ਧੂਰੀ/ ਸ਼ੇਰਪੁਰ, 22 ਅਕਤੂਬਰ, 2026 (ਚੌਧਰੀ ਪ੍ਰਭਜੀਤ ਸਿੰਘ): ਕੁਦਰਤੀ ਸਰੋਤਾਂ ਦੀ ਸੰਭਾਲ ਅਤੇ ਖੇਤੀਬਾੜੀ ਨੂੰ ਹੋਰ ਟਿਕਾਊ ਬਣਾਉਣ ਦੇ ਉਦੇਸ਼ ਨਾਲ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ), ਲੁਧਿਆਣਾ ਦੇ ਨਿਰਦੇਸ਼ਕ ਪਸਾਰ ਸਿੱਖਿਆ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੀਏਯੂ-ਫਾਰਮ ਸਲਾਹਕਾਰ ਸੇਵਾ ਕੇਂਦਰ (ਐੱਫਏਐੱਸਸੀ), ਸੰਗਰੂਰ ਵੱਲੋਂ ਪਿੰਡ ਫਤਿਹਗੜ੍ਹ ਪੰਜਗਰਾਈਆਂ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਝੋਨੇ ਦੀ ਪਰਾਲੀ ਦਾ ਖੇਤ ਵਿੱਚ ਹੀ ਵਿਗਿਆਨਕ ਪ੍ਰਬੰਧਨ, ਸੰਤੁਲਿਤ ਖਾਦ ਪ੍ਰਬੰਧਨ, ਫਾਸਫੋਰਸ ਦੇ ਬਦਲਵੇਂ ਸਰੋਤ, ਕਣਕ ਦੀਆਂ ਸੁਧਰੀਆਂ ਕਿਸਮਾਂ ਅਤੇ ਹਾੜ੍ਹੀ ਦੀਆਂ ਫ਼ਸਲਾਂ ਦੀ ਵਿਭਿੰਨਤਾ ਬਾਰੇ ਕਿਸਾਨਾਂ ਨੂੰ ਵਿਹਾਰਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਫਤਿਹਗੜ੍ਹ ਪੰਜਗਰਾਈਆਂ ਅਤੇ ਨੇੜਲੇ ਪਿੰਡਾਂ ਦੇ 70 ਤੋਂ ਵੱਧ ਕਿਸਾਨਾਂ ਨੇ ਭਾਗ ਲਿਆ।
ਕੈਂਪ ਨੂੰ ਸੰਬੋਧਨ ਕਰਦਿਆਂ ਡਾ. ਅਸ਼ੋਕ ਕੁਮਾਰ ਗਰਗ, ਸੀਨੀਅਰ ਪਸਾਰ ਵਿਗਿਆਨੀ (ਭੂਮੀ ਵਿਗਿਆਨ), ਪੀਏਯੂ-ਐੱਫਏਐੱਸਸੀ ਸੰਗਰੂਰ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਇਸ ਦਾ ਖੇਤ ਵਿੱਚ ਹੀ ਸੁਚੱਜਾ ਪ੍ਰਬੰਧਨ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਫ਼ਸਲੀ ਰਹਿੰਦ-ਖੂੰਹਦ ਜੈਵਿਕ ਕਾਰਬਨ ਅਤੇ ਪੌਦਿਆਂ ਲਈ ਲੋੜੀਂਦੇ ਕਈ ਪੌਸ਼ਟਿਕ ਤੱਤਾਂ ਦਾ ਮਹੱਤਵਪੂਰਨ ਸਰੋਤ ਹੈ। ਪਰਾਲੀ ਨੂੰ ਖੇਤ ਵਿੱਚ ਸੰਭਾਲਣ ਨਾਲ ਮਿੱਟੀ ਦੀ ਸਿਹਤ, ਜੈਵਿਕ ਪਦਾਰਥ ਅਤੇ ਲੰਮੇ ਸਮੇਂ ਦੀ ਉਤਪਾਦਕਤਾ ਵਿੱਚ ਸੁਧਾਰ ਲਿਆਉਣ ਵਿੱਚ ਮਦਦ ਮਿਲਦੀ ਹੈ।
ਪਰਾਲੀ ਸਾੜਨ ਨਾਲ ਹੋਣ ਵਾਲੇ ਪੌਸ਼ਟਿਕ ਤੱਤਾਂ ਦੇ ਨੁਕਸਾਨ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਇੱਕ ਟਨ ਝੋਨੇ ਦੀ ਪਰਾਲੀ ਸਾੜਨ ਨਾਲ ਲਗਭਗ 400 ਕਿਲੋਗ੍ਰਾਮ ਜੈਵਿਕ ਕਾਰਬਨ, 5.5 ਕਿਲੋਗ੍ਰਾਮ ਨਾਈਟ੍ਰੋਜਨ, 2.3 ਕਿਲੋਗ੍ਰਾਮ ਫਾਸਫੋਰਸ, 25 ਕਿਲੋਗ੍ਰਾਮ ਪੋਟਾਸ਼ੀਅਮ ਅਤੇ 1.2 ਕਿਲੋਗ੍ਰਾਮ ਗੰਧਕ ਦਾ ਨੁਕਸਾਨ ਹੁੰਦਾ ਹੈ।
ਡਾ. ਗਰਗ ਨੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ ਹੈਪੀ ਸੀਡਰ, ਸੁਪਰ ਸੀਡਰ, ਪੀਏਯੂ ਸਮਾਰਟ ਸੀਡਰ ਅਤੇ ਸਰਫੇਸ ਸੀਡਿੰਗ-ਕਮ-ਮਲਚਿੰਗ ਵਰਗੀਆਂ ਸਿਫ਼ਾਰਸ਼ ਕੀਤੀਆਂ ਮਸ਼ੀਨਾਂ ਅਤੇ ਤਕਨੀਕਾਂ ਅਪਣਾਉਣ ਲਈ ਪ੍ਰੇਰਿਤ ਕੀਤਾ, ਤਾਂ ਜੋ ਪਰਾਲੀ ਨੂੰ ਸਾੜੇ ਬਿਨਾਂ ਸਮੇਂ ਸਿਰ ਕਣਕ ਦੀ ਬਿਜਾਈ ਕੀਤੀ ਜਾ ਸਕੇ।
ਮਿੱਟੀ ਪਰਖ ਅਨੁਸਾਰ ਖਾਦਾਂ ਦੀ ਵਰਤੋਂ ਕਰੋ
ਖਾਦ ਪ੍ਰਬੰਧਨ ਬਾਰੇ ਡਾ. ਗਰਗ ਨੇ ਕਿਹਾ ਕਿ ਕਿਸਾਨਾਂ ਨੂੰ ਖਾਦਾਂ ਦੀ ਵਰਤੋਂ ਮਿੱਟੀ ਦੀ ਪਰਖ, ਫ਼ਸਲ ਦੀ ਲੋੜ ਅਤੇ ਪੌਸ਼ਟਿਕ ਤੱਤਾਂ ਦੀ ਸੰਤੁਲਿਤ ਪੂਰਤੀ ਦੇ ਆਧਾਰ ’ਤੇ ਕਰਨੀ ਚਾਹੀਦੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਫਾਸਫੋਰਸ ਦੀ ਪੂਰਤੀ ਲਈ ਡੀਏਪੀ ਹੀ ਇਕਲੌਤਾ ਸਰੋਤ ਨਹੀਂ ਹੈ। ਮਿੱਟੀ ਦੀ ਸਥਿਤੀ ਅਤੇ ਫ਼ਸਲ ਦੀ ਲੋੜ ਅਨੁਸਾਰ ਸਿੰਗਲ ਸੁਪਰ ਫਾਸਫੇਟ (ਐੱਸਐੱਸਪੀ), ਟ੍ਰਿਪਲ ਸੁਪਰ ਫਾਸਫੇਟ (ਟੀਐੱਸਪੀ) ਅਤੇ ਐੱਨਪੀਕੇ 12:32:16 ਵਰਗੀਆਂ ਖਾਦਾਂ ਦੀ ਵੀ ਢੁਕਵੀਂ ਵਰਤੋਂ ਕੀਤੀ ਜਾ ਸਕਦੀ ਹੈ।
ਉਨ੍ਹਾਂ ਏਕੀਕ੍ਰਿਤ ਪੌਸ਼ਟਿਕ ਤੱਤ ਪ੍ਰਬੰਧਨ ਅਪਣਾਉਣ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਨਾਲ ਖਾਦਾਂ ਦੀ ਵਰਤੋਂ ਦੀ ਕਾਰਗੁਜ਼ਾਰੀ ਵਧਾਉਣ ਦੇ ਨਾਲ-ਨਾਲ ਮਿੱਟੀ ਦੀ ਉਪਜਾਊ ਸ਼ਕਤੀ ਅਤੇ ਟਿਕਾਊ ਫ਼ਸਲ ਉਤਪਾਦਨ ਨੂੰ ਬਰਕਰਾਰ ਰੱਖਣ ਵਿੱਚ ਮਦਦ ਮਿਲਦੀ ਹੈ।
ਕੈਂਪ ਦੌਰਾਨ ਡਾ. ਗਰਗ ਨੇ ਕਣਕ ਦੇ ਬੀਜ ਲਈ ਪੀਏਯੂ ਵੱਲੋਂ ਸਿਫ਼ਾਰਸ਼ ਕੀਤੇ ਜੀਵਾਣੂੰ ਖਾਦ ਦੇ ਟੀਕੇ, ਇਸ ਵਿੱਚ ਮੌਜੂਦ ਲਾਭਕਾਰੀ ਜੀਵਾਣੂੰ ਅਤੇ ਫ਼ਸਲ ਲਈ ਇਸ ਦੇ ਫਾਇਦਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਸਾਨਾਂ ਨੂੰ ਕਣਕ ਦੀ ਬਿਜਾਈ ਤੋਂ ਪਹਿਲਾਂ ਬੀਜ ਨੂੰ ਸਿਫ਼ਾਰਸ਼ ਅਨੁਸਾਰ ਜੀਵਾਣੂੰ ਖਾਦ ਨਾਲ ਸੋਧਣ ਲਈ ਪ੍ਰੇਰਿਤ ਕੀਤਾ।
ਕੈਂਪ ਉਪਰੰਤ ਕੁਝ ਕਿਸਾਨਾਂ ਨੂੰ ਜੀਵਾਣੂੰ ਖਾਦ ਦੇ ਟੀਕੇ ਪ੍ਰਦਰਸ਼ਨ ਅਤੇ ਅਪਣਾਉਣ ਲਈ ਵੀ ਦਿੱਤੇ ਗਏ, ਤਾਂ ਜੋ ਉਹ ਇਸ ਤਕਨੀਕ ਨੂੰ ਆਪਣੇ ਖੇਤਾਂ ਵਿੱਚ ਅਪਣਾ ਸਕਣ। ਆਉਣ ਵਾਲੇ ਹਾੜ੍ਹੀ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਕਿਸਾਨਾਂ ਨੂੰ ਪੀਏਯੂ ਵੱਲੋਂ ਸਿਫ਼ਾਰਸ਼ ਕੀਤੀਆਂ ਕਣਕ ਦੀਆਂ ਸੁਧਰੀਆਂ ਕਿਸਮਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਡਾ. ਗਰਗ ਨੇ ਪੀਬੀਡਬਲਯੂ 887 ਦੀਆਂ ਵਿਸ਼ੇਸ਼ਤਾਵਾਂ ਦੱਸਦਿਆਂ ਕਿਹਾ ਕਿ ਇਹ ਕਿਸਮ ਲਗਭਗ 155 ਦਿਨਾਂ ਵਿੱਚ ਪੱਕਦੀ ਹੈ ਅਤੇ ਇਸ ਦੀ ਔਸਤ ਪੈਦਾਵਾਰ ਸਮਰੱਥਾ ਲਗਭਗ 24.60 ਕੁਇੰਟਲ ਪ੍ਰਤੀ ਏਕੜ ਹੈ।
ਇਸ ਤੋਂ ਇਲਾਵਾ ਪੀਬੀਡਬਲਯੂ 872, ਪੀਬੀਡਬਲਯੂ 826, ਪੀਬੀਡਬਲਯੂ ਜ਼ਿੰਕ 2, ਪੀਬੀਡਬਲਯੂ 1 ਚਪਾਤੀ, ਪੀਬੀਡਬਲਯੂ ਆਰਐੱਸ 1 ਅਤੇ ਪੀਬੀਡਬਲਯੂ 1 ਬਿਸਕੁਟ ਵਰਗੀਆਂ ਵਿਸ਼ੇਸ਼ ਗੁਣਾਂ ਵਾਲੀਆਂ ਕਿਸਮਾਂ ਬਾਰੇ ਵੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕੀਤੀ ਗਈ।
ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਦਿਆਂ ਡਾ. ਗਰਗ ਨੇ ਕਿਸਾਨਾਂ ਨੂੰ ਕਣਕ ਦੇ ਨਾਲ-ਨਾਲ ਢੁਕਵੇਂ ਹਾਲਾਤਾਂ ਵਿੱਚ ਦਾਲਾਂ ਅਤੇ ਤੇਲਬੀਜਾਂ ਦੀ ਕਾਸ਼ਤ ਨੂੰ ਤਰਜੀਹ ਦੇਣ ਦੀ ਅਪੀਲ ਕੀਤੀ। ਉਨ੍ਹਾਂ ਘਰੇਲੂ ਅਤੇ ਵਪਾਰਕ ਲੋੜਾਂ ਲਈ ਗੋਭੀ ਸਰ੍ਹੋਂ ਜੀਐੱਸਸੀ 7, ਛੋਲੇ ਪੀਬੀਜੀ 10 ਅਤੇ ਮਟਰ ਪੀਬੀ 90 ਵਰਗੀਆਂ ਫ਼ਸਲਾਂ ਬਾਰੇ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਦਾਲਾਂ ਅਤੇ ਤੇਲਬੀਜਾਂ ਨੂੰ ਫ਼ਸਲੀ ਚੱਕਰ ਵਿੱਚ ਸ਼ਾਮਲ ਕਰਨ ਨਾਲ ਫ਼ਸਲੀ ਵਿਭਿੰਨਤਾ ਨੂੰ ਹੁਲਾਰਾ ਮਿਲਣ ਦੇ ਨਾਲ-ਨਾਲ ਖੁਰਾਕੀ ਅਤੇ ਪੌਸ਼ਟਿਕ ਸੁਰੱਖਿਆ ਨੂੰ ਵੀ ਮਜ਼ਬੂਤੀ ਮਿਲਦੀ ਹੈ।
ਡਾ. ਹਰਪ੍ਰੀਤ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ, ਸੰਗਰੂਰ ਨੇ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ, ਪਰਾਲੀ ਪ੍ਰਬੰਧਨ ਲਈ ਉਪਲਬਧ ਮਸ਼ੀਨਰੀ ਅਤੇ ਸਰ੍ਹੋਂ ਤੇ ਛੋਲਿਆਂ ਦੇ ਬੀਜਾਂ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਵੱਲੋਂ ਸਬਸਿਡੀ ਅਧੀਨ ਉਪਲਬਧ ਸਰ੍ਹੋਂ ਅਤੇ ਛੋਲਿਆਂ ਦਾ ਬੀਜ ਵੀ ਕਿਸਾਨਾਂ ਨੂੰ ਮੁਹੱਈਆ ਕਰਵਾਇਆ ਗਿਆ।
ਕੈਂਪ ਦੌਰਾਨ ਕਿਸਾਨਾਂ ਨੇ ਪਰਾਲੀ ਪ੍ਰਬੰਧਨ, ਖਾਦਾਂ ਦੀ ਚੋਣ ਅਤੇ ਵਰਤੋਂ, ਕਣਕ ਦੀਆਂ ਕਿਸਮਾਂ, ਜੀਵਾਣੂੰ ਖਾਦ ਅਤੇ ਹਾੜ੍ਹੀ ਦੀਆਂ ਫ਼ਸਲਾਂ ਦੀ ਵਿਉਂਤਬੰਦੀ ਸਬੰਧੀ ਵੱਖ-ਵੱਖ ਸਵਾਲ ਪੁੱਛੇ, ਜਿਨ੍ਹਾਂ ਦੇ ਡਾ. ਗਰਗ ਵੱਲੋਂ ਢੁਕਵੇਂ ਅਤੇ ਵਿਗਿਆਨਕ ਜਵਾਬ ਦਿੱਤੇ ਗਏ। ਕਿਸਾਨਾਂ ਨੂੰ ਪੀਏਯੂ ਦੀਆਂ ਸਿਫ਼ਾਰਸ਼ਾਂ ਅਪਣਾਉਣ ਲਈ ਉਤਸ਼ਾਹਿਤ ਕਰਨ ਵਾਸਤੇ ਗੋਭੀ ਸਰ੍ਹੋਂ ਦਾ ਬੀਜ, ਕਣਕ ਲਈ ਜੀਵਾਣੂੰ ਖਾਦ ਅਤੇ ਪੀਏਯੂ ਦਾ ਖੇਤੀਬਾੜੀ ਸਾਹਿਤ ਵੀ ਵੰਡਿਆ ਗਿਆ।
ਇਸ ਪ੍ਰੋਗਰਾਮ ਨੂੰ ਕਰਵਾਉਣ ਵਿੱਚ ਸ਼੍ਰੀ ਹਰਮਿੰਦਰ ਸਿੰਘ, ਖੇਤੀਬਾੜੀ ਉਪ-ਨਿਰੀਖਕ, ਸ਼੍ਰੀ ਗੁਰਕਿਰਪਾਲ ਸਿੰਘ, ਸੈਕਟਰੀ ਕੋਆਪ੍ਰੇਟਿਵ ਸੋਸਾਇਟੀ, ਅਤੇ ਪਿੰਡ ਫਤਿਹਗੜ੍ਹ ਪੰਜਗਰਾਈਆਂ ਦੇ ਹੋਰਨਾਂ ਕਿਸਾਨਾਂ ਨੇ ਵਡਮੁੱਲਾ ਸਹਿਯੋਗ ਦਿੱਤਾ।






