ਪਟਿਆਲਾ, 19 ਅਕਤੂਬਰ, 2026 (ਚੌਧਰੀ ਪ੍ਰਭਜੀਤ ਸਿੰਘ ) : ਪਟਿਆਲਾ ਦੇ ਪ੍ਰਾਚੀਨ ਮਾਤਾ ਸ੍ਰੀ ਕਾਲੀ ਦੇਵੀ ਮੰਦਰ ਵਿਖੇ ਨਰਾਤਿਆਂ ਦੇ ਪਾਵਨ ਮੌਕੇ ’ਤੇ ਇਸ ਵਾਰ ਪਹਿਲੀ ਵਾਰ ਇਤਿਹਾਸਕ ਅੱਠ ਦਿਨਾਂ ਦੀ ਕਰਵਾਈ ਜਾ ਰਹੀ ਮਾਤਾ ਦੀ ਚੌਂਕੀ ਨੇ ਸ਼ਰਧਾਲੂਆਂ ਨੂੰ ਮਾਤਾ ਦੇ ਰੰਗ ‘ਚ ਰੰਗਿਆ ਹੈ। ਇਸ ਚੌਂਕੀ ਦੀ ਸੇਵਾ ਮੰਦਰ ਐਡਵਾਈਜਰੀ ਮੈਨੇਜਮੈਂਟ ਕਮੇਟੀ ਨੇ ਇਹ ਅਹਿਮ ਸੇਵਾ ਪੀਆਰਟੀਸੀ ਦੇ ਚੇਅਰਮੈਨ ਹਰਪਾਲ ਜੁਨੇਜਾ ਨੂੰ ਸੌਂਪੀ ਹੈ, ਜਿਸ ਨੂੰ ਉਹ ਪੂਰੀ ਸ਼ਰਧਾ ਅਤੇ ਸਮਰਪਣ ਭਾਵਨਾ ਨਾਲ ਨਿਭਾ ਰਹੇ ਹਨ।
ਮਾਤਾ ਦੀ ਚੌਂਕੀ ਦੌਰਾਨ ਬਹਾਵਲਪੁਰ ਮਹਾਂਸੰਘ ਦੇ ਪ੍ਰਧਾਨ ਸ੍ਰੀ ਰਾਮਚੰਦ ਰਾਮਾ ਨੇ ਜੋਤੀ ਪ੍ਰਚੰਡ ਕਰਕੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਬਹਾਵਲਪੁਰ ਮਹਾਂਸੰਘ ਦੇ ਸਮੂਹ ਅਹੁਦੇਦਾਰਾਂ ਨੇ ਵੀ ਸ਼ਮੂਲੀਅਤ ਕੀਤੀ। ਅੱਠ ਦਿਨਾਂ ਦੀ ਇਸ ਪਾਵਨ ਚੌਂਕੀ ਦੌਰਾਨ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਆਗੂ ਹਰ ਰੋਜ਼ ਪਹੁੰਚ ਕੇ ਜੋਤੀ ਪ੍ਰਚੰਡ ਕਰ ਰਹੇ ਹਨ ਅਤੇ ਮਾਤਾ ਰਾਣੀ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰ ਰਹੇ ਹਨ।
ਹਰਪਾਲ ਜੁਨੇਜਾ ਨੇ ਕਿਹਾ ਕਿ ਪ੍ਰਾਚੀਨ ਮਾਤਾ ਸ੍ਰੀ ਕਾਲੀ ਦੇਵੀ ਮੰਦਰ ਵਿਖੇ ਹੋ ਰਿਹਾ ਨਵੀਨੀਕਰਨ ਅਤੇ ਸੁੰਦਰੀਕਰਨ ਸ਼ਰਧਾਲੂਆਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਮੰਦਰ ਦੇ ਵਿਕਾਸ ਕਾਰਜਾਂ ’ਤੇ ਵੱਡੇ ਪੱਧਰ ’ਤੇ ਖਰਚ ਕੀਤਾ ਜਾ ਰਿਹਾ ਹੈ ਅਤੇ ਨਵੀਂ ਦਿੱਖ ਨਾਲ ਮੰਦਰ ਦੀ ਸ਼ਾਨ ਹੋਰ ਵਧ ਰਹੀ ਹੈ। ਨਰਾਤਿਆਂ ਦੌਰਾਨ ਪਹਿਲੀ ਵਾਰ ਅੱਠ ਦਿਨਾਂ ਦੀ ਚੌਂਕੀ ਲੱਗਣ ਕਾਰਨ ਸਨਾਤਨ ਧਰਮ ਨਾਲ ਜੁੜੇ ਸ਼ਰਧਾਲੂਆਂ ਵਿੱਚ ਵਿਸ਼ੇਸ਼ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਹਰਪਾਲ ਜੁਨੇਜਾ ਨੇ ਦੱਸਿਆ ਕਿ ਇਸ ਵਾਰ ਸ਼ਹਿਰ ਦੇ ਨਾਲ-ਨਾਲ ਆਸ-ਪਾਸ ਦੇ ਪਿੰਡਾਂ ਤੋਂ ਵੀ ਵੱਡੀ ਗਿਣਤੀ ਵਿੱਚ ਸੰਗਤ ਮਾਤਾ ਰਾਣੀ ਦੇ ਦਰਸ਼ਨਾਂ ਲਈ ਪਹੁੰਚ ਰਹੀ ਹੈ। ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਪ੍ਰਾਚੀਨ ਮਾਤਾ ਸ੍ਰੀ ਕਾਲੀ ਦੇਵੀ ਮੰਦਰ ਵਿਖੇ ਮੱਥਾ ਟੇਕ ਕੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕਰ ਰਹੇ ਹਨ।
ਇਸ ਦੌਰਾਨ ਨਵੇਂ ਲੰਗਰ ਭਵਨ ਵਿੱਚ ਸੰਗਤ ਲਈ ਸੁਚੱਜੇ ਪ੍ਰਬੰਧ ਵੀ ਸ਼ਰਧਾਲੂਆਂ ਨੂੰ ਸੁਵਿਧਾ ਪ੍ਰਦਾਨ ਕਰ ਰਹੇ ਹਨ। ਮੰਦਰ ਵਿਖੇ ਨਵੇਂ ਬਣੇ ਲੰਗਰ ਭਵਨ ਵਿੱਚ ਵੀ ਸੰਗਤ ਦੀ ਸਹੂਲਤ ਲਈ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਹਨ। ਇੱਥੇ ਇੱਕ ਸਮੇਂ ਵਿੱਚ ਲਗਭਗ 1,000 ਤੋਂ 1,500 ਸ਼ਰਧਾਲੂ ਬੈਠ ਕੇ ਲੰਗਰ ਛਕ ਸਕਦੇ ਹਨ। ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਲੰਗਰ ਦਾ ਪ੍ਰਸ਼ਾਦਾ ਛਕ ਰਹੀ ਹੈ। ਸ਼ਰਧਾਲੂ ਜਿੱਥੇ ਮਾਤਾ ਰਾਣੀ ਦੇ ਦਰਸ਼ਨ ਕਰਕੇ ਨਿਹਾਲ ਹੋ ਰਹੇ ਹਨ, ਉੱਥੇ ਹੀ ਮੰਦਰ ਦੇ ਨਵੀਨੀਕਰਨ ਅਤੇ ਲੰਗਰ ਭਵਨ ਵਿੱਚ ਕੀਤੇ ਗਏ ਪ੍ਰਬੰਧਾਂ ਦੀ ਵੀ ਭਰਪੂਰ ਸ਼ਲਾਘਾ ਕਰ ਰਹੇ ਹਨ। ਹਰਪਾਲ ਜੁਨੇਜਾ ਨੇ ਕਿਹਾ ਕਿ ਮਾਤਾ ਰਾਣੀ ਦੀ ਕਿਰਪਾ ਸਦਕਾ ਇਸ ਪਾਵਨ ਸਮਾਗਮ ਵਿੱਚ ਸੰਗਤਾਂ ਦਾ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਧਾਰਮਿਕ ਸੰਸਥਾਵਾਂ ਦੇ ਆਗੂਆਂ ਅਤੇ ਸੇਵਾਦਾਰਾਂ ਵੱਲੋਂ ਮਿਲ ਰਹੇ ਸਹਿਯੋਗ ਨਾਲ ਇਹ ਸੇਵਾ ਹੋਰ ਵੀ ਸੁਚੱਜੇ ਢੰਗ ਨਾਲ ਨਿਭਾਈ ਜਾ ਰਹੀ ਹੈ। ਉਨ੍ਹਾਂ ਮਾਤਾ ਰਾਣੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਮਾਤਾ ਰਾਣੀ ਸਾਰਿਆਂ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰੇ, ਹਰ ਪਰਿਵਾਰ ਵਿੱਚ ਸੁੱਖ-ਸ਼ਾਂਤੀ, ਤੰਦਰੁਸਤੀ ਅਤੇ ਖੁਸ਼ਹਾਲੀ ਬਖ਼ਸ਼ੇ ਅਤੇ ਸਮੁੱਚੀ ਲੋਕਾਈ ’ਤੇ ਆਪਣਾ ਮਿਹਰ ਭਰਿਆ ਹੱਥ ਬਣਾਈ ਰੱਖੇ।






