ਸਰਬਪੱਖੀ ਸਿਹਤ, ਪੌਸ਼ਟਿਕ ਖੁਰਾਕ ਅਤੇ ਵਾਤਾਵਰਣ ਦੀ ਸੰਭਾਲ ਦੇ ਆਪਸੀ ਤਾਅਲੁਕ ਨੂੰ ਕੀਤਾ ਉਜਾਗਰ
ਫ਼ਤਿਹਗੜ੍ਹ ਸਾਹਿਬ, 3 ਨਵੰਬਰ 2026 (ਗੁਰਮੀਤ ਸਿੰਘ ਤੁੰਗ) : ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਿਹਗੜ੍ਹ ਸਾਹਿਬ ਦੇ ਖੇਤੀਬਾੜੀ ਵਿਭਾਗ ਵੱਲੋਂ ਖੇਤੀ ਵਿਰਾਸਤ ਮਿਸ਼ਨ ਦੇ ਸਹਿਯੋਗ ਨਾਲ ‘ਸਮੁੱਚੀ ਸਿਹਤ ਅਤੇ ਖੁਰਾਕ ਜਾਗਰੂਕਤਾ’ ਵਿਸ਼ੇ ’ਤੇ ਪੰਜਾਬ ਜਾਗਰੂਕਤਾ ਮੁਹਿੰਮ ਤਹਿਤ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਉਪਰਾਲੇ ਦਾ ਮੰਤਵ ਵਿਦਿਆਰਥੀਆਂ ਅਤੇ ਅਧਿਆਪਕਾਂ ਵਿੱਚ ਸਿਹਤਮੰਦ ਜੀਵਨ-ਢੰਗ, ਪੌਸ਼ਟਿਕ ਖੁਰਾਕ ਅਤੇ ਸਮੁੱਚੀ ਤੰਦਰੁਸਤੀ ਪ੍ਰਤੀ ਚੇਤਨਾ ਜਗਾਉਣਾ ਸੀ।

ਇਸ ਮੌਕੇ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) ਪਰਿਤ ਪਾਲ ਸਿੰਘ ਅਤੇ ਡੀਨ ਅਕਾਦਮਿਕ ਮਾਮਲੇ ਅਤੇ ਫੈਕਲਟੀ ਆਫ਼ ਐਗਰੀਕਲਚਰ ਦੇ ਡੀਨ ਪ੍ਰੋ. (ਡਾ.) ਸੁਖਵਿੰਦਰ ਸਿੰਘ ਬਿਲਿੰਗ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਓਜਸ ਲਾਈਫ ਦੇ ਸੰਸਥਾਪਕ ਸ੍ਰੀ ਅਤੁਲ ਸ਼ਾਹ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕਰਦਿਆਂ ਰੋਗਾਂ ਦੀ ਰੋਕਥਾਮ, ਸਿਹਤਮੰਦ ਜੀਵਨ-ਜਾਚ ਅਤੇ ਸਰੀਰਕ ਤੇ ਮਾਨਸਿਕ ਤੰਦਰੁਸਤੀ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਸਿਹਤ ਪ੍ਰਤੀ ਸੁਚੇਤ ਆਦਤਾਂ ਅਪਣਾਉਣ ਅਤੇ ਖੁਰਾਕ ਸਬੰਧੀ ਸੋਚ-ਸਮਝ ਕੇ ਚੋਣਾਂ ਕਰਨ ਦੀ ਅਹਿਮੀਅਤ ’ਤੇ ਜ਼ੋਰ ਦਿੱਤਾ।

ਇਸ ਮੌਕੇ ਖੇਤੀ ਵਿਰਾਸਤ ਮਿਸ਼ਨ ਦੇ ਸ੍ਰੀ ਸੰਜੀਵ ਸ਼ਰਮਾ, ਸ੍ਰੀ ਹਰਮੇਲਪ੍ਰੀਤ ਸਿੰਘ ਅਤੇ ਮਿਸ਼ਨ ਦੇ ਹੋਰ ਮੈਂਬਰ ਵੀ ਹਾਜ਼ਰ ਰਹੇ। ਵਿਚਾਰ-ਚਰਚਾ ਦੌਰਾਨ ਰਵਾਇਤੀ ਖੁਰਾਕ ਪ੍ਰਣਾਲੀ, ਕੁਦਰਤੀ ਖੇਤੀ, ਪੌਸ਼ਟਿਕ ਭੋਜਨ ਅਤੇ ਵਾਤਾਵਰਣ ਦੀ ਸੰਭਾਲ ਦੀ ਅਹਿਮੀਅਤ ਉਜਾਗਰ ਕੀਤੀ ਗਈ। ਬੁਲਾਰਿਆਂ ਨੇ ਸਿਹਤਮੰਦ ਮਿੱਟੀ, ਮਿਆਰੀ ਖੁਰਾਕ, ਮਨੁੱਖੀ ਸਿਹਤ ਅਤੇ ਕੁਦਰਤੀ ਸੰਤੁਲਨ ਦੇ ਆਪਸੀ ਤਾਅਲੁਕ ਨੂੰ ਵੀ ਰੇਖਾਂਕਿਤ ਕੀਤਾ। ਖੇਤੀਬਾੜੀ ਵਿਭਾਗ ਦੇ ਮੁਖੀ ਡਾ. ਜਸਪ੍ਰੀਤ ਕੌਰ ਢਿੱਲੋਂ ਨੇ ਮਹਿਮਾਨਾਂ ਅਤੇ ਮੁੱਖ ਬੁਲਾਰੇ ਦਾ ਸਵਾਗਤ ਕੀਤਾ। ਉਨ੍ਹਾਂ ਨੇ ਸਿਹਤ, ਪੌਸ਼ਟਿਕ ਖੁਰਾਕ ਅਤੇ ਟਿਕਾਊ ਜੀਵਨ-ਢੰਗ ਪ੍ਰਤੀ ਚੇਤਨਾ ਜਗਾਉਣ ਲਈ ਅਜਿਹੇ ਸਾਂਝੇ ਯਤਨਾਂ ਦੀ ਅਹਿਮੀਅਤ ਬਾਰੇ ਦੱਸਿਆ। ਅਖ਼ੀਰ ਵਿੱਚ ਡਾ. ਵਿਭੂਤੀ ਸ਼ਰਮਾ ਨੇ ਧੰਨਵਾਦੀ ਸ਼ਬਦ ਕਹਿੰਦਿਆਂ ਯੂਨੀਵਰਸਿਟੀ ਦੇ ਅਧਿਕਾਰੀਆਂ, ਸ੍ਰੀ ਅਤੁਲ ਸ਼ਾਹ ਅਤੇ ਖੇਤੀ ਵਿਰਾਸਤ ਮਿਸ਼ਨ ਦੀ ਸਮੁੱਚੀ ਟੀਮ ਦਾ ਸਾਥ ਅਤੇ ਭਾਗੀਦਾਰੀ ਲਈ ਧੰਨਵਾਦ ਕੀਤਾ।






