਆਪਕਾਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਖੋਜ ਕਾਰਜਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਸਨਮਾਨ ਯੂਨੀਵਰਸਿਟੀ ਦੀ ਵਧ ਰਹੀ ਅਕਾਦਮਿਕ ਪ੍ਰਤਿਸ਼ਠਾ ਅਤੇ ਖੇਤੀਬਾੜੀ ਤੇ ਪਸ਼ੂਧਨ ਖੇਤਰ ਦੀਆਂ ਉੱਭਰ ਰਹੀਆਂ ਚੁਣੌਤੀਆਂ ਦੇ ਹੱਲ ਲਈ ਕੀਤੀ ਜਾ ਰਹੀ ਖੋਜ ਦੀ ਮਹੱਤਤਾ ਨੂੰ ਦਰਸਾਉਂਦੇ ਹਨ। ਉਨ੍ਹਾਂ ਅਧਿਆਪਕਾਂ ਨੂੰ ਭਵਿੱਖ ਵਿੱਚ ਵੀ ਵਿਹਾਰਕ ਅਤੇ ਨੀਤੀਗਤ ਪੱਧਰ ’ਤੇ ਲਾਹੇਵੰਦ ਸਿੱਟੇ ਦੇਣ ਵਾਲੀਆਂ ਪ੍ਰਭਾਵਸ਼ਾਲੀ ਖੋਜਾਂ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ।






