ਹਰਿਆਣਾ 2 ਅਕਤੂਬਰ (ਸ਼ਹੀਦ—ਏ—ਆਜ਼ਮ ਬਿਓਰੋ): ਹਰਿਆਣਾ ਦੇ ਫ਼ਰੀਦਾਬਾਦ ਵਿੱਚ ਇੱਕ ਵਿਅਕਤੀ ਨੇ ਆਪਣੀਆਂ ਤਿੰਨ ਧੀਆਂ ਸਮੇਤ ਫ਼ਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜਦੋਂ ਪਿੰਡ ਵਾਸੀ ਸਵੇਰੇ ਸ਼ੈੱਡ ‘ਤੇ ਪਹੁੰਚੇ, ਉਨ੍ਹਾਂ ਸਾਰਿਆਂ ਦੀਆਂ ਲਾਸ਼ਾਂ ਇੱਕ ਪਸ਼ੂਆਂ ਦੇ ਵਾੜੇ ਵਿੱਚ ਲਟਕਦੀਆਂ ਮਿਲਿਆਂ। ਜਦੋਂ ਚਾਰਾਂ ਨੂੰ ਹੇਠਾਂ ਉਤਾਰਿਆਂ ਤਾਂ ਉਨ੍ਹਾਂ ਵਿਚੋਂ 2 ਦੇ ਸਾਹ ਚੱਲ ਰਹੇ ਸਨ ਅਤੇ 2 ਜਣਿਆਂ ਇਕ ਕੁੜੀ ਤੇ ਆਦਮੀ ਦੀ ਮੌਤ ਹੋ ਚੁੱਕੀ ਸੀ। ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ।
ਸੂਚਨਾ ਮਿਲਣ ‘ਤੇ ਪੁਲਿਸ ਪਹੁੰਚੀ, ਸਾਰਿਆਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ 2 ਕੁੜੀਆਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਤੇ ਬਾਕੀ 2 ਦੀਆਂ ਲਾਸ਼ਾਂ ਪੋਸਟ ਮਾਰਟਮ ਲਈ ਭੇਜ ਦਿੱਤੀਆਂ ਗਈਆਂ।
ਪੁਲਿਸ ਜਾਂਚ ਤੋਂ ਪਤਾ ਲੱਗਾ ਹੈ ਕਿ ਵਿਅਕਤੀ ਨੇ ਆਪਣੀ ਮੌਤ ਤੋਂ ਪਹਿਲਾਂ ਇੱਕ ਵੀਡੀਓ ਬਣਾਇਆ ਸੀ, ਜਿਸ ਵਿੱਚ ਉਸਨੇ ਆਪਣੀ ਮੌਤ ਲਈ ਆਪਣੀ ਪਤਨੀ ਅਤੇ ਸਹੁਰਿਆਂ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਪੁਲਿਸ ਵੀਡੀਓ ਦੀ ਜਾਂਚ ਕਰ ਰਹੀ ਹੈ ਅਤੇ ਮ੍ਰਿਤਕ ਦੀ ਪਤਨੀ ਅਤੇ ਹੋਰ ਪਰਿਵਾਰਕ ਮੈਂਬਰਾਂ ਤੋਂ ਜਾਣਕਾਰੀ ਇਕੱਠੀ ਕਰ ਰਹੀ ਹੈ।
ਮ੍ਰਿਤਕ ਪਰਿਵਾਰ ਪਿੰਡ ਨੇਕਪੁਰ ਦਾ ਰਹਿਣ ਵਾਲਾ ਸੀ। ਮ੍ਰਿਤਕਾਂ ਵਿੱਚ ਪਿਤਾ ਕਰਮਵੀਰ (32) ਅਤੇ ਵੱਡੀ ਧੀ ਛਬੀ (12) ਸ਼ਾਮਲ ਹਨ, ਜਦੋਂ ਕਿ ਨੀਸ਼ੂ (8) ਅਤੇ ਸ੍ਰਿਸ਼ਟੀ (6) ਦਾ ਇਲਾਜ ਚੱਲ ਰਿਹਾ ਹੈ। ਮ੍ਰਿਤਕ ਵੱਲੋਂ ਬਣਾਈ ਗਈ ਵੀਡੀਓ ਤੋਂ ਪਤਾ ਚੱਲਦਾ ਹੈ ਕਿ ਤਕਰੀਬਨ ਸਵੇਰੇ 4.30 ਜਾਂ 5.00 ਵਜੇ ਦੇ ਕਰੀਬ ਮ੍ਰਿਤਕ ਕਰਮਵੀਰ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਪਹਿਲਾਂ ਆਪਣੀਆਂ ਧੀਆਂ ਨੂੰ ਫਾਹਾ ਦਿੱਤਾ ਤੇ ਮਗਰੋਂ ਆਪ ਵੀ ਫਾਂਸੀ ਦਾ ਫੰਦੇ ਨਾਲ ਲਟਕ ਗਿਆ। ਪੁਲਿਸ ਨੇ ਵੀਡੀਓ ਦੇ ਆਧਾਰ ਤੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।







