HomeLifestyleਪਲੈਨ ਬੀ: ਆਸਰਾ-ਏ ਕਾਮਯਾਬੀ ਯਾ ਤਬਾਹੋ ਬਰਬਾਦੀ.

ਪਲੈਨ ਬੀ: ਆਸਰਾ-ਏ ਕਾਮਯਾਬੀ ਯਾ ਤਬਾਹੋ ਬਰਬਾਦੀ.

Plan B can open new doors to success or lead to unexpected setbacks, depending on the choices we make.

ਅਸੀਂ ਜ਼ਿੰਦਗੀ ਵਿੱਚ ਅਨੇਕਾਂ ਯੋਜਨਾਵਾਂ ਬਣਾਉਂਦੇ ਹਾਂ । ਕਰੀਅਰ ਦੀ, ਕਾਰੋਬਾਰ ਦੀ, ਪੜ੍ਹਾਈ ਦੀ, ਰਿਸ਼ਤਿਆਂ ਦੀ ਅਤੇ ਆਪਣੇ ਭਵਿੱਖ ਦੀ। ਪਰ ਇਨ੍ਹਾਂ ਯੋਜਨਾਵਾਂ ਦੇ ਨਾਲ ਇੱਕ ਹੋਰ ਸ਼ਬਦ ਅਕਸਰ ਸਾਡੇ ਨਾਲ ਚੱਲਦਾ ਹੈ“ਪਲੈਨ ਬੀ”। ਕੀ ਪਲੈਨ ਬੀ ਸਾਡੀ ਸਿਆਣਪ ਹੈ ਜਾਂ ਕਈ ਵਾਰ ਸਾਡੇ ਪਲੈਨ ਏ ਦੀ ਸਭ ਤੋਂ ਵੱਡੀ ਕਮਜ਼ੋਰੀ?

ਪਲੈਨ ਬੀ ਆਪਣੇ ਆਪ ਵਿੱਚ ਕੋਈ ਬੁਰਾਈ ਨਹੀਂ। ਮੁਸ਼ਕਲ ਹਾਲਾਤਾਂ ਵਿੱਚ ਦੂਜਾ ਰਾਹ ਸਮਝਦਾਰੀ ਹੈ। ਪਰ ਸਮੱਸਿਆ ਉਸ ਵੇਲੇ ਪੈਦਾ ਹੁੰਦੀ ਹੈ, ਜਦੋਂ ਪਲੈਨ ਬੀ ਸਾਡੇ ਮਨ ਵਿੱਚ ਪਲੈਨ ਏ ਤੋਂ ਪਹਿਲਾਂ ਹੀ ਜਗ੍ਹਾ ਬਣਾ ਲੈਂਦਾ ਹੈ। ਜਦੋਂ ਅਸੀਂ ਆਪਣੇ ਆਪ ਨੂੰ ਇਹ ਕਹਿਣ ਲੱਗ ਪੈਂਦੇ ਹਾਂ“ਜੇ ਇਹ ਨਾ ਹੋਇਆ ਤਾਂ ਹੋਰ ਕੁਝ ਕਰ ਲਵਾਂਗੇ”ਤਾਂ ਕਈ ਵਾਰ ਸਾਡੀ ਮਿਹਨਤ ਦੀ ਤੀਬਰਤਾ, ਫ਼ੈਸਲੇ ਦੀ ਦ੍ਰਿੜਤਾ ਅਤੇ ਮੰਜ਼ਿਲ ਪ੍ਰਤੀ ਵਚਨਬੱਧਤਾ ਮੱਠੀ ਪੈ ਜਾਂਦੀ ਹੈ। ਸਫ਼ਲਤਾ ਲਈ ਸਿਰਫ਼ ਸੁਪਨਾ ਕਾਫ਼ੀ ਨਹੀਂ ਹੁੰਦਾ। ਉਸ ਸੁਪਨੇ ਨਾਲ ਇੱਕ ਸਪਸ਼ਟ ਦਿਸ਼ਾ, ਲਗਾਤਾਰ ਮਿਹਨਤ, ਅਸਫਲਤਾਵਾਂ ਨੂੰ ਸਹਿਣ ਦੀ ਸਮਰੱਥਾ ਅਤੇ ਮੰਜ਼ਿਲ ਤੱਕ ਪਹੁੰਚਣ ਦਾ ਜਜ਼ਬਾ ਵੀ ਲੋੜੀਂਦਾ ਹੈ। ਜੇ ਹਰ ਮੁਸ਼ਕਲ ਮੋੜ ’ਤੇ ਸਾਡੇ ਕੋਲ ਤੁਰੰਤ ਦੂਜਾ ਰਸਤਾ ਤਿਆਰ ਹੋਵੇ, ਤਾਂ ਪਹਿਲੇ ਰਸਤੇ ’ਤੇ ਪੂਰੀ ਤਾਕਤ ਨਾਲ ਤੁਰਨ ਦੀ ਲੋੜ ਮਹਿਸੂਸ ਨਹੀਂ ਹੁੰਦੀ।

ਜ਼ਰਾ ਉਸ ਸਰਜਨ ਬਾਰੇ ਸੋਚੋ ਜੋ ਕਿਸੇ ਗੰਭੀਰ ਮਰੀਜ਼ ਦੀ ਜ਼ਿੰਦਗੀ ਬਚਾਉਣ ਲਈ ਅਪਰੇਸ਼ਨ ਥੀਏਟਰ ਵਿੱਚ ਜਾਂਦਾ ਹੈ। ਉਸਦਾ ਧਿਆਨ ਇਸ ਗੱਲ ’ਤੇ ਨਹੀਂ ਹੁੰਦਾ ਕਿ “ਜੇ ਇਹ ਅਪਰੇਸ਼ਨ ਕਾਮਯਾਬ ਨਾ ਹੋਇਆ ਤਾਂ ਕੀ ਕਰਾਂਗੇ?” ਉਸਦੀ ਪਹਿਲੀ ਜ਼ਿੰਮੇਵਾਰੀ ਹੁੰਦੀ ਹੈ ਆਪਣੀ ਪੂਰੀ ਕਾਬਲੀਅਤ, ਤਜਰਬੇ ਅਤੇ ਤਿਆਰੀ ਨਾਲ ਸਰਜਰੀ ਨੂੰ ਸਫ਼ਲ ਬਣਾਉਣਾ। ਬੇਸ਼ੱਕ ਆਧੁਨਿਕ ਇਲਾਜ ਵਿੱਚ ਐਮਰਜੈਂਸੀ ਪ੍ਰੋਟੋਕੋਲ ਅਤੇ ਬਦਲਵਾਂ ਪ੍ਰਬੰਧ ਹੁੰਦਾ ਹੈ , ਪਰ ਉਹ ਮੁੱਖ ਟੀਚੇ ਦਾ ਬਦਲ ਨਹੀਂ ਹੁੰਦੇ।

ਇਤਿਹਾਸ ਵਿੱਚ ਅਨੇਕਾਂ ਖੋਜਕਾਰਾਂ ਅਤੇ ਉਦਯੋਗਪਤੀਆਂ ਦੀ ਕਹਾਣੀ ਸਾਨੂੰ ਇਹੀ ਸਬਕ ਦਿੰਦੀ ਹੈ ਕਿ ਅਸਫਲਤਾ ਦੇ ਬਾਵਜੂਦ ਮੰਜ਼ਿਲ ਤੋਂ ਨਜ਼ਰ ਨਹੀਂ ਹਟਣੀ ਚਾਹੀਦੀ। ਥਾਮਸ ਐਡੀਸਨ ਨੇ ਬਿਜਲੀ ਦੇ ਬਲਬ ਨੂੰ ਇਜਾਤ ਕਰਨ ਲਈ ਅਨੇਕਾਂ ਪ੍ਰਯੋਗ ਕੀਤੇ। ਰਾਈਟ ਭਰਾਵਾਂ ਨੇ ਹਵਾਈ ਜਹਾਜ਼ ਦੀ ਉਡਾਣ ਨੂੰ ਹਕੀਕਤ ਬਣਾਉਣ ਲਈ ਲੰਬੇ ਸਮੇਂ ਤੱਕ ਪ੍ਰਯੋਗ ਅਤੇ ਨਾਕਾਮੀਆਂ ਦਾ ਸਾਹਮਣਾ ਕੀਤਾ। ਉਨ੍ਹਾਂ ਦੀ ਕਾਮਯਾਬੀ ਦਾ ਰਾਜ ਇਹ ਨਹੀਂ ਸੀ ਕਿ ਉਹ ਕਦੇ ਨਾਕਾਮ ਨਹੀਂ ਹੋਏ ਸਗੋਂ ਰਾਜ ਇਹ ਸੀ ਕਿ ਅਸਫਲਤਾ ਨੇ ਉਨ੍ਹਾਂ ਦੀ ਮੰਜ਼ਿਲ ਨਹੀਂ ਬਦਲੀ।

ਇੱਥੇ ਇੱਕ ਮਹੱਤਵਪੂਰਨ ਫ਼ਰਕ ਸਮਝਣਾ ਜ਼ਰੂਰੀ ਹੈ। ਪਲੈਨ ਬੀ ਰੱਖਣਾ ਅਤੇ ਪਲੈਨ ਏ ’ਤੇ ਪੁਰਣ ਵਿਸ਼ਵਾਸ ਨਾ ਕਰਨਾ, ਦੋ ਵੱਖਰੀਆਂ ਗੱਲਾਂ ਹਨ। ਸਮਝਦਾਰ ਵਿਅਕਤੀ ਜੋਖਮਾਂ ਨੂੰ ਪਛਾਣਦਾ ਹੈ, ਪਰ ਦ੍ਰਿੜ ਵਿਅਕਤੀ ਮੁਸ਼ਕਲਾਂ ਦੇ ਬਾਵਜੂਦ ਆਪਣੀ ਮੰਜ਼ਿਲ ਨਾਲ ਜੁੜਿਆ ਰਹਿੰਦਾ ਹੈ। ਅਸਲ ਜਿੱਤ ਉਸ ਵੇਲੇ ਸ਼ੁਰੂ ਹੁੰਦੀ ਹੈ ਜਦੋਂ ਮਨ ਵਿੱਚ ਬਹਾਨਿਆਂ ਦੀ ਥਾਂ ਪੱਕਾ ਇਰਾਦਾ ਜਨਮ ਲੈਂਦਾ ਹੈ। ਜਦੋਂ ਰਸਤੇ ਵਿੱਚ ਕੰਡੇ ਆਉਣ ਤਾਂ ਅਸੀਂ ਰਸਤਾ ਛੱਡਣ ਦੀ ਬਜਾਏ ਜੁੱਤੀ ਮਜ਼ਬੂਤ ਕਰਦੇ ਹਾਂ। ਜਦੋਂ ਦਰਵਾਜ਼ਾ ਬੰਦ ਹੋਵੇ ਤਾਂ ਖੜਕਾਉਣਾ ਛੱਡਣ ਦੀ ਬਜਾਏ ਹੋਰ ਮਜ਼ਬੂਤੀ ਨਾਲ ਕੋਸ਼ਿਸ਼ ਕਰਦੇ ਹਾਂ।

ਇਸ ਲਈ ਪਲੈਨ ਏ ਬਣਾਓ, ਉਸਨੂੰ ਤਰਕ, ਤਿਆਰੀ ਅਤੇ ਮਿਹਨਤ ਨਾਲ ਮਜ਼ਬੂਤ ਕਰੋ। ਜੋਖਮਾਂ ਲਈ ਬੈਕਅੱਪ ਜ਼ਰੂਰ ਰੱਖੋ, ਪਰ ਉਸਨੂੰ ਆਪਣੀ ਕਮਜ਼ੋਰੀ ਨਾ ਬਣਨ ਦਿਓ। ਮੰਜ਼ਿਲ ਇੱਕ ਹੋਵੇ, ਨੀਅਤ ਸਾਫ਼ ਹੋਵੇ, ਮਿਹਨਤ ਇਮਾਨਦਾਰ ਹੋਵੇ ਅਤੇ ਨਾਕਾਮੀ ਨੂੰ ਅੰਤ ਨਹੀਂ, ਸਿੱਖਿਆ ਸਮਝਿਆ ਜਾਵੇ। ਕਿਉਂਕਿ ਕਈ ਵਾਰ ਸਫ਼ਲਤਾ ਅਤੇ ਨਾਕਾਮੀ ਦੇ ਵਿਚਕਾਰ ਸਿਰਫ਼ ਇੱਕ ਫ਼ਰਕ ਹੁੰਦਾ ਹੈ। ਕਿਸੇ ਨੇ ਪਹਿਲੀ ਮੁਸ਼ਕਲ ’ਤੇ ਹੀ ਪਲੈਨ ਬਦਲ ਦਿੱਤਾ ਅਤੇ ਕਿਸੇ ਨੇ ਆਪਣੀ ਮੰਜ਼ਿਲ ਤੱਕ ਪਹੁੰਚਣ ਤੱਕ ਕੋਸ਼ਿਸ਼ ਨਹੀਂ ਛੱਡੀ। ਪਲੈਨ ਬੀ ਨੂੰ ਸਹਾਰਾ ਬਣਾਓ, ਪਲੈਨ ਏ ਦਾ ਬਦਲ ਨਹੀਂ। ਮੰਜ਼ਿਲ ’ਤੇ ਨਜ਼ਰ ਰੱਖੋ, ਰਾਹ ਦੀਆਂ ਮੁਸ਼ਕਲਾਂ ’ਤੇ ਨਹੀਂ।

ਛੱਤਰਪਾਲ ਸਿੰਘ

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments