1 ਨਵੰਬਰ ਨੂੰ ਰਾਤ 8 ਵਜੇ ਤੱਕ ਸ਼ਹਿਰ ਵਿੱਚ ਭਾਰੀ ਵਾਹਨਾਂ ਦੀ ਐਂਟਰੀ ’ਤੇ ਰਹੇਗੀ ਪਾਬੰਦੀ, ਆਵਾਜਾਈ ਲਈ ਬਦਲਵੇਂ ਰਸਤੇ ਕੀਤੇ ਨਿਰਧਾਰਤ
ਕੁਰੂਕਸ਼ੇਤਰ, 31 ਅਕਤੂਬਰ 2026 (ਸੰਜੀਵ ਸ਼ਰਮਾ): ਕੁਰੂਕਸ਼ੇਤਰ ਵਿੱਚ 1 ਨਵੰਬਰ ਨੂੰ ਵੀਆਈਪੀ ਅਤੇ ਵੀਵੀਆਈਪੀ ਮਹਿਮਾਨਾਂ ਦੇ ਆਗਮਨ ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲ੍ਹਾ ਪੁਲਿਸ ਵੱਲੋਂ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਆਵਾਜਾਈ ਵਿਵਸਥਾ ਨੂੰ ਸੁਚਾਰੂ ਬਣਾਈ ਰੱਖਣ ਲਈ 1 ਨਵੰਬਰ ਨੂੰ ਰਾਤ 8 ਵਜੇ ਤੱਕ ਸ਼ਹਿਰ ਵਿੱਚ ਭਾਰੀ ਵਾਹਨਾਂ ਦੇ ਦਾਖ਼ਲੇ ’ਤੇ ਪਾਬੰਦੀ ਰਹੇਗੀ। ਡੀਐੱਸਪੀ ਟ੍ਰੈਫਿਕ ਸੁਰੇਸ਼ ਕੁਮਾਰ ਨੇ ਦੱਸਿਆ ਕਿ ਸ਼ਹਿਰ ਦੇ ਸਾਰੇ ਪ੍ਰਮੁੱਖ ਰਸਤਿਆਂ ’ਤੇ ਨਾਕੇ ਲਗਾਏ ਗਏ ਹਨ ਅਤੇ ਭਾਰੀ ਵਾਹਨਾਂ ਲਈ ਬਦਲਵੇਂ ਰਸਤੇ ਨਿਰਧਾਰਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪਿਹੋਵਾ ਅਤੇ ਪਟਿਆਲਾ ਤੋਂ ਸਹਾਰਨਪੁਰ, ਹਰਿਦੁਆਰ ਅਤੇ ਯਮੁਨਾਨਗਰ ਜਾਣ ਵਾਲੇ ਵਾਹਨ ਪਿਹੋਵਾ ਬਾਈਪਾਸ, ਇਸਮਾਈਲਾਬਾਦ, ਠੋਲ, ਕੁਰੜੀ, ਨਲਵੀ ਅਤੇ ਸ਼ਾਹਾਬਾਦ ਦੇ ਰਸਤੇ ਜਾ ਸਕਣਗੇ। ਕੈਥਲ ਤੋਂ ਸਹਾਰਨਪੁਰ, ਹਰਿਦੁਆਰ ਅਤੇ ਯਮੁਨਾਨਗਰ ਜਾਣ ਵਾਲੇ ਵਾਹਨਾਂ ਲਈ ਢਾਂਡ, ਕੌਲ, ਨਿਗਦੂ, ਨੀਲੋਖੇੜੀ ਅਤੇ ਇੰਦਰੀ ਦਾ ਰਸਤਾ ਨਿਰਧਾਰਤ ਕੀਤਾ ਗਿਆ ਹੈ। ਪੰਜਾਬ ਤੋਂ ਕਰਨਾਲ, ਪਾਣੀਪਤ, ਦਿੱਲੀ ਅਤੇ ਉੱਤਰ ਪ੍ਰਦੇਸ਼ ਜਾਣ ਵਾਲੇ ਭਾਰੀ ਵਾਹਨ ਪਿਹੋਵਾ ਤੋਂ ਢਾਂਡ ਅਤੇ ਪਿੰਡ ਕੌਲ ਦੇ ਰਸਤੇ ਜਾ ਸਕਣਗੇ।
ਇਸੇ ਤਰ੍ਹਾਂ ਯਮੁਨਾਨਗਰ ਤੋਂ ਪਿਹੋਵਾ ਅਤੇ ਪੰਜਾਬ ਜਾਣ ਵਾਲੇ ਵਾਹਨ ਲਾਡਵਾ, ਬਾਬੈਨ, ਸ਼ਾਹਾਬਾਦ, ਨਲਵੀ ਅਤੇ ਇਸਮਾਈਲਾਬਾਦ ਦੇ ਰਸਤੇ ਜਾ ਸਕਣਗੇ। ਯਮੁਨਾਨਗਰ ਤੋਂ ਢਾਂਡ-ਕੈਥਲ ਜਾਣ ਵਾਲੇ ਵਾਹਨਾਂ ਲਈ ਇੰਦਰੀ, ਭਾਦਸੋਂ ਅਤੇ ਨੀਲੋਖੇੜੀ ਦਾ ਰਸਤਾ ਤੈਅ ਕੀਤਾ ਗਿਆ ਹੈ। ਲਾਡਵਾ, ਮਥਾਨਾ ਅਤੇ ਪਿੱਪਲੀ ਤੋਂ ਢਾਂਡ-ਕੈਥਲ ਜਾਣ ਵਾਲੇ ਵਾਹਨ ਐੱਨਐੱਚ-44 ਅਤੇ ਨੀਲੋਖੇੜੀ ਦੇ ਰਸਤੇ ਜਾ ਸਕਣਗੇ, ਜਦਕਿ ਪਿਹੋਵਾ ਅਤੇ ਪੰਜਾਬ ਵੱਲ ਜਾਣ ਵਾਲੇ ਵਾਹਨ ਸ਼ਾਹਾਬਾਦ, ਜਲੇਬੀ ਪੁਲ, ਨਲਵੀ ਅਤੇ ਇਸਮਾਈਲਾਬਾਦ ਦੇ ਰਸਤੇ ਆਪਣੀ ਮੰਜ਼ਿਲ ਤੱਕ ਪਹੁੰਚ ਸਕਣਗੇ। ਪੁਲਿਸ ਸੁਪਰਡੈਂਟ ਚੰਦਰ ਮੋਹਨ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਵੀਵੀਆਈਪੀ ਆਗਮਨ ਦੌਰਾਨ ਕਿਸੇ ਐਮਰਜੈਂਸੀ ਲੋੜ ਤੋਂ ਬਿਨਾਂ ਕੁਰੂਕਸ਼ੇਤਰ ਯੂਨੀਵਰਸਿਟੀ, ਗੁਰੁਕੁਲ ਕੁਰੂਕਸ਼ੇਤਰ ਅਤੇ ਝਾਂਸਾ ਰੋਡ ਵੱਲ ਆਪਣੇ ਵਾਹਨ ਲੈ ਕੇ ਜਾਣ ਤੋਂ ਗੁਰੇਜ਼ ਕਰਨ। ਉਨ੍ਹਾਂ ਕਿਹਾ ਕਿ ਵਾਹਨ ਸਿਰਫ਼ ਨਿਰਧਾਰਤ ਪਾਰਕਿੰਗ ਸਥਾਨਾਂ ’ਤੇ ਹੀ ਖੜ੍ਹੇ ਕੀਤੇ ਜਾਣ ਅਤੇ ਟ੍ਰੈਫਿਕ ਪੁਲਿਸ ਦੇ ਨਿਰਦੇਸ਼ਾਂ ਦੀ ਪਾਲਣਾ ਕਰਕੇ ਪ੍ਰਸ਼ਾਸਨ ਨੂੰ ਸਹਿਯੋਗ ਦਿੱਤਾ ਜਾਵੇ।






