15 ਸਾਲ ਪਹਿਲਾਂ ਹੋਏ ਦੋਹਰੇ ਕਤਲ ਦੀ ਗੁੱਥੀ ਸੁਲਝਾਉਣ ਲਈ ਮ੍ਰਿਤਕ ਦੇ ਪੁੱਤਰ ਨੇ ਰੱਖਿਆ 50 ਹਜ਼ਾਰ ਡਾਲਰ ਦਾ ਇਨਾਮ
ਕੈਲੀਫੋਰਨੀਆ, 26 ਅਕਤੂਬਰ, 2026 (ਛੱਤਰਪਾਲ ਸਿੰਘ): ਅਮਰੀਕਾ ਵਿੱਚ 15 ਸਾਲ ਪਹਿਲਾਂ ਦੋ ਸਿੱਖ ਵਿਅਕਤੀਆਂ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿੱਚ ਜਾਣਕਾਰੀ ਦੇਣ ਵਾਲੇ ਨੂੰ 50 ਹਜ਼ਾਰ ਅਮਰੀਕੀ ਡਾਲਰ, ਭਾਵ ਲਗਭਗ 45 ਲੱਖ ਰੁਪਏ, ਇਨਾਮ ਵਜੋਂ ਦੇਣ ਦਾ ਐਲਾਨ ਕੀਤਾ ਗਿਆ ਹੈ। ਇਹ ਐਲਾਨ ਮ੍ਰਿਤਕਾਂ ਵਿੱਚੋਂ ਇੱਕ, ਗੁਰਮੇਜ ਅਟਵਾਲ ਦੇ ਪੁੱਤਰ ਕਮਲਜੀਤ ਅਟਵਾਲ ਵੱਲੋਂ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਕਰੀਬ 15 ਸਾਲ ਪਹਿਲਾਂ ਦੋ ਸਿੱਖ ਵਿਅਕਤੀਆਂ ਨੂੰ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਅਮਰੀਕੀ ਪੁਲਿਸ ਕਥਿਤ ਤੌਰ ’ਤੇ ਇਸ ਮਾਮਲੇ ਵਿੱਚ ਮੁਲਜ਼ਮਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਲੱਭਣ ਵਿੱਚ ਸਫ਼ਲ ਨਹੀਂ ਹੋ ਸਕੀ। ਆਪਣੇ ਪਿਤਾ ਸਮੇਤ ਦੋਵੇਂ ਮ੍ਰਿਤਕਾਂ ਨੂੰ ਇਨਸਾਫ਼ ਦਿਵਾਉਣ ਦੀ ਉਮੀਦ ਨਾਲ ਕਮਲਜੀਤ ਅਟਵਾਲ ਨੇ ਹੁਣ ਅੱਗੇ ਆ ਕੇ ਇਨਾਮ ਦਾ ਐਲਾਨ ਕੀਤਾ ਹੈ। ਉਨ੍ਹਾਂ ਦੀ ਅਪੀਲ ਹੈ ਕਿ ਜੇਕਰ ਕਿਸੇ ਵਿਅਕਤੀ ਕੋਲ ਇਸ ਦੋਹਰੇ ਕਤਲ ਨਾਲ ਸਬੰਧਤ ਕੋਈ ਵੀ ਅਹਿਮ ਜਾਣਕਾਰੀ ਹੈ, ਤਾਂ ਉਹ ਜਾਂਚ ਏਜੰਸੀਆਂ ਤੱਕ ਪਹੁੰਚਾਈ ਜਾਵੇ, ਤਾਂ ਜੋ ਕਤਲ ਦੇ ਮਾਮਲੇ ਨੂੰ ਸੁਲਝਾਉਣ ਵਿੱਚ ਮਦਦ ਮਿਲ ਸਕੇ। ਇਸ ਇਨਾਮ ਦੇ ਐਲਾਨ ਨਾਲ 15 ਸਾਲ ਪੁਰਾਣੇ ਮਾਮਲੇ ਵਿੱਚ ਨਵੀਂ ਜਾਣਕਾਰੀ ਸਾਹਮਣੇ ਆਉਣ ਅਤੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਮਿਲਣ ਦੀ ਉਮੀਦ ਜਾਗੀ ਹੈ।






