ਲੰਡਨ, 17 ਅਕਤੂਬਰ, 2026 (ਚੌਧਰੀ ਪ੍ਰਭਜੀਤ ਸਿੰਘ): ਯੂਨਾਈਟਿਡ ਕਿੰਗਡਮ ਦੇ ਵੈਸਟ ਮਿਡਲੈਂਡਜ਼ ਖੇਤਰ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਕਥਿਤ ਤੌਰ ’ਤੇ ਨਸਲੀ ਟਿੱਪਣੀਆਂ ਅਤੇ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮੈਰੀਡਨ ਪਾਰਕ ਵਿੱਚ ਆਪਣੇ ਆਪ ਨੂੰ ‘ਚੈਲਮਸਲੇ ਵੁੱਡ ਪੈਟਰੀਅਟਸ’ ਕਹਿਣ ਵਾਲੇ ਇੱਕ ਗਰੁੱਪ ਦੇ ਮੈਂਬਰਾਂ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਘੇਰਨ ਅਤੇ ਉਨ੍ਹਾਂ ਨੂੰ ‘ਆਪਣੇ ਦੇਸ਼ ਵਾਪਸ ਜਾਓ’ ਕਹਿਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਵਾਇਰਲ ਵੀਡੀਓ ਵਿੱਚ ਗਰੁੱਪ ਦੇ ਮੈਂਬਰ ਵਿਦਿਆਰਥੀਆਂ ਤੋਂ ਇੰਗਲੈਂਡ ਆਉਣ ਦਾ ਕਾਰਨ ਪੁੱਛਦੇ ਦਿਖਾਈ ਦਿੰਦੇ ਹਨ। ਇੱਕ ਵਿਦਿਆਰਥੀ ਨੇ ਦੱਸਿਆ ਕਿ ਉਹ ਮਾਸਟਰਜ਼ ਦੀ ਪੜ੍ਹਾਈ ਕਰਨ ਲਈ ਯੂਕੇ ਆਇਆ ਸੀ ਅਤੇ ਪਿਛਲੇ ਦੋ ਸਾਲਾਂ ਤੋਂ ਉੱਥੇ ਰਹਿ ਰਿਹਾ ਹੈ। ਇਸ ਦੇ ਬਾਵਜੂਦ, ਗਰੁੱਪ ਦੇ ਇੱਕ ਮੈਂਬਰ ਨੇ ਕਥਿਤ ਤੌਰ ’ਤੇ ਉਨ੍ਹਾਂ ਨੂੰ ਬੱਚਿਆਂ ਦੇ ਪਾਰਕ ਤੋਂ ਦੂਰ ਰਹਿਣ ਅਤੇ ਮੁੜ ਉੱਥੇ ਨਾ ਆਉਣ ਦੀ ਚੇਤਾਵਨੀ ਦਿੱਤੀ।
ਔਰਤਾਂ ਅਤੇ ਬੱਚਿਆਂ ਦੀ ਸੁਰੱਖਿਆ ਦਾ ਦਿੱਤਾ ਹਵਾਲਾ
ਗਰੁੱਪ ਨੇ ਆਪਣੇ ਫੇਸਬੁੱਕ ਪੇਜ ’ਤੇ ਦਾਅਵਾ ਕੀਤਾ ਕਿ ਉਸ ਦੇ ਮੈਂਬਰ ਔਰਤਾਂ ਅਤੇ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਰਾਤ ਸਮੇਂ ਗਸ਼ਤ ਕਰ ਰਹੇ ਸਨ। ਹਾਲਾਂਕਿ, ਇਸ ਘਟਨਾ ਤੋਂ ਬਾਅਦ ਸਥਾਨਕ ਰਾਜਨੀਤਕ ਨੁਮਾਇੰਦਿਆਂ ਅਤੇ ਨਸਲਵਾਦ ਵਿਰੋਧੀ ਕਾਰਕੁਨਾਂ ਨੇ ਵਿਦਿਆਰਥੀਆਂ ਨਾਲ ਕੀਤੇ ਗਏ ਕਥਿਤ ਵਿਹਾਰ ਦੀ ਨਿਖੇਧੀ ਕੀਤੀ ਹੈ। ਸਾਬਕਾ ਕੌਂਸਲਰ ਅਤੇ ਸਮਾਜਿਕ ਕਾਰਕੁਨ ਸ਼ੇਸ਼ ਸ਼ੇਸ਼ਭੱਤਰ ਨੇ ਕਿਹਾ ਕਿ ਵਿਦਿਆਰਥੀਆਂ ਨੇ ਕੋਈ ਗਲਤ ਕੰਮ ਨਹੀਂ ਕੀਤਾ ਸੀ ਅਤੇ ਉਨ੍ਹਾਂ ਨੂੰ ਕਥਿਤ ਤੌਰ ’ਤੇ ਉਨ੍ਹਾਂ ਦੀ ਚਮੜੀ ਦੇ ਰੰਗ ਕਾਰਨ ਨਿਸ਼ਾਨਾ ਬਣਾਇਆ ਗਿਆ।
ਪੁਲਿਸ ਨੇ ਗਰੁੱਪਾਂ ਦੀਆਂ ਗਤੀਵਿਧੀਆਂ ਬਾਰੇ ਦਿੱਤੀ ਸਪੱਸ਼ਟਤਾ
ਵੈਸਟ ਮਿਡਲੈਂਡਜ਼ ਪੁਲਿਸ ਅਤੇ ਸੋਲੀਹੁਲ ਪੁਲਿਸ ਨੇ ਸਪੱਸ਼ਟ ਕੀਤਾ ਕਿ ਕਿਸੇ ਵਿਅਕਤੀ ਨੂੰ ਰੋਕਣ ਜਾਂ ਉਸ ਦੀ ਤਲਾਸ਼ੀ ਲੈਣ ਦੇ ਅਧਿਕਾਰ ਪੁਲਿਸ ਅਧਿਕਾਰੀਆਂ ਕੋਲ ਹੁੰਦੇ ਹਨ। ਪੁਲਿਸ ਇੰਸਪੈਕਟਰ ਜੈਨੀ ਵਿਲੇਟਸ ਨੇ ਕਿਹਾ ਕਿ ਪੁਲਿਸ ਅਜਿਹੇ ਗਰੁੱਪਾਂ ਦੀਆਂ ਗਤੀਵਿਧੀਆਂ ਦਾ ਸਮਰਥਨ ਨਹੀਂ ਕਰਦੀ ਅਤੇ ਸ਼ਿਕਾਇਤ ਮਿਲਣ ’ਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸ ਘਟਨਾ ਨੇ ਯੂਕੇ ਵਿੱਚ ਰਹਿ ਰਹੇ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ, ਨਸਲੀ ਵਿਤਕਰੇ ਅਤੇ ਜਨਤਕ ਥਾਵਾਂ ’ਤੇ ਲੋਕਾਂ ਦੇ ਅਧਿਕਾਰਾਂ ਬਾਰੇ ਚਰਚਾ ਛੇੜ ਦਿੱਤੀ ਹੈ। ਮਾਮਲੇ ਸਬੰਧੀ ਪੁਲਿਸ ਦੀ ਅਗਲੀ ਕਾਰਵਾਈ ਅਤੇ ਜਾਂਚ ਦੇ ਵੇਰਵਿਆਂ ਦੀ ਉਡੀਕ ਹੈ।






