ਛੱਤੀਸਗੜ੍ਹ ਨੂੰ 103 ਦੌੜਾਂ ਨਾਲ ਹਰਾਇਆ, ਰੁਪੇਸ਼ ਯਾਦਵ ਅਤੇ ਮਾਰਕੰਡੇ ਪੰਚਾਲ ਦੇ ਸ਼ਾਨਦਾਰ ਸੈਂਕੜੇ; ਮਾਰਕੰਡੇ ਪੰਚਾਲ ਬਣੇ ‘ਪਲੇਅਰ ਆਫ਼ ਦਿ ਮੈਚ’
ਚੰਡੀਗੜ੍ਹ, 21 ਅਕਤੂਬਰ (ਗੁਰਮੀਤ ਸਿੰਘ ਤੁੰਗ) : ਯੂਟੀ ਕ੍ਰਿਕਟ ਐਸੋਸੀਏਸ਼ਨ, ਚੰਡੀਗੜ੍ਹ ਦੀ ਲੜਕਿਆਂ ਦੀ ਅੰਡਰ-19 ਕ੍ਰਿਕਟ ਟੀਮ ਨੇ ਬੀਸੀਸੀਆਈ ਦੀ ਵਿਨੂ ਮਾਂਕੜ ਟਰਾਫੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਤਿਹਾਸ ਰਚ ਦਿੱਤਾ ਹੈ। ਟੀਮ ਨੇ ਪ੍ਰੀ-ਕੁਆਰਟਰ ਫਾਈਨਲ ਮੁਕਾਬਲੇ ਵਿੱਚ ਛੱਤੀਸਗੜ੍ਹ ਨੂੰ 103 ਦੌੜਾਂ ਦੇ ਵੱਡੇ ਫ਼ਰਕ ਨਾਲ ਹਰਾ ਕੇ ਪਹਿਲੀ ਵਾਰ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਚੰਡੀਗੜ੍ਹ ਦੀ ਇਸ ਜਿੱਤ ਦੇ ਮੁੱਖ ਨਾਇਕ ਰੁਪੇਸ਼ ਯਾਦਵ ਅਤੇ ਮਾਰਕੰਡੇ ਪੰਚਾਲ ਰਹੇ, ਜਿਨ੍ਹਾਂ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਸੈਂਕੜੇ ਜੜੇ। ਮਾਰਕੰਡੇ ਪੰਚਾਲ ਨੂੰ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੋਵਾਂ ਵਿੱਚ ਬਿਹਤਰੀਨ ਪ੍ਰਦਰਸ਼ਨ ਕਰਨ ਲਈ ‘ਪਲੇਅਰ ਆਫ਼ ਦਿ ਮੈਚ’ ਚੁਣਿਆ ਗਿਆ।
ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਚੰਡੀਗੜ੍ਹ ਦੀ ਟੀਮ ਨੇ ਨਿਰਧਾਰਤ 45 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ ’ਤੇ 323 ਦੌੜਾਂ ਦਾ ਵੱਡਾ ਸਕੋਰ ਬਣਾਇਆ। ਰੁਪੇਸ਼ ਯਾਦਵ ਨੇ 118 ਗੇਂਦਾਂ ਵਿੱਚ 115 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਜਦਕਿ ਮਾਰਕੰਡੇ ਪੰਚਾਲ ਨੇ 84 ਗੇਂਦਾਂ ਦਾ ਸਾਹਮਣਾ ਕਰਦਿਆਂ 101 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਗਗਨਪ੍ਰੀਤ ਸਿੰਘ ਨੇ 35, ਪਾਰਥ ਗੁਪਤਾ ਨੇ 25 ਅਤੇ ਦਕਸ਼ ਕਸ਼ਯਪ ਨੇ ਨਾਬਾਦ 18 ਦੌੜਾਂ ਦਾ ਯੋਗਦਾਨ ਪਾਇਆ। ਛੱਤੀਸਗੜ੍ਹ ਵੱਲੋਂ ਸ਼ਿਵਮ ਯਾਦਵ ਨੇ ਤਿੰਨ ਅਤੇ ਚੰਦਰ ਭੂਸ਼ਣ ਸਾਹੂ ਨੇ ਇੱਕ ਵਿਕਟ ਹਾਸਲ ਕੀਤੀ। 324 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਛੱਤੀਸਗੜ੍ਹ ਦੀ ਟੀਮ ਚੰਡੀਗੜ੍ਹ ਦੇ ਗੇਂਦਬਾਜ਼ਾਂ ਸਾਹਮਣੇ ਟਿਕ ਨਹੀਂ ਸਕੀ ਅਤੇ 31.4 ਓਵਰਾਂ ਵਿੱਚ 220 ਦੌੜਾਂ ਬਣਾ ਕੇ ਆਊਟ ਹੋ ਗਈ। ਛੱਤੀਸਗੜ੍ਹ ਵੱਲੋਂ ਫੈਜ਼ ਖਾਨ ਨੇ 63 ਅਤੇ ਅਮੇ ਮੋਰੇ ਨੇ 41 ਦੌੜਾਂ ਬਣਾਈਆਂ। ਚੰਡੀਗੜ੍ਹ ਵੱਲੋਂ ਮਾਰਕੰਡੇ ਪੰਚਾਲ ਨੇ ਤਿੰਨ ਵਿਕਟਾਂ ਲਈਆਂ, ਜਦਕਿ ਗਗਨਪ੍ਰੀਤ ਸਿੰਘ ਅਤੇ ਹਾਰਦਿਕ ਸਚਦੇਵਾ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ। ਸ਼੍ਰੇਸ਼ਠ ਦੁੱਗਲ, ਪਾਰਥ ਗੁਪਤਾ ਅਤੇ ਮੀਤ ਦਹੀਆ ਨੇ ਇੱਕ-ਇੱਕ ਵਿਕਟ ਲੈ ਕੇ ਟੀਮ ਦੀ ਜਿੱਤ ਯਕੀਨੀ ਬਣਾਈ।
ਯੂਟੀ ਕ੍ਰਿਕਟ ਐਸੋਸੀਏਸ਼ਨ, ਚੰਡੀਗੜ੍ਹ ਦੇ ਸੰਸਥਾਪਕ ਪ੍ਰਧਾਨ ਅਤੇ ਬੀਸੀਸੀਆਈ ਦੀ ਮਹਿਲਾ ਪ੍ਰੀਮੀਅਰ ਲੀਗ (WPL) ਗਵਰਨਿੰਗ ਕਮੇਟੀ ਦੇ ਮੈਂਬਰ ਸੰਜੇ ਟੰਡਨ ਨੇ ਇਸ ਇਤਿਹਾਸਕ ਪ੍ਰਾਪਤੀ ’ਤੇ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਮੁੱਖ ਕੋਚ ਵਨੀਤ ਜੈਨ ਅਤੇ ਚੰਡੀਗੜ੍ਹ ਦੇ ਜੂਨੀਅਰ ਚੋਣਕਾਰ ਰਵਿੰਦਰ ਨੈਨ ਤੇ ਯੋਗਿੰਦਰ ਭੰਡਾਰੀ ਨੂੰ ਵੀ ਸ਼ੁਭਕਾਮਨਾਵਾਂ ਦਿੱਤੀਆਂ। ਸੰਜੇ ਟੰਡਨ ਨੇ ਕਿਹਾ ਕਿ ਚੰਡੀਗੜ੍ਹ ਦੀ ਅੰਡਰ-19 ਟੀਮ ਦਾ ਪਹਿਲੀ ਵਾਰ ਵਿਨੂ ਮਾਂਕੜ ਟਰਾਫੀ ਦੇ ਕੁਆਰਟਰ ਫਾਈਨਲ ਵਿੱਚ ਪਹੁੰਚਣਾ ਯੂਟੀ ਕ੍ਰਿਕਟ ਐਸੋਸੀਏਸ਼ਨ ਲਈ ਬੇਹੱਦ ਮਾਣ ਅਤੇ ਖ਼ੁਸ਼ੀ ਦਾ ਪਲ ਹੈ। ਉਨ੍ਹਾਂ ਨੇ ਆਉਣ ਵਾਲੇ ਮੁਕਾਬਲੇ ਲਈ ਖਿਡਾਰੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਅਤੇ ਅਸ਼ੀਰਵਾਦ ਦਿੱਤਾ। ਚੰਡੀਗੜ੍ਹ ਦੀ ਟੀਮ ਹੁਣ 22 ਅਕਤੂਬਰ ਨੂੰ ਇੰਦੌਰ ਵਿੱਚ ਕੁਆਰਟਰ ਫਾਈਨਲ ਮੁਕਾਬਲਾ ਖੇਡੇਗੀ। ਟੀਮ ਦੇ ਮੌਜੂਦਾ ਫਾਰਮ ਅਤੇ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਦੇਖਦਿਆਂ ਸਮਰਥਕਾਂ ਨੂੰ ਅਗਲੇ ਮੈਚ ਵਿੱਚ ਵੀ ਚੰਗੇ ਨਤੀਜੇ ਦੀ ਉਮੀਦ ਹੈ।






