ਨਵੀਂ ਦਿੱਲੀ, 30 ਅਕਤੂਬਰ, 2026 (ਛਤਰਪਾਲ ਸਿੰਘ ): ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ 1 ਨਵੰਬਰ ਨੂੰ ਹੋਣ ਵਾਲੀ INDIA ਗਠਜੋੜ ਦੀ ਵਿਸ਼ਾਲ ਰੈਲੀ ਨੂੰ ਲੈ ਕੇ ਵਪਾਰੀਆਂ ਅਤੇ ਕਾਂਗਰਸ ਵਿਚਾਲੇ ਤਣਾਅ ਵਧਦਾ ਨਜ਼ਰ ਆ ਰਿਹਾ ਹੈ। ਦਿੱਲੀ ਦੇ ਵਪਾਰਕ ਸੰਗਠਨ ਚੈਂਬਰ ਆਫ ਟਰੇਡ ਐਂਡ ਇੰਡਸਟਰੀ (CTI) ਨੇ ਕਾਂਗਰਸ ਸੰਸਦੀ ਦਲ ਦੀ ਚੇਅਰਪਰਸਨ ਸੋਨੀਆ ਗਾਂਧੀ ਨੂੰ ਪੱਤਰ ਲਿਖ ਕੇ ਰੈਲੀ ਮੁਲਤਵੀ ਕਰਨ ਦੀ ਮੰਗ ਕੀਤੀ ਹੈ। ਵਪਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਰੈਲੀ ਕਾਰਨ ਦਿੱਲੀ ਦੇ 20 ਪ੍ਰਮੁੱਖ ਬਾਜ਼ਾਰਾਂ ਦਾ ਲਗਭਗ 10,000 ਤੋਂ 12,000 ਕਰੋੜ ਰੁਪਏ ਦਾ ਰੋਜ਼ਾਨਾ ਕਾਰੋਬਾਰ ਪ੍ਰਭਾਵਿਤ ਹੋ ਸਕਦਾ ਹੈ। CTI ਮੁਤਾਬਕ ਰੈਲੀ ਵਿੱਚ ਕਰੀਬ 10 ਲੱਖ ਲੋਕਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ 15 ਹਜ਼ਾਰ ਤੋਂ 20 ਹਜ਼ਾਰ ਵਾਹਨਾਂ ਦੇ ਦਿੱਲੀ ਪਹੁੰਚਣ ਦਾ ਅਨੁਮਾਨ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਰਾਮਲੀਲਾ ਮੈਦਾਨ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਪਾਰਕਿੰਗ ਦੀ ਲੋੜੀਂਦੀ ਵਿਵਸਥਾ ਨਾ ਹੋਣ ਕਾਰਨ ਕੇਂਦਰੀ ਦਿੱਲੀ ਵਿੱਚ ਭਾਰੀ ਟ੍ਰੈਫਿਕ ਜਾਮ ਲੱਗ ਸਕਦਾ ਹੈ, ਜਿਸ ਨਾਲ ਬਾਜ਼ਾਰਾਂ ਤੱਕ ਮਾਲ ਦੀ ਆਵਾਜਾਈ ਵੀ ਠੱਪ ਹੋਣ ਦਾ ਖਦਸ਼ਾ ਹੈ। CTI ਦੇ ਚੇਅਰਮੈਨ ਬ੍ਰਿਜੇਸ਼ ਗੋਇਲ ਨੇ ਕਿਹਾ ਕਿ ਵਪਾਰੀ ਕਿਸੇ ਸਿਆਸੀ ਰੈਲੀ ਦਾ ਵਿਰੋਧ ਨਹੀਂ ਕਰ ਰਹੇ, ਸਗੋਂ ਦੀਵਾਲੀ ਦੇ ਮਹੱਤਵਪੂਰਨ ਕਾਰੋਬਾਰੀ ਸੀਜ਼ਨ ਦੌਰਾਨ ਆਪਣੇ ਰੋਜ਼ਗਾਰ ਅਤੇ ਕਾਰੋਬਾਰ ਨੂੰ ਬਚਾਉਣ ਦੀ ਅਪੀਲ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ 6 ਨਵੰਬਰ ਨੂੰ ਧਨਤੇਰਸ ਅਤੇ 8 ਨਵੰਬਰ ਨੂੰ ਦੀਵਾਲੀ ਹੋਣ ਕਾਰਨ 1 ਨਵੰਬਰ ਦਾ ਦਿਨ ਖਰੀਦਦਾਰੀ ਅਤੇ ਤਿਉਹਾਰੀ ਸਾਮਾਨ ਦੀ ਢੋਆ-ਢੁਆਈ ਲਈ ਬੇਹੱਦ ਮਹੱਤਵਪੂਰਨ ਹੈ।
ਵਪਾਰਕ ਸੰਗਠਨ ਨੇ ਕਿਹਾ ਕਿ ਚਾਂਦਨੀ ਚੌਕ, ਸਦਰ ਬਾਜ਼ਾਰ, ਕਨਾਟ ਪਲੇਸ, ਪਾਲਿਕਾ ਬਾਜ਼ਾਰ, ਜਨਪਥ, ਭਗੀਰਥ ਪੈਲੇਸ, ਖਾਰੀ ਬਾਉਲੀ, ਕਸ਼ਮੀਰੀ ਗੇਟ, ਨਵਾਂ ਬਾਜ਼ਾਰ, ਲਾਜਪਤ ਰਾਏ ਮਾਰਕੀਟ, ਚਾਵੜੀ ਬਾਜ਼ਾਰ, ਕਰੋਲ ਬਾਗ ਅਤੇ ਦਰਿਆਗੰਜ ਸਮੇਤ ਕਈ ਇਤਿਹਾਸਕ ਬਾਜ਼ਾਰ ਪ੍ਰਭਾਵਿਤ ਹੋ ਸਕਦੇ ਹਨ। CTI ਨੇ ਆਪਣੇ ਪੱਤਰ ਵਿੱਚ ਰਾਮਲੀਲਾ ਮੈਦਾਨ ਵਿੱਚ ਪਾਰਕਿੰਗ ਦੀ ਘਾਟ, ਬਾਜ਼ਾਰਾਂ ਵਿੱਚ ਆਵਾਜਾਈ ਰੁਕਣ, ਦਿੱਲੀ ਦੀਆਂ ਸਰਹੱਦਾਂ ਅਤੇ ਮੁੱਖ ਸੜਕਾਂ ‘ਤੇ ਜਾਮ ਲੱਗਣ ਅਤੇ ਤਿਉਹਾਰੀ ਸੀਜ਼ਨ ਦੌਰਾਨ ਦੁਕਾਨਦਾਰਾਂ ਦੀ ਵਿਕਰੀ ਘਟਣ ਵਰਗੀਆਂ ਚਿੰਤਾਵਾਂ ਉਠਾਈਆਂ ਹਨ। ਸੰਗਠਨ ਅਨੁਸਾਰ ਇਨ੍ਹਾਂ ਬਾਜ਼ਾਰਾਂ ਵਿੱਚ ਹਰ ਰੋਜ਼ ਲਗਭਗ 5,000 ਟਰੱਕ ਅਤੇ ਛੋਟੇ ਵਪਾਰਕ ਵਾਹਨ 56 ਉਦਯੋਗਿਕ ਖੇਤਰਾਂ ਤੋਂ ਸਾਮਾਨ ਲੈ ਕੇ ਪਹੁੰਚਦੇ ਹਨ। ਜੇਕਰ ਆਵਾਜਾਈ ਪ੍ਰਭਾਵਿਤ ਹੁੰਦੀ ਹੈ ਤਾਂ ਸਾਮਾਨ ਦੀ ਸਪਲਾਈ ਵਿੱਚ ਵੱਡੀ ਰੁਕਾਵਟ ਆ ਸਕਦੀ ਹੈ।ਵਪਾਰੀਆਂ ਨੇ ਰੈਲੀ ਨੂੰ ਲੈ ਕੇ ਦੋ ਬਦਲਵੇਂ ਸੁਝਾਅ ਵੀ ਦਿੱਤੇ ਹਨ। ਪਹਿਲਾ, ਰੈਲੀ ਨੂੰ ਤਿਉਹਾਰੀ ਸੀਜ਼ਨ ਖਤਮ ਹੋਣ ਤੋਂ ਬਾਅਦ, 10 ਨਵੰਬਰ ਤੋਂ ਬਾਅਦ ਕਰਵਾਇਆ ਜਾਵੇ। ਦੂਜਾ, ਜੇਕਰ ਰੈਲੀ 1 ਨਵੰਬਰ ਨੂੰ ਹੀ ਕਰਵਾਉਣੀ ਲਾਜ਼ਮੀ ਹੈ ਤਾਂ ਇਸ ਦਾ ਸਥਾਨ ਬਦਲ ਕੇ ਬੁਰਾੜੀ ਮੈਦਾਨ ਕੀਤਾ ਜਾਵੇ।
ਵਪਾਰੀਆਂ ਨੇ 10 ਅਕਤੂਬਰ ਨੂੰ ਜੰਤਰ-ਮੰਤਰ ਵਿਖੇ ਹੋਏ ਇੱਕ ਪ੍ਰਦਰਸ਼ਨ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਉਸ ਸਮੇਂ ਸਿਰਫ਼ 5 ਤੋਂ 7 ਹਜ਼ਾਰ ਲੋਕਾਂ ਦੇ ਇਕੱਠੇ ਹੋਣ ਦੇ ਬਾਵਜੂਦ ਕੇਂਦਰੀ ਦਿੱਲੀ ਵਿੱਚ ਕਰੀਬ ਅੱਠ ਘੰਟੇ ਟ੍ਰੈਫਿਕ ਪ੍ਰਭਾਵਿਤ ਰਿਹਾ ਸੀ। ਉਨ੍ਹਾਂ ਮੁਤਾਬਕ ਹੁਣ 10 ਲੱਖ ਲੋਕਾਂ ਦੇ ਪਹੁੰਚਣ ਦੀ ਸੰਭਾਵਨਾ ਕਾਰਨ ਸਥਿਤੀ ਹੋਰ ਗੰਭੀਰ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ INDIA ਗਠਜੋੜ ਵੱਲੋਂ 1 ਨਵੰਬਰ ਨੂੰ ‘ਚਲੋ ਦਿੱਲੀ ਰਾਮਲੀਲਾ ਮਾਰਚ’ ਦਾ ਸੱਦਾ ਦਿੱਤਾ ਗਿਆ ਹੈ। ਇਸ ਰੈਲੀ ਦਾ ਮੁੱਖ ਉਦੇਸ਼ ਕਥਿਤ ਵੋਟ ਚੋਰੀ ਦੇ ਮੁੱਦੇ ਨੂੰ ਉਠਾਉਣਾ ਅਤੇ ਲੋਕਤੰਤਰ ਤੇ ਸੰਵਿਧਾਨ ਦੀ ਰੱਖਿਆ ਲਈ ਆਵਾਜ਼ ਬੁਲੰਦ ਕਰਨਾ ਦੱਸਿਆ ਗਿਆ ਹੈ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਦੇਸ਼ ਦੇ ਲੋਕਾਂ ਨੂੰ ਇਸ ਮਾਰਚ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਹੁਣ ਦੇਖਣਾ ਹੋਵੇਗਾ ਕਿ ਕਾਂਗਰਸ ਲੀਡਰਸ਼ਿਪ ਵਪਾਰੀਆਂ ਦੀ ਇਸ ਮੰਗ ‘ਤੇ ਕੀ ਫੈਸਲਾ ਲੈਂਦੀ ਹੈ। ਰੈਲੀ ਵਿੱਚ ਦੋ ਦਿਨ ਤੋਂ ਵੀ ਘੱਟ ਸਮਾਂ ਬਾਕੀ ਰਹਿਣ ਕਾਰਨ ਦਿੱਲੀ ਦੇ ਵਪਾਰੀ ਸੰਗਠਨ ਵੱਲੋਂ ਅਧਿਕਾਰਤ ਜਵਾਬ ਦੀ ਉਡੀਕ ਕੀਤੀ ਜਾ ਰਹੀ ਹੈ।






