ਮਾਸਕੋ, 16 ਅਕਤੂਬਰ, 2026 (ਛੱਤਰਪਾਲ ਸਿੰਘ): ਰੂਸ ਦੇ ਕਾਮਚਟਕਾ ਖੇਤਰ ਵਿੱਚ 6.9 ਤੀਬਰਤਾ ਦਾ ਭੂਚਾਲ ਆਉਣ ਨਾਲ ਇਲਾਕੇ ਵਿੱਚ ਹਲਚਲ ਮਚ ਗਈ। ਅਮਰੀਕੀ ਭੂ-ਵਿਗਿਆਨਕ ਸਰਵੇਖਣ (USGS) ਮੁਤਾਬਕ ਭੂਚਾਲ ਦਾ ਕੇਂਦਰ ਓਜ਼ਰਨੋਵਸਕੀ ਤੋਂ ਲਗਭਗ 76 ਕਿਲੋਮੀਟਰ ਉੱਤਰ-ਪੂਰਬ ਵੱਲ ਸੀ ਅਤੇ ਇਸ ਦੀ ਡੂੰਘਾਈ ਕਰੀਬ 143.2 ਕਿਲੋਮੀਟਰ ਦਰਜ ਕੀਤੀ ਗਈ। ਰੂਸੀ ਵਿਗਿਆਨੀਆਂ ਦੇ ਹਵਾਲੇ ਨਾਲ ਆਈਆਂ ਰਿਪੋਰਟਾਂ ਅਨੁਸਾਰ, ਕਾਮਚਟਕਾ ਖੇਤਰ ਦੇ ਪੈਟਰੋਪਾਵਲੋਵਸਕ-ਕਾਮਚਾਤਸਕੀ ਸ਼ਹਿਰ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਸ਼ੁਰੂਆਤੀ ਅਨੁਮਾਨ ਵਿੱਚ ਭੂਚਾਲ ਦੀ ਤੀਬਰਤਾ 6.5 ਦੱਸੀ ਗਈ ਸੀ, ਜਿਸ ਨੂੰ ਬਾਅਦ ਵਿੱਚ ਸੋਧ ਕੇ 6.9 ਕਰ ਦਿੱਤਾ ਗਿਆ।
ਲਗਭਗ ਇੱਕ ਮਿੰਟ ਤੱਕ ਮਹਿਸੂਸ ਹੋਏ ਝਟਕੇ
ਰਿਪੋਰਟਾਂ ਮੁਤਾਬਕ ਭੂਚਾਲ ਦੇ ਝਟਕੇ ਮਹਿਸੂਸ ਹੋਣ ’ਤੇ ਕਈ ਲੋਕ ਆਪਣੇ ਅਪਾਰਟਮੈਂਟਾਂ ਤੋਂ ਬਾਹਰ ਆ ਗਏ। ਇਮਾਰਤਾਂ ਦੇ ਅੰਦਰ ਲਾਈਟਾਂ ਹਿੱਲਣ, ਦਰਵਾਜ਼ੇ ਹਿਲਣ ਅਤੇ ਭਾਂਡਿਆਂ ਦੇ ਖੜਕਣ ਵਰਗੀਆਂ ਘਟਨਾਵਾਂ ਸਾਹਮਣੇ ਆਈਆਂ। ਚਸ਼ਮਦੀਦਾਂ ਅਨੁਸਾਰ, ਸਥਾਨਕ ਸਮੇਂ ਮੁਤਾਬਕ ਦੁਪਹਿਰ 3:36 ਵਜੇ ਆਏ ਝਟਕੇ ਲਗਭਗ ਇੱਕ ਮਿੰਟ ਤੱਕ ਮਹਿਸੂਸ ਕੀਤੇ ਗਏ। ਵਿਗਿਆਨੀਆਂ ਦੇ ਹਵਾਲੇ ਨਾਲ ਦਿੱਤੀ ਗਈ ਜਾਣਕਾਰੀ ਅਨੁਸਾਰ, ਭੂਚਾਲ ਦਾ ਕੇਂਦਰ ਪੈਟਰੋਪਾਵਲੋਵਸਕ-ਕਾਮਚਾਤਸਕੀ ਤੋਂ ਲਗਭਗ 156 ਕਿਲੋਮੀਟਰ ਦੱਖਣ-ਪੱਛਮ ਵੱਲ ਅਤੇ ਕਰੀਬ 138 ਕਿਲੋਮੀਟਰ ਦੀ ਡੂੰਘਾਈ ’ਤੇ ਵੀ ਦਰਸਾਇਆ ਗਿਆ ਹੈ। ਵੱਖ-ਵੱਖ ਰਿਪੋਰਟਾਂ ਵਿੱਚ ਕੇਂਦਰ ਦੀ ਸਥਿਤੀ ਅਤੇ ਡੂੰਘਾਈ ਦੇ ਅੰਕੜਿਆਂ ਵਿੱਚ ਫ਼ਰਕ ਹੈ। ਫਿਲਹਾਲ ਇਸ ਘਟਨਾ ਵਿੱਚ ਜਾਨੀ ਜਾਂ ਮਾਲੀ ਨੁਕਸਾਨ ਬਾਰੇ ਕੋਈ ਪੁਸ਼ਟੀ ਕੀਤੀ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਗਈ।






