ਨਾਗਪੁਰ, 29 ਅਕਤੂਬਰ (ਚੌਧਰੀ ਪ੍ਰਭਜੀਤ ਸਿੰਘ): ਮਹਾਰਾਸ਼ਟਰ ਵਿਧਾਨ ਪ੍ਰੀਸ਼ਦ ਦੀ ਨਾਗਪੁਰ ਡਿਵੀਜ਼ਨ ਗ੍ਰੈਜੂਏਟ ਹਲਕੇ ਦੀ ਚੋਣ ਵਿੱਚ ਕਾਂਗਰਸ ਉਮੀਦਵਾਰ ਅਭਿਜੀਤ ਵੰਜਾਰੀ ਨੇ ਭਾਜਪਾ ਦੇ ਸੁਧਾਕਰ ਕੋਹਲੇ ਨੂੰ 3,271 ਵੋਟਾਂ ਦੇ ਫ਼ਰਕ ਨਾਲ ਹਰਾ ਦਿੱਤਾ। ਵੰਜਾਰੀ ਨੂੰ ਪਹਿਲੀ ਅਤੇ ਦੂਜੀ ਤਰਜੀਹ ਦੀਆਂ ਵੋਟਾਂ ਦੀ ਗਿਣਤੀ ਤੋਂ ਬਾਅਦ ਕੁੱਲ 67,231 ਵੋਟਾਂ ਮਿਲੀਆਂ, ਜਦਕਿ ਕੋਹਲੇ ਦੇ ਹਿੱਸੇ 63,960 ਵੋਟਾਂ ਆਈਆਂ। ਜਿੱਤ ਤੋਂ ਬਾਅਦ ਵੰਜਾਰੀ ਨੇ ਕਿਹਾ ਕਿ ਭਾਜਪਾ ਨੇ ਪੂਰੀ ਤਾਕਤ ਲਗਾਈ ਅਤੇ ਉਸ ਦੇ ਆਗੂ ਨਾਗਪੁਰ ਵਿੱਚ ਮੌਜੂਦ ਰਹੇ, ਪਰ ਵੋਟਰਾਂ ਨੇ ਕਾਂਗਰਸ ਦਾ ਸਾਥ ਦਿੱਤਾ। ਉਨ੍ਹਾਂ ਨੇ ਮਹਾ ਵਿਕਾਸ ਅਘਾੜੀ ਦੀ ਏਕਤਾ ਅਤੇ ਸਮਰਥਨ ਦੇਣ ਵਾਲੀਆਂ 48 ਜਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕੀਤਾ। 27 ਅਕਤੂਬਰ ਨੂੰ ਨਾਗਪੁਰ ਦੇ ਮਾਨਕਾਪੁਰ ਸਥਿਤ ਡਿਵੀਜ਼ਨਲ ਸਪੋਰਟਸ ਕੰਪਲੈਕਸ ਵਿੱਚ ਸ਼ੁਰੂ ਹੋਈ ਵੋਟਾਂ ਦੀ ਗਿਣਤੀ 41 ਘੰਟਿਆਂ ਤੋਂ ਵੱਧ ਸਮੇਂ ਤੱਕ ਚੱਲੀ। ਪਹਿਲੀ ਤਰਜੀਹ ਦੀਆਂ ਵੋਟਾਂ ਵਿੱਚ ਕੋਈ ਵੀ ਉਮੀਦਵਾਰ ਜਿੱਤ ਲਈ ਲੋੜੀਂਦਾ ਕੋਟਾ ਹਾਸਲ ਨਹੀਂ ਕਰ ਸਕਿਆ, ਜਿਸ ਤੋਂ ਬਾਅਦ ਦੂਜੀ ਤਰਜੀਹ ਦੀਆਂ ਵੋਟਾਂ ਦੀ ਗਿਣਤੀ ਕੀਤੀ ਗਈ। ਅੰਤ ਵਿੱਚ ਸਭ ਤੋਂ ਵੱਧ ਵੋਟਾਂ ਹਾਸਲ ਕਰਨ ਵਾਲੇ ਵੰਜਾਰੀ ਨੂੰ ਜੇਤੂ ਐਲਾਨਿਆ ਗਿਆ ਅਤੇ ਰਿਟਰਨਿੰਗ ਅਫ਼ਸਰ ਵਿਜਯਲਕਸ਼ਮੀ ਬਿਦਰੀ ਨੇ ਉਨ੍ਹਾਂ ਨੂੰ ਚੋਣ ਸਰਟੀਫਿਕੇਟ ਸੌਂਪਿਆ।






