Homeਪਟਿਆਲਾ ਅਪਡੇਟਆਪਣੀ ਆਮਦਨ ਵਧਾਉਣ ਲਈ ਕਿਸਾਨ ਖੇਤੀ ਮਾਹਿਰਾਂ ਦੀ ਰਾਏ ਅਨੁਸਾਰ ਫਸਲੀ ਵਿਭਿੰਨਤਾ...

ਆਪਣੀ ਆਮਦਨ ਵਧਾਉਣ ਲਈ ਕਿਸਾਨ ਖੇਤੀ ਮਾਹਿਰਾਂ ਦੀ ਰਾਏ ਅਨੁਸਾਰ ਫਸਲੀ ਵਿਭਿੰਨਤਾ ਤੇ ਸਹਾਇਕ ਧੰਦੇ ਅਪਣਾਉਣ- ਚੇਤਨ ਸਿੰਘ ਜੌੜਾਮਾਜਰਾ

Chetan Singh Jouramajra Urges Farmers to Adopt Crop Diversification and Allied Occupations to Boost Income

ਡਕਾਲਾ, ਭੁਨਰਹੇੜੀ, ਪਟਿਆਲਾ, 9 ਅਕਤੂਬਰ, 2026 (ਚੌਧਰੀ ਪ੍ਰਭਜੀਤ ਸਿੰਘ) : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪਟਿਆਲਾ ਨੇ ਕੇ.ਐਸ. ਫਾਰਮ ਹਾਊਸ, ਡਕਾਲਾ ਵਿਖੇ ਹਾੜੀ ਦੀਆਂ ਫਸਲਾਂ ਸਬੰਧੀ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ। ਇਸ ਦੌਰਾਨ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ 30 ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਕੈਂਪ ਦਾ ਉਦਘਾਟਨ ਕਰਦੇ ਹੋਏ ਕਿਸਾਨਾਂ ਨੂੰ ਆਪਣੀ ਖੇਤੀ ਆਮਦਨ ਵਧਾਉਣ ਲਈ ਸਲਾਹ ਦਿੱਤੀ ਕਿ ਉਹ ਖੇਤੀਬਾੜੀ ਮਾਹਿਰਾਂ ਦੀ ਰਾਏ ਅਨੁਸਾਰ ਫ਼ਸਲਾਂ ਦੀ ਦੇਖ-ਰੇਖ ਕਰਨ, ਸਹਾਇਕ ਧੰਦੇ ਅਪਣਾਉਣ ਅਤੇ ਫਸਲੀ ਵਿਭਿੰਨਤਾ ਹੇਠ ਰਕਬਾ ਵਧਾਉਣ। ਵਿਧਾਇਕ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਵੀ ਪ੍ਰੇਰਿਤ ਕੀਤਾ।
ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਡਾ. ਗੁਰਜੀਤ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਪਟਿਆਲਾ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਦਾਰਾ ਸਿੰਘ ਦੀ ਅਗਵਾਈ ਹੇਠ ਲੱਗੇ ਇਸ ਕਿਸਾਨ ਮੇਲੇ ਵਿੱਚ ਕਿਸਾਨਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਇਸ ਕੈਂਪ ਦੇ ਤਕਨੀਕੀ ਸੈਸ਼ਨ ਦੀ ਅਗਵਾਈ ਕਰਦੇ ਹੋਏ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਦਮਨਜੀਤ ਸਿੰਘ ਮਾਨ ਨੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਆਉਣ ਵਾਲੇ ਸਾਲਾਂ ਵਿਚ ਵੀ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਸਹਿਯੋਗ ਦੇਣ ਲਈ ਅਪੀਲ ਕੀਤੀ। ਏਡੀਸੀ ਮਾਨ ਨੇ ਦੱਸਿਆ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਜ਼ਿਲ੍ਹੇ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਲਗਾਤਾਰ ਘਟ ਰਹੀਆਂ ਹਨ ਅਤੇ ਆਉਣ ਵਾਲੇ ਸਾਲਾਂ ਵਿਚ ਵੱਧ ਤੋਂ ਵੱਧ ਪਰਾਲੀ ਪ੍ਰਬੰਧਨ ਸਬੰਧੀ ਖੇਤੀ ਮਸ਼ੀਨਰੀ ਕੋਆਪ੍ਰੇਟਿਵ ਸੋਸਾਇਟੀਆਂ, ਗਰੁੱਪਾਂ, ਐਫ.ਪੀ.ਓ. ਅਤੇ ਵਿਅਕਤੀਗਤ ਕਿਸਾਨਾਂ ਰਾਹੀਂ ਉਪਲੱਭਧ ਕਰਵਾਉਣ ਲਈ ਹੋਰ ਵਧੀਆ ਉਪਰਾਲੇ ਖੇਤੀਬਾੜੀ ਵਿਭਾਗ ਵੱਲੋਂ ਕੀਤੇ ਜਾਣਗੇ।
ਮੁੱਖ ਖੇਤੀਬਾੜੀ ਅਫ਼ਸਰ ਡਾ. ਦਾਰਾ ਸਿੰਘ ਨੇ ਸਮੂਹ ਕਿਸਾਨਾਂ ਨੂੰ ਫਾਰਮਰ ਆਈ.ਡੀ. ਬਣਾਉਣ, ਖੇਤੀਬਾੜੀ ਇਨਪੁਟਸ ਦੇ ਡੀਲਰਾਂ ਤੋਂ ਬਿੱਲ ਲੈਣ ਅਤੇ ਪਾਣੀ ਦੀ ਬੱਚਤ ਸਬੰਧੀ ਕਦਮ ਚੁੱਕਣ ਲਈ ਪ੍ਰੇਰਿਤ ਕੀਤਾ। ਇਸ ਕੈਂਪ ਦੇ ਵਿਸ਼ੇਸ਼ ਮਹਿਮਾਨ ਸੰਯੁਕਤ ਡਾਇਰੈਕਟਰ ਖੇਤੀਬਾੜੀ (ਘਣੀ ਖੇਤੀ) ਡਾ. ਜੰਗੀਰ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਵਿਭਾਗ ਵੱਲੋਂ ਪਿੰਡ ਪੱਧਰੀ, ਬਲਾਕ ਪੱਧਰੀ ਅਤੇ ਜਿਲ੍ਹਾ ਪੱਧਰੀ ਕੈਂਪਾਂ ਵਿਚ ਭਾਗ ਲੈ ਕੇ ਨਵੀਨਤਮ ਖੇਤੀ ਸਬੰਧੀ ਜਾਣਕਾਰੀ ਪ੍ਰਾਪਤ ਕਰਨ ਅਤੇ ਉਹਨਾਂ ਨੇ ਖੇਤੀਬਾੜੀ ਵਿਭਾਗ ਦੀਆਂ ਵੱਖ-ਵੱਖ ਸਕੀਮਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਹਾਜਰ ਕਿਸਾਨਾਂ ਨਾਲ ਸਾਂਝੀ ਕੀਤੀ। ਇਸ ਕੈਂਪ ਵਿੱਚ ਖੇਤੀਬਾੜੀ, ਪਸ਼ੂ ਪਾਲਣ, ਡੇਅਰੀ, ਮੱਛੀ ਪਾਲਣ, ਬਾਗਬਾਨੀ ਅਤੇ ਭੂਮੀ ਅਤੇ ਜਲ ਸੰਭਾਲ ਵਿਭਾਗ ਸਮੇਤ ਪ੍ਰਾਈਵੇਟ ਕੰਪਨੀਆਂ ਅਤੇ ਅਗਾਂਹਵਧੂ ਕਿਸਾਨਾਂ ਨੇ ਆਪਣੇ ਕੰਮ ਨਾਲ ਸਬੰਧਿਤ ਪ੍ਰਦਰਸ਼ਨੀ ਲਗਾਈ ਜਿਸ ਦਾ ਹਾਜਰ ਕਿਸਾਨਾਂ ਨੇ ਲਾਹਾ ਲਿਆ। ਕੈਂਪ ਦੌਰਾਨ ਕਿਸਾਨਾਂ ਨੂੰ ਹਾੜੀ ਦੀਆਂ ਫਸਲਾਂ, ਫਸਲੀ ਵਿਭਿੰਨਤਾ, ਫ਼ਸਲਾਂ ਦੀ ਰਹਿੰਦ ਖੂੰਹਦ ਦੀ ਸੁੱਚਜੀ ਵਰਤੋ ਕਰਨ ਸਬੰਧੀ ਕੇਵੀਕੇ ਰੌਣੀ ਅਤੇ ਫਾਰਮਰ ਸਲਾਹਕਾਰ ਕੇਂਦਰ ਦੇ ਸਾਇੰਸਦਾਨ ਡਿਪਟੀ ਡਾਇਰੈਕਟਰ ਡਾ. ਹਰਦੀਪ ਸਿੰਘ ਸਭੀਖੀ, ਡਾ. ਰਜਨੀ ਗੋਇਲ, ਡਾ. ਗੁਰਪ੍ਰੀਤ ਸਿੰਘ ਅਤੇ ਡਾ. ਗੁਰਪ੍ਰੀਤ ਕੌਰ ਨੇ ਤਕਨੀਕੀ ਜਾਣਕਾਰੀ ਦਿੱਤੀ। ਇਸ ਕੈਂਪ ਵਿਚ ਲਗਭਗ 1000 ਕਿਸਾਨਾਂ ਵੱਲੋਂ ਭਾਗ ਲਿਆ ਤੇ ਬਲਾਕ ਖੇਤੀਬਾੜੀ ਅਫ਼ਸਰ ਭੁਨਰਹੇੜੀ ਡਾ. ਮਨਦੀਪ ਸਿੰਘ ਅਤੇ ਸਮੂਹ ਸਟਾਫ ਨੇ ਹਾਜਰ ਕਿਸਾਨਾਂ, ਖੇਤੀਬਾੜੀ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ-ਕਰਮਚਾਰੀਆਂ ਦਾ ਧੰਨਵਾਦ ਕੀਤਾ।
RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments