ਸੰਗਰੂਰ, 02 ਨਵੰਬਰ, 2026 (ਗੁਰਮੀਤ ਸਿੰਘ ਤੁੰਗ) : ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੇ ਕਮਿਸ਼ਨਰ ਸ਼੍ਰੀਮਤੀ ਕੰਵਲਪ੍ਰੀਤ ਕੌਰ ਬਰਾੜ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਸਿਵਲ ਸਰਜਨ ਸੰਗਰੂਰ ਡਾ. ਅਮਰਜੀਤ ਕੌਰ ਦੀ ਅਗਵਾਈ ਹੇਠ ਜ਼ਿਲ੍ਹੇ ਵਿੱਚ ਮਿਲਾਵਟਖੋਰੀ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਸਿਵਲ ਸਰਜਨ ਡਾ. ਅਮਰਜੀਤ ਕੌਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕਾਂ ਨੂੰ ਸ਼ੁੱਧ ਅਤੇ ਮਿਆਰੀ ਦੁੱਧ ਤੇ ਖੁਰਾਕ ਪਦਾਰਥ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਜ਼ਿਲ੍ਹੇ ਵਿੱਚ ਰੋਜ਼ਾਨਾ ਸੈਂਪਲ ਲਏ ਜਾ ਰਹੇ ਹਨ । ਉਹਨਾਂ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਦੁੱਧ ਜਾਂ ਹੋਰ ਖੁਰਾਕ ਪਦਾਰਥਾਂ ਵਿੱਚ ਮਿਲਾਵਟਖੋਰੀ ਕਰਨ ਵਾਲਿਆਂ ਵਿਰੁੱਧ ਸਿਹਤ ਵਿਭਾਗ ਵੱਲੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜੇਕਰ ਕਿਸੇ ਵੀ ਸੈਂਪਲ ਵਿੱਚ ਮਿਲਾਵਟ ਜਾਂ ਮਾਪਦੰਡਾਂ ਦੀ ਅਣਦੇਖੀ ਪਾਈ ਜਾਂਦੀ ਹੈ, ਤਾਂ ਸਬੰਧਤ ਦੁਕਾਨਦਾਰਾਂ ਅਤੇ ਬਣਾਉਣ ਵਾਲਿਆਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਇਸੇ ਲੜੀ ਤਹਿਤ ਅਸਿਸਟੈਂਟ ਫੂਡ ਕਮਿਸ਼ਨਰ ਅਦਿਤੀ ਗੁਪਤਾ ਅਤੇ ਫ਼ੂਡ ਸੇਫਟੀ ਅਫਸਰ ਸੀਮਾ ਰਾਣੀ ਦੀ ਟੀਮ ਵੱਲੋਂ ਵੱਖ-ਵੱਖ ਥਾਵਾਂ ‘ਤੇ ਦੁੱਧ ਦੇ ਸੈਂਪਲ ਭਰੇ ਗਏ। ਆਉਣ ਵਾਲੇ ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਪਨੀਰ ਅਤੇ ਖੋਆ ਬਣਾਉਣ ਵਾਲੀਆਂ ਯੂਨਿਟਾਂ ਅਤੇ ਮਿਠਾਈਆਂ ਦੀਆਂ ਦੁਕਾਨਾਂ ਦੀ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਬਾਹਰਲੇ ਖੇਤਰਾਂ ਤੋਂ ਆਉਣ ਵਾਲੀਆਂ ਮਿਲਾਵਟੀ ਵਸਤੂਆਂ ‘ਤੇ ਨਜ਼ਰ ਰੱਖਣ ਲਈ ਨਾਕੇਬੰਦੀ ਵੀ ਕੀਤੀ ਜਾਂਦੀ ਹੈ। ਸਿਵਲ ਸਰਜਨ ਡਾ. ਅਮਰਜੀਤ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਖੁਰਾਕ ਪਦਾਰਥਾਂ ਦੀ ਜਾਂਚ ਦੇ ਨਾਲ-ਨਾਲ ਲੋਕਾਂ ਨੂੰ ਸਿਹਤ ਅਤੇ ਸਵੱਛਤਾ ਦੇ ਨਿਯਮਾਂ ਬਾਰੇ ਵੀ ਜਾਗਰੂਕ ਕਰ ਰਿਹਾ ਹੈ। ਵਿਭਾਗ ਦੀ ‘ਫੂਡ ਸੇਫਟੀ ਵੈਨ’ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਜਾ ਕੇ ਖੁਰਾਕ ਪਦਾਰਥਾਂ ਦੀ ਜਾਂਚ ਕਰ ਰਹੀ ਹੈ ਅਤੇ ਲੋਕਾਂ ਨੂੰ ਘਰ ਵਿੱਚ ਹੀ ਮਿਲਾਵਟ ਪਛਾਣਨ ਦੇ ਆਸਾਨ ਤਰੀਕੇ ਦੱਸ ਰਹੀ ਹੈ। ਜਿਵੇਂ ਦੁੱਧ ਦੀ ਇੱਕ ਬੂੰਦ ਚਿਕਨੀ ਸਤਹ ‘ਤੇ ਡੇਗ ਕੇ ਦੇਖਣ ਨਾਲ ਜੇਕਰ ਉਹ ਹੌਲੀ-ਹੌਲੀ ਵਗਦੇ ਹੋਏ ਸਫ਼ੈਦ ਲਕੀਰ ਛੱਡਦੀ ਹੈ, ਤਾਂ ਦੁੱਧ ਸ਼ੁੱਧ ਮੰਨਿਆ ਜਾਂਦਾ ਹੈ। ਪਨੀਰ ‘ਤੇ ਆਇਓਡੀਨ ਪਾਉਣ ‘ਤੇ ਜੇਕਰ ਨੀਲਾ ਰੰਗ ਆ ਜਾਵੇ ਤਾਂ ਇਹ ਸਟਾਰਚ ਦੀ ਮਿਲਾਵਟ ਦਾ ਸੰਕੇਤ ਹੈ। ਹਲਦੀ ਵਿੱਚ ਨਕਲੀ ਰੰਗ ਦੀ ਪਛਾਣ ਹਾਈਡ੍ਰੋਕਲੋਰਿਕ ਐਸਿਡ ਨਾਲ ਹੁੰਦੀ ਹੈ। ਘਿਓ, ਸ਼ਹਿਦ ਅਤੇ ਧਨੀਆ ਪਾਊਡਰ ਵਿੱਚ ਮਿਲਾਵਟ ਦੀ ਜਾਂਚ ਲਈ ਵੀ ਅਜਿਹੇ ਸਰਲ ਘਰੇਲੂ ਉਪਾਅ ਦੱਸੇ ਜਾ ਰਹੇ ਹਨ ਤਾਂ ਜੋ ਆਮ ਨਾਗਰਿਕ ਸੁਚੇਤ ਰਹਿ ਸਕਣ।






