ਦਰਸ਼ਨ ਸਿੰਘ ਲੁਬਾਣਾ ਅਤੇ ਬਾਬੂ ਰਾਮ ਨੇ ਸੰਗਤਾਂ ਨੂੰ ਦਿੱਤੀ ਵਧਾਈ, ਭਗਵਾਨ ਵਾਲਮੀਕਿ ਜੀ ਦੇ ਸੰਦੇਸ਼ ’ਤੇ ਚੱਲਣ ਦੀ ਕੀਤੀ ਅਪੀਲ
ਪਟਿਆਲਾ, 26 ਅਕਤੂਬਰ 2026 (ਗੁਰਮੀਤ ਸਿੰਘ ਤੁੰਗ ) : ਸਵੀਪਰ ਯੂਨੀਅਨ ਨਗਰ ਨਿਗਮ ਪਟਿਆਲਾ ਵੱਲੋਂ ਸ੍ਰਿਸ਼ਟੀਕਰਤਾ, ਕਰੁਣਾ ਸਾਗਰ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ ਦਿੱਤੀਆਂ ਗਈਆਂ। ਇਸ ਮੌਕੇ ਯੂਨੀਅਨ ਦੇ ਪੰਜਾਬ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਅਤੇ ਨਗਰ ਨਿਗਮ ਪਟਿਆਲਾ ਦੇ ਪ੍ਰਧਾਨ ਬਾਬੂ ਰਾਮ (ਬੱਬੂ) ਨੇ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀਆਂ ਸਿੱਖਿਆਵਾਂ ਸਮਾਜ ਨੂੰ ਸੱਚਾਈ, ਦਇਆ, ਸਮਾਨਤਾ ਅਤੇ ਮਨੁੱਖਤਾ ਦੀ ਸੇਵਾ ਦਾ ਰਾਹ ਦਿਖਾਉਂਦੀਆਂ ਹਨ।

ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕਿ ਮਹਾਰਾਜ ਜੀ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ ਅਤੇ ਸਮਾਜ ਵਿੱਚ ਆਪਸੀ ਭਾਈਚਾਰਾ, ਸਦਭਾਵਨਾ ਤੇ ਸਤਿਕਾਰ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਸਾਡਾ ਸਾਂਝਾ ਫ਼ਰਜ਼ ਹੈ। ਉਨ੍ਹਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਇਸ ਪਵਿੱਤਰ ਦਿਹਾੜੇ ’ਤੇ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਦਰਸਾਏ ਮਾਰਗ ’ਤੇ ਚੱਲਣ ਅਤੇ ਸਮਾਜ ਦੀ ਭਲਾਈ ਲਈ ਯੋਗਦਾਨ ਪਾਉਣ ਦਾ ਸੰਕਲਪ ਲਿਆ ਜਾਵੇ।






