ਦੂਧਨਸਾਧਾਂ, 24 ਅਕਤੂਬਰ, 2026 (ਛਤਰਪਾਲ ਸਿੰਘ ) : ਮਾਰਕਿਟ ਕਮੇਟੀ ਦੂਧਨਸਾਧਾਂ ਅਧੀਨ ਆਉਂਦੀ ਨਵੀਂ ਅਨਾਜ ਮੰਡੀ ਦੂਧਨਸਾਧਾਂ ਅਤੇ ਦੇਵੀਗੜ੍ਹ ਮੰਡੀ ਵਿਖੇ ਝੋਨੇ ਦੀ ਖ਼ਰੀਦ ਸਬੰਧੀ ਐਸ. ਡੀ. ਐਮ ਹਰਜੋਤ ਕੌਰ ਨੇ ਵੱਖ-ਵੱਖ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਹਦਾਇਤ ਕੀਤੀ ਕਿ ਝੋਨੇ ਦੀ ਖ਼ਰੀਦ ਦੌਰਾਨ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਕੋਈ ਸਮੱਸਿਆ ਨਾ ਆਉਣ ਦਿੱਤੀ ਜਾਵੇ। ਇਸ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਬਲਦੇਵ ਸਿੰਘ, ਜ਼ਿਲ੍ਹਾ ਮੰਡੀ ਅਫਸਰ, ਅਸਲਮ ਮੁਹੰਮਦ, ਖੇਤੀਬਾੜੀ ਅਫ਼ਸਰ ਬਲਾਕ ਭੁੱਨਰਹੇੜੀ ਮਨਦੀਪ ਸਿੰਘ ਤੇ ਵਿਮਲਪ੍ਰੀਤ ਸਿੰਘ ਜੋਸ਼ਨ, ਜ਼ਿਲ੍ਹਾ ਖੁਰਾਕ ਤੇ ਸਪਲਾਈ ਅਫ਼ਸਰ ਵਰਿੰਦਰਪਾਲ ਕੌਰ ਸਮੇਤ ਸਕੱਤਰ ਮਾਰਕਿਟ ਕਮੇਟੀ ਅਸ਼ੋਕ ਕੁਮਾਰ ਜਿੰਦਲ ਵੀ ਹਾਜ਼ਰ ਸਨ। ਦਫਤਰ ਮਾਰਕਿਟ ਕਮੇਟੀ ਦੁੱਧਨਸਾਧਾਂ ਵਿਖੇ ਵਿਸਥਾਰਪੂਰਵਕ ਮੀਟਿੰਗ ਦੌਰਾਨ ਕਿਸਾਨਾਂ ਤੇ ਆੜ੍ਹਤੀਆਂ ਨੂੰ ਦਰਪੇਸ਼ ਮੁਸ਼ਕਿਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਕਿਸਾਨਾਂ ਨੇ ਦੱਸਿਆ ਕਿ ਪਿਛਲੇ ਸਾਲਾਂ ਨਾਲੋਂ ਇਸ ਸਾਲ ਪਰਮਲ ਜੀਰੀ ਦਾ ਝਾੜ ਬਹੁਤ ਵਧੀਆ ਰਿਹਾ ਹੈ ਅਤੇ ਫਸਲ ਨੂੰ ਕੋਈ ਬਿਮਾਰੀ ਵੀ ਨਹੀਂ ਰਹੀ। ਇਸ ਤੋਂ ਇਲਾਵਾ ਬਹੁਤ ਸਾਰੇ ਕਿਸਾਨਾਂ ਨੇ ਬਾਸਮਤੀ ਦੀ ਜਗ੍ਹਾ ਪਰਮਲ ਝੋਨੇ ਦੀ ਬਿਜਾਈ ਕੀਤੀ ਹੈ ਅਤੇ ਇਸ ਤੋਂ ਇਲਾਵਾ ਇਸ ਸਾਲ ਬਹੁਤ ਸਾਰੇ ਕਿਸਾਨ ਅਜਿਹੇ ਹਨ, ਜਿਹੜੇ ਪਰਮਲ ਝੋਨੇ ਤਹਿਤ ਨਵੀਂ ਮੈਪਿੰਗ ਕਰਵਾ ਕੇ ਆਪਣੀ ਫਸਲ ਵੇਚ ਰਹੇ ਹਨ। ਇਹਨਾਂ ਕਾਰਨਾਂ ਕਰਕੇ ਇਸ ਵਾਰ ਮੰਡੀ ਵਿੱਚ ਬੰਪਰ ਪਰਮਲ ਝੋਨੇ ਦੀ ਆਮਦ ਹੋ ਰਹੀ ਹੈ। ਇਸ ਲਈ ਮੰਡੀ ਦੁੱਧਨਸਾਧਾਂ ਅਤੇ ਦੇਵੀਗੜ੍ਹ ਵਿਖੇ ਪਿਛਲੇ ਸਾਲਾਂ ਨਾਲੋਂ ਝੋਨੇ ਦੀ ਆਮਦ ਵਿੱਚ ਕਾਫੀ ਵਾਧਾ ਹੋਵੇਗਾ, ਇਸ ਲਈ ਮੰਡੀ ਦੁੱਧਨਸਾਧਾਂ ਅਤੇ ਦੇਵੀਗੜ੍ਹ ਮੰਡੀ ਵਿੱਚ ਝੋਨੇ ਦੀ ਖਰੀਦ ਦੇ ਟੀਚੇ ਵਧਾਏ ਜਾਣ।

ਬੈਠਕ ਦੌਰਾਨ ਸਮੂਹ ਅਧਿਕਾਰੀਆਂ ਨੇ ਕਿਸਾਨਾਂ ਅਤੇ ਵਪਾਰੀਆਂ ਦੀਆਂ ਮੁਸ਼ਕਿਲਾਂ ਨੂੰ ਜਲਦੀ ਹੀ ਹੱਲ ਕਰਨ ਦਾ ਭਰੋਸਾ ਦਿਵਾਇਆ ਜਿਸ ਤੇ ਕਿਸਾਨਾਂ ਅਤੇ ਵਪਾਰੀਆਂ ਵੱਲੋਂ ਸਹਿਮਤੀ ਪ੍ਰਗਟਾਈ। ਐਸ ਡੀ ਐਮ ਹਰਜੋਤ ਕੌਰ ਮਾਵੀ ਨੇ ਦੁੱਧਨਸਾਧਾਂ ਮੰਡੀ ਵਿਖੇ ਝੋਨੇ ਦੀ ਰੁਕੀ ਹੋਈ ਖਰੀਦ ਸ਼ੁਰੂ ਕਰਵਾਈ ਅਤੇ ਕਿਹਾ ਗਿਆ ਕਿ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਉਹਨਾਂ ਦੀ ਫਸਲ ਵੇਚਣ ਵਿੱਚ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਅਧਿਕਾਰੀਆਂ ਨੇ ਅਨਾਜ ਮੰਡੀ ਦੁੱਧਨਸਾਧਾਂ ਅਤੇ ਦੇਵੀਗੜ੍ਹ ਮੰਡੀਆਂ ਦਾ ਦੌਰਾ ਕੀਤਾ, ਜਿੱਥੇ ਕਿਸਾਨਾਂ ਤੇ ਆੜ੍ਹਤੀਆਂ ਨੇ ਮਾਰਕਿਟ ਕਮੇਟੀ ਵੱਲੋਂ ਮੰਡੀਆਂ ਵਿੱਚ ਕੀਤੇ ਖਰੀਦ ਪ੍ਰਬੰਧਾਂ ਸਬੰਧੀ ਤਸੱਲੀ ਪ੍ਰਗਟਾਈ। ਇਸ ਮੌਕੇ ਲੇਖਾਕਾਰ ਮਾਰਕਿਟ ਕਮੇਟੀ ਸਾਹਿਲ ਜਿੰਦਲ, ਮੰਡੀ ਸੁਪਰਵਾਈਜਰ ਨਵਤੇਜ ਸਿੰਘ, ਇੰਸਪੈਕਟਰ ਪਨਗ੍ਰੇਨ ਗੁਰਪ੍ਰੀਤ ਸਿੰਘ, ਕਰਮਜੀਤ ਸਿੰਘ ਸੈਣੀ, ਨਰਿੰਦਰ ਸਿੰਘ ਲਹਿਲਾਂ, ਜਸਪਾਲ ਸਿੰਘ ਗਰੋਲੀ, ਧਰਮਪਾਲ ਸ਼ਰਮਾ, ਜੀਤ ਸਿੰਘ ਮੀਰਾਂਪੁਰ, ਭੁਪਿੰਦਰ ਸਿੰਘ ਜੱਜ, ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਦੁੱਧਨਸਾਧਾਂ, ਵੇਦ ਪ੍ਰਕਾਸ਼, ਪ੍ਰਧਾਨ ਕਿਸਾਨ ਯੂਨੀਅਨ ਤੋਂ ਇਲਾਵਾ ਬਹੁਤ ਸਾਰੇ ਕਿਸਾਨ ਅਤੇ ਆੜ੍ਹਤੀ ਹਾਜਰ ਸਨ।






