ਲੁਧਿਆਣਾ, 31 ਅਕਤੂਬਰ, 2026 (ਸ਼ਹੀਦ-ਏ-ਆਜ਼ਮ-ਬਿਊਰੋ ) : ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਨੇ “ਪੰਜਾਬ ਵਿੱਚ ਬੀਟਲ ਨਸਲ ਦੀਆਂ ਬੱਕਰੀਆਂ ਵਿੱਚ ਸੁਧਾਰ ਲਈ ਰੂਪ-ਰੇਖਾ: ਸੰਭਾਲ ਤੋਂ ਵਪਾਰੀਕਰਨ ਤੱਕ” ਵਿਸ਼ੇ ‘ਤੇ ਇੱਕ ਵਿਚਾਰ-ਗੋਸ਼ਟੀ ਦਾ ਆਯੋਜਨ ਕੀਤਾ ਇਸ ਸਮਾਗਮ ਵਿੱਚ ਵਿਗਿਆਨੀ, ਨੀਤੀ ਨਿਰਮਾਤਾ, ਉਦਯੋਗਿਕ ਨੁਮਾਇੰਦੇ ਅਤੇ ਅਗਾਂਹਵਧੂ ਬੱਕਰੀ ਪਾਲਕ ਇਕੱਠੇ ਹੋਏ, ਤਾਂ ਜੋ ਪੰਜਾਬ ਦੀ ਦੇਸੀ ‘ਬੀਟਲ’ ਨਸਲ ਦੀਆਂ ਬੱਕਰੀਆਂ ਦੀ ਸੰਭਾਲ ਅਤੇ ਸੁਧਾਰ ਲਈ ਰਣਨੀਤੀਆਂ ‘ਤੇ ਚਰਚਾ ਕੀਤੀ ਜਾ ਸਕੇ। ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਇਸ ਸਮਾਗਮ ਦੇ ਸਰਪ੍ਰਸਤ ਸਨ, ਜਦਕਿ ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਨੇ ਇਸ ਵਿਚਾਰਗੋਸ਼ਠੀ ਦੀ ਪ੍ਰਧਾਨਗੀ ਕੀਤੀ।ਡਾ. ਗਿੱਲ ਨੇ ਕਿਹਾ ਕਿ ਇਸ ਵਿਚਾਰ-ਗੋਸ਼ਟੀ ਨਾਲ ਖੋਜ ਸੰਸਥਾਵਾਂ, ਸਰਕਾਰੀ ਵਿਭਾਗਾਂ, ਕਿਸਾਨਾਂ ਅਤੇ ਉਦਯੋਗਿਕ ਹਿੱਸੇਦਾਰਾਂ ਵਿਚਕਾਰ ਸਹਿਯੋਗ ਮਜ਼ਬੂਤ ਹੋਵੇਗਾ। ਇਸ ਨਾਲ ਪੰਜਾਬ ਵਿੱਚ ਬੀਟਲ ਨਸਲ ਦੀ ਸੰਭਾਲ, ਅਣੂਵੰਸ਼ਿਕ ਸੁਧਾਰ ਅਤੇ ਵਪਾਰੀਕਰਨ ਲਈ ਇੱਕ ਤਾਲਮੇਲ ਵਾਲੀ ਪਹੁੰਚ ਅਪਣਾਉਣ ਦਾ ਰਾਹ ਪੱਧਰਾ ਹੋਵੇਗਾ।

ਮਖਦੂਮ ਸਥਿਤ ‘ਸੈਂਟਰਲ ਇੰਸਟੀਚਿਊਟ ਫਾਰ ਰਿਸਰਚ ਆਨ ਗੋਟਸ’ ਦੇ ਪ੍ਰਮੁੱਖ ਕੋਆਰਡੀਨੇਟਰ, ਡਾ. ਐਮ.ਕੇ. ਸਿੰਘ ਨੇ ਨਸਲ ਵਿਕਾਸ ਦੇ ਟੀਚੇ ਵਿੱਚ ਬੱਕਰੀ ਪਾਲਣ ਖੇਤਰ ਦੇ ਯੋਗਦਾਨ ਬਾਰੇ ਚਾਨਣਾ ਪਾਇਆ।ਉਨ੍ਹਾਂ ਨੇ ਨਸਲ ਦੀ ਸੰਭਾਲ, ਵਿਗਿਆਨਕ ਪ੍ਰਜਨਨ, ਉਤਪਾਦਕਤਾ ਵਿੱਚ ਸੁਧਾਰ, ਬਿਹਤਰ ਵੀਰਜ ਦੀ ਸੰਭਾਲ ਅਤੇ ਵਪਾਰਕ ਪ੍ਰਚਾਰ ਲਈ ਇੱਕ ਸਾਂਝੀ ਅਤੇ ਸਹਿਯੋਗੀ ਪਹੁੰਚ ਬਨਾਉਣ ਦੀ ਲੋੜ ‘ਤੇ ਜ਼ੋਰ ਦਿੱਤਾ। ਤਕਨੀਕੀ ਵਿਚਾਰ-ਚਰਚਾ ਦੌਰਾਨ ਬੀਟਲ ਨਸਲ ਦੀ ਮੌਜੂਦਾ ਸਥਿਤੀ, ਵਿਸ਼ੇਸ਼ਤਾਵਾਂ ਅਤੇ ਚੁਣੌਤੀਆਂ; ਵੈਟਨਰੀ ਯੂਨੀਵਰਸਿਟੀ ਵਿਖੇ ਅਣੂਵੰਸ਼ਿਕ ਸੁਧਾਰ ਅਤੇ ‘ਸਟਾਲ-ਫੀਡਿੰਗ’ (ਖੁਰਲੀਆਂ ‘ਤੇ ਚਾਰਾ ਦੇਣ) ਦੇ ਤਰੀਕਿਆਂ ਤੋਂ ਸਿੱਖੇ ਗਏ ਸਬਕ; ਪ੍ਰਜਣਨ ਦੇ ਉਦੇਸ਼ ਅਤੇ ਚੋਣ ਮਾਪਦੰਡ; ਅਤੇ ਕਿਸਾਨਾਂ ਦੇ ਪੱਧਰ ‘ਤੇ ਅਣੂਵੰਸ਼ਿਕ ਸੁਧਾਰ ਲਈ ਰਣਨੀਤੀਆਂ ਬਾਰੇ ਚਰਚਾ ਕੀਤੀ ਗਈ। ਮਾਹਿਰਾਂ ਨੇ ਬੱਕਰਿਆਂ ਦੇ ਵੀਰਜ ਦੀ ਸੰਭਾਲ, ਬੱਕਰੀ ਪਾਲਣ ਵਿੱਚ ਬਿਮਾਰੀਆਂ ਦੀ ਰੋਕਥਾਮ, ਜੈਵਿਕ ਸੁਰੱਖਿਆ, ਆਰਥਿਕ ਵਿਹਾਕਤਾ, ਮੰਡੀਕਰਨ ਰਣਨੀਤੀਆਂ, ਬੱਕਰੀ ਪਾਲਣ ਲਈ ਨੀਤੀਗਤ ਸਹਾਇਤਾ ਅਤੇ ਬੱਕਰੀ ਪਾਲਕਾਂ ਲਈ ਰੁਜ਼ਗਾਰ ਦੇ ਮੌਕਿਆਂ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ। ਡਾ. ਗਰੇਵਾਲ ਨੇ ਦੱਸਿਆ ਕਿ ਬੀਟਲ ਬੱਕਰੀ ਨਸਲ ਦੀ ਸੰਭਾਲ ਅਤੇ ਅਣੂਵੰਸ਼ਿਕ ਸੁਧਾਰ ਪੰਜਾਬ ਦੇ ਪਸ਼ੂਧਨ ਖੇਤਰ ਨੂੰ ਮਜ਼ਬੂਤ ਕਰਨ ਅਤੇ ਟਿਕਾਊ ਪੇਂਡੂ ਜੀਵਨ ਨੂੰ ਉਤਸ਼ਾਹਿਤ ਕਰਨ ਲਈ ਜ਼ਰੂਰੀ ਹਨ। ਉਨ੍ਹਾਂ ਨੇ ਕਿਸਾਨਮੁਖੀ ਤਕਨਾਲੋਜੀਆਂ ਨੂੰ ਵਿਕਸਤ ਕਰਨ, ਬਾਜ਼ਾਰ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਵਿਗਿਆਨਕ ਬੱਕਰੀ ਪਾਲਣ ਅਭਿਆਸਾਂ ਬਾਰੇ ਜਾਗਰੂਕਤਾ ਪੈਦਾ ਕਰਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਸਮਾਪਤੀ ਸੈਸ਼ਨ ਪ੍ਰਤੀਭਾਗੀਆਂ ਦੇ ਦ੍ਰਿਸ਼ਟੀਕੋਣ, ਖੁੱਲ੍ਹੇ ਵਿਚਾਰ-ਵਟਾਂਦਰੇ ਅਤੇ ਨੀਤੀਗਤ ਸਿਫ਼ਾਰਸ਼ਾਂ ਤਿਆਰ ਕਰਨ ਨੂੰ ਸਮਰਪਿਤ ਸੀ ਇਸ ਪਹਿਲਕਦਮੀ ਨੇ ਪੰਜਾਬ ਵਿੱਚ ਵਿਗਿਆਨਕ ਬੱਕਰੀ ਪਾਲਣ ਨੂੰ ਅੱਗੇ ਵਧਾਉਣ, ਦੇਸੀ ਜਾਨਵਰਾਂ ਦੇ ਅਣੂਵੰਸ਼ਿਕ ਸਰੋਤਾਂ ਦੀ ਸੰਭਾਲ ਅਤੇ ਟਿਕਾਊ ਪਸ਼ੂ-ਅਧਾਰਤ ਜੀਵਨ ਨੂੰ ਉਤਸ਼ਾਹਿਤ ਕਰਨ ਸੰਬੰਧੀ ਯੂਨੀਵਰਸਿਟੀ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ।






