ਕਰਨਾਲ, 4 ਅਕਤੂਬਰ (ਸ਼ਹੀਦ—ਏ—ਆਜ਼ਮ ਬਿਓਰੋ): ਹਰਿਆਣਾ, ਕਰਨਾਲ ਦੀ ਰਹਿਣ ਵਾਲੀ ਰਿਸ਼ਿਕਾ ਨੇ ਭਾਰਤੀ ਅੰਕੜਾ ਸੇਵਾ (UPSC ISS) ਪ੍ਰੀਖਿਆ ਵਿੱਚ 15ਵਾਂ ਸਥਾਨ ਪ੍ਰਾਪਤ ਕਰਕੇ ਪੂਰੇ ਜ਼ਿਲ੍ਹੇ ਦਾ ਮਾਣ ਵਧਾਇਆ ਹੈ। ਇਸ ਸਫ਼ਲਤਾ ਨਾਲ ਉਨ੍ਹਾਂ ਦੇ ਪਰਿਵਾਰ ਅਤੇ ਖੇਤਰ ਵਿੱਚ ਖੁਸ਼ੀ ਦਾ ਮਾਹੌਲ ਹੈ।
ਰਿਸ਼ਿਕਾ ਨੇ ਆਪਣੇ ਬਾਰੇ ਦੱਸਦਿਆਂ ਕਿਹਾ ਕਿ ਉਨ੍ਹਾਂ ਦੀ ਸਫ਼ਲਤਾ ਦਾ ਸਫ਼ਰ ਆਸਾਨ ਨਹੀਂ ਸੀ। 2021 ਵਿੱਚ ਵਿਆਹ ਤੋਂ ਬਾਅਦ, ਉਨ੍ਹਾਂ ਨੇ ਪੜ੍ਹਾਈ ਤੋਂ ਬ੍ਰੇਕ ਲਿਆ, ਪਰ ਆਪਣੇ ਟੀਚੇ ਨੂੰ ਧਿਆਨ ਵਿੱਚ ਰੱਖਦੇ ਹੋਏ, ਉਨ੍ਹਾਂ ਨੇ ਪੂਰੀ ਲਗਨ ਨਾਲ ਆਪਣੀ ਤਿਆਰੀ ਦੁਬਾਰਾ ਸ਼ੁਰੂ ਕੀਤੀ। ਤਿੰਨ ਵਾਰ ਅਸਫ਼ਲ ਹੋਣ ਦੇ ਬਾਵਜੂਦ, ਉਹ ਅਡੋਲ ਰਹੇ ਅਤੇ ਆਪਣੀ ਚੌਥੀ ਕੋਸ਼ਿਸ਼ ਵਿੱਚ ਸਫ਼ਲਤਾ ਪ੍ਰਾਪਤ ਕੀਤੀ।
UPSC ਦੁਆਰਾ ਕਰਵਾਈ ਗਈ ਆਈ.ਐਸ.ਐਸ. ਪ੍ਰੀਖਿਆ ਦਾ ਉਦੇਸ਼ ਦੇਸ਼ ਵਿੱਚ ਨੀਤੀਆਂ ਅਤੇ ਯੋਜਨਾਵਾਂ ਨਾਲ ਸਬੰਧਤ ਡੇਟਾ ਵਿਸ਼ਲੇਸ਼ਣ ਲਈ ਯੋਗ ਅਧਿਕਾਰੀਆਂ ਦੀ ਚੋਣ ਕਰਨਾ ਹੈ। ਰਿਸ਼ਿਕਾ ਹੁਣ ਭਾਰਤੀ ਅੰਕੜਾ ਸੇਵਾ ਵਿੱਚ ਇੱਕ ਸੀਨੀਅਰ ਅਹੁਦੇ ‘ਤੇ ਸੇਵਾ ਨਿਭਾਉਣਗੇ।
ਉਨ੍ਹਾਂ ਦੱਸਿਆ ਕਿ ਅੱਗੇ ਪੜ੍ਹਣ ਵਿੱਚ ਉਸਦੇ ਸਹੁਰੇ ਪਰਿਵਾਰ ਨੇ ਵੀ ਪੂਰਾ ਸਹਿਯੋਗ ਦਿੱਤਾ। ਉਨ੍ਹਾਂ ਨੇ ਆਪਣੀ ਸਫ਼ਲਤਾ ਦਾ ਸਿਹਰਾ ਆਪਣੇ ਪਰਿਵਾਰ ਨੂੰ ਦਿੰਦੇ ਹੋਏ ਕਿਹਾ ਕਿ ਜ਼ਿੰਦਗੀ ਵਿੱਚ ਉਤਰਾਅ-ਚੜ੍ਹਾਅ ਆਉਂਦੇ ਰਹਿੰਦੇ ਹਨ, ਪਰ ਸਾਨੂੰ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ। ਉਨ੍ਹਾਂ ਨੇ ਅੱਜ ਕੱਲ ਦੀਆਂ ਲੜਕੀਆਂ ਲਈ ਇਹ ਸੰਦੇਸ਼ ਦਿੱਤਾ ਕਿ ਤੁਸੀਂ ਆਪਣੇ ਟੀਚੇ ਤੇ ਮਜ਼ਬੂਤ ਰਹੋ, ਆਤਮਵਿਸ਼ਵਾਸੀ ਬਣੋ। ਤੁਹਾਨੂੰ ਸਫਲਤਾ ਜ਼ਰੂਰ ਮਿਲੇਗੀ।







